‘ਪਾਪਾ ਦੀ ਪਰੀ’ ਦੇ ਟੁੱਟੇ ਖੰਭ, ਪੁੱਜੀ ਗੁਰੂਸਰ ਮੋਡੀਆ

‘ਪਾਪਾ ਦੀ ਪਰੀ’ ਦੇ ਟੁੱਟੇ ਖੰਭ, ਪੁੱਜੀ ਗੁਰੂਸਰ ਮੋਡੀਆ

ਬਠਿੰਡਾ/ਬਿਊਰੋ ਨਿਊਜ਼ :
ਰੋਹਤਕ ਜੇਲ੍ਹ ਵਿਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਧੀ ਤੇ ਖ਼ੁਦ ਨੂੰ ‘ਪਾਪਾ ਦੀ ਪਰੀ’ ਦਸਦੀ ਹਨੀਪ੍ਰੀਤ ਇੰਸਾਂ ਪਿੰਡ ਗੁਰੂਸਰ ਮੋਡੀਆ (ਹਨੂੰਮਾਨਗੜ੍ਹ) ਪਹੁੰਚ ਗਈ ਹੈ, ਜਿਸ ਦਾ ਡੇਰਾ ਮੁਖੀ ਨੂੰ ਸਜ਼ਾ ਹੋਣ ਮਗਰੋਂ ਕੋਈ ਥਹੁ ਪਤਾ ਨਹੀਂ ਲੱਗ ਰਿਹਾ ਸੀ। ਹਨੂੰਮਾਨਗੜ੍ਹ ਦੇ ਐਸਪੀ ਨੇ ਪਿੰਡ ਗੁਰੂਸਰ ਮੋਡੀਆ ਦੇ ਡੇਰਾ ਆਗੂਆਂ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਵੀ ਬਾਹਰੀ ਵਿਅਕਤੀ ਨੂੰ ਡੇਰਾ ਮੁਖੀ ਦੇ ਪਰਿਵਾਰ ਨਾਲ ਨਾ ਮਿਲਾਇਆ ਜਾਵੇ। ਸੂਤਰਾਂ ਅਨੁਸਾਰ ਹਨੀਪ੍ਰੀਤ ਪਿੰਡ ਗੁਰੂਸਰ ਮੋਡੀਆ ਪੁੱਜੀ। ਡੇਰਾ ਮੁਖੀ ਦੀਆਂ ਦੋਵੇਂ ਧੀਆਂ ਚਰਨਪ੍ਰੀਤ ਕੌਰ ਇੰਸਾਂ ਤੇ ਅਮਰਪ੍ਰੀਤ ਕੌਰ ਇੰਸਾਂ ਵੀ ਗੁਰੂਸਰ ਮੋਡੀਆ ਪੁੱਜ ਗਈਆਂ ਹਨ। ਸੂਤਰਾਂ ਮੁਤਾਬਕ ਡੇਰਾ ਮੁਖੀ ਦਾ ਸਾਰਾ ਪਰਿਵਾਰ ਹੁਣ ਗੁਰੂਸਰ ਮੋਡੀਆ ਦੀ ਢਾਣੀ ਵਿਚਲੇ ਮਕਾਨ ਵਿਚ ਹੈ ਜਦੋਂ ਕਿ ਵਿਪਾਸਨਾ ਇੱਥੋਂ ਗੈਰਹਾਜ਼ਰ ਹੈ। ਸ੍ਰੀ ਗੰਗਾਨਗਰ ਜ਼ਿਲ੍ਹੇ ਦਾ ਇਕ ਭਾਜਪਾ ਆਗੂ ਡੇਰਾ ਮੁਖੀ ਦੇ ਪਰਿਵਾਰ ਨੂੰ ਮਿਲਣ ਆਇਆ ਸੀ ਪਰ ਡੇਰਾ ਪੈਰੋਕਾਰਾਂ ਨੇ ਇਸ ਆਗੂ ਨੂੰ ਪਰਿਵਾਰ ਨਾਲ ਮਿਲਾਉਣ ਤੋਂ ਇਨਕਾਰ ਕਰ ਦਿੱਤਾ। ਪਰਿਵਾਰ ਨਾਮੋਸ਼ੀ ਵਿੱਚ ਹੈ ਅਤੇ ਫ਼ਿਲਹਾਲ ਕਿਸੇ ਵੀ ਪਰਿਵਾਰਕ ਮੈਂਬਰ ਨੇ ਰੋਹਤਕ ਜੇਲ੍ਹ ਵਿਚ ਡੇਰਾ ਮੁਖੀ ਨਾਲ ਮੁਲਾਕਾਤ ਦਾ ਪ੍ਰੋਗਰਾਮ ਨਹੀਂ ਬਣਾਇਆ ਹੈ।