ਤਿੰਨ ਭਾਰਤੀ ਨਿਊਜ਼ੀਲੈਂਡ ਦੀ ਸੰਸਦ ਦੇ ਮੈਂਬਰ ਬਣੇ

ਤਿੰਨ ਭਾਰਤੀ ਨਿਊਜ਼ੀਲੈਂਡ ਦੀ ਸੰਸਦ ਦੇ ਮੈਂਬਰ ਬਣੇ

ਪਰਮਜੀਤ  ਪਰਮਾਰ, ਕੰਵਲਜੀਤ ਸਿੰਘ ਬਖ਼ਸ਼ੀ, ਪ੍ਰਿਅੰਕਾ ਰਾਧਾਕ੍ਰਿਸ਼ਨਨ
ਜਗਰਾਉਂ/ਬਿਊਰੋ ਨਿਊਜ਼:
ਨਿਊਜ਼ੀਲੈਂਡ ਵਿੱਚ ਹੋਈਆਂ ਸੰਸਦੀ ਚੋਣਾਂ ਵਿੱਚ ਤਿੰਨ ਭਾਰਤੀਆਂ ਡਾ. ਪਰਮਜੀਤ ਪਰਮਾਰ, ਕੰਵਲਜੀਤ ਸਿੰਘ ਬਖ਼ਸ਼ੀ ਅਤੇ ਪ੍ਰਿਅੰਕਾ ਰਾਧਾਕ੍ਰਿਸ਼ਨਨ ਨੂੰ ਜਿੱਤ ਨਸੀਬ ਹੋਈ ਹੈ। ਡਾ. ਪਰਮਜੀਤ ਪਰਮਾਰ ਦਾ ਜਗਰਾਉਂ ਨਾਲ ਨਜ਼ਦੀਕੀ ਸਬੰਧ ਹੈ। ਉਨ੍ਹਾਂ ਦੇ ਰਿਸ਼ਤੇਦਾਰ ਉੱਘੇ ਸਮਾਜ ਸੇਵੀ ਤੇ ਪ੍ਰਿੰਸ ਜਿਊਲਰਜ਼ ਦੇ ਮਾਲਕ ਹਿੰਮਤ ਵਰਮਾ ਨੂੰ ਅੱਜ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਦਾਖਾ ਤੋਂ ਵਿਧਾਇਕ ਐਚ ਐਸ ਫੂਲਕਾ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਡਾ. ਪਰਮਾਰ ਦੀ ਭੈਣ ਰਜਨੀ ਵਰਮਾ ਤੇ ਜੀਜਾ ਰੌਕੀ ਵਰਮਾ ਇਥੇ ਰਹਿੰਦੇ ਹਨ, ਜਿਹੜੇ ਡਾ. ਪਰਮਾਰ ਦੀ 2014 ਦੀ ਪਹਿਲੀ ਚੋਣ ਸਮੇਂ ਪ੍ਰਚਾਰ ਵਿੱਚ ਮੱਦਦ ਕਰਕੇ ਵੀ ਆਏ ਸਨ। ਹਿੰਮਤ ਵਰਮਾ ਨੇ ਦੱਸਿਆ ਕਿ ਡਾ. ਪਰਮਜੀਤ ਪਰਮਾਰ ਨੇ ਨੈਸ਼ਨਲ ਪਾਰਟੀ ਦੀ ਟਿਕਟ ‘ਤੇ ਦੂਜੀ ਵਾਰ ਨਿਊਜ਼ੀਲੈਂਡ ‘ਚ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੀ ਹੈ। ਉਨ੍ਹਾਂ ਨੂੰ ਨਿਊਜ਼ੀਲੈਂਡ ਵਿੱਚ ਪਹਿਲੀ ਭਾਰਤੀ ਮਹਿਲਾ ਸੰਸਦ ਮੈਂਬਰ ਬਣਨ ਦਾ ਮਾਣ ਹਾਸਲ ਹੈ। ਇਸ ਤੋਂ ਪਹਿਲਾਂ ਡਾ. ਪਰਮਾਰ ਨਿਊਜ਼ੀਲੈਂਡ ਦੇ ਫੈਮਿਲੀ ਕਮਿਸ਼ਨ ਦੀ ਚੇਅਰਪਰਸਨ ਵਜੋਂ ਸਫ਼ਲਤਾਪੂਰਬਕ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਰਮਜੀਤ ਪਰਮਾਰ 1995 ਵਿੱਚ ਆਪਣੇ ਪਤੀ ਸਮੇਤ ਆਕਲੈਂਡ (ਨਿਊਜ਼ੀਲੈਂਡ) ਚਲੇ ਗਏ ਸਨ। ਉਨ੍ਹਾਂ ਪੂਣੇ ਯੂਨੀਵਰਸਿਟੀ ਤੋਂ ਬਾਇਓ ਕੈਮਿਸਟਰੀ ਵਿੱਚ ਮਾਸਟਰ ਡਿਗਰੀ ਕਰਨ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਬਾਇਓਲੋਜੀਕਲ ਸਾਇੰਸਿਜ਼ ਵਿੱਚ ਪੀਐਚਡੀ ਕੀਤੀ। ਇਸੇ ਤਰ੍ਹਾਂ ਨਿਊਜ਼ੀਲੈਂਡ ਵਿੱਚ ਭਾਰਤੀ ਮੂਲ ਦੇ ਕੰਵਲਜੀਤ ਸਿੰਘ ਬਖ਼ਸ਼ੀ ਅਤੇ ਪ੍ਰਿਅੰਕਾ ਰਾਧਾਕ੍ਰਿਸ਼ਨਨ ਸੰਸਦ ਮੈਂਬਰ ਵਜੋਂ ਚੁਣੇ ਗਏ ਹਨ। ਸ੍ਰੀ ਬਖ਼ਸ਼ੀ ਚੌਥੀ ਵਾਰ ਮੈਂਬਰ ਪਾਰਲੀਮੈਂਟ ਬਣੇ ਹਨ ਜਦਕਿ 38 ਸਾਲਾ ਪ੍ਰਿਅੰਕਾ ਲੇਬਰ ਪਾਰਟੀ ਵੱਲੋਂ ਉਥੋਂ ਦੀ ਸੰਸਦ ਵਿੱਚ ਪਹੁੰਚਣ ਵਿੱਚ ਸਫ਼ਲ ਹੋਈ ਹੈ। ਸ੍ਰੀ ਬਖ਼ਸ਼ੀ ਨੂੰ ਨਿਊਜ਼ੀਲੈਂਡ ‘ਚ ਪਹਿਲੇ ਭਾਰਤੀ ਅਤੇ ਪਹਿਲੇ ਸਿੱਖ ਮੈਂਬਰ ਪਾਰਲੀਮੈਂਟ ਹੋਣ ਦਾ ਮਾਣ ਹਾਸਲ ਹੈ। ਦਿੱਲੀ ਦੇ ਜਨਮੇ ਅਤੇ ਦਿੱਲੀ ਯੂਨੀਵਰਸਿਟੀ ਤੋਂ ਗਰੈਜੂਏਟ ਸ੍ਰੀ ਬਖ਼ਸ਼ੀ 2008 ਵਿੱਚ ਪਹਿਲੀ ਵਾਰ ਐਮਪੀ ਬਣੇ ਸਨ। ਪ੍ਰਿਅੰਕਾ ਰਾਧਾਕ੍ਰਿਸ਼ਨਨ ਕੇਰਲਾ ਨਾਲ ਸਬੰਧਤ ਦੱਸੇ ਜਾਂਦੇ ਹਨ ਜੋ ਸਿੰਗਾਪੁਰ ਤੋਂ ਨਿਊਜ਼ੀਲੈਂਡ ਪਹੁੰਚੇ ਤੇ ਉਥੇ ਵਿਕਟੋਰੀਆ ਯੂਨੀਵਰਸਿਟੀ ਤੋਂ ਉੱਚ ਵਿਦਿਆ ਹਾਸਲ ਕਰਨ ਉਪਰੰਤ ਸਿਆਸਤ ਵਿੱਚ ਆਏ।