ਨਿਪੁੰਸਕ ਮਾਮਲਾ- ਆਖ਼ਰੀ ਸਾਹਾਂ ਤਕ ਲੜਾਂਗਾ ਡੇਰਾ ਮੁਖੀ ਖ਼ਿਲਾਫ਼ ਕਾਨੂੰਨੀ ਲੜਾਈ : ਹੰਸ ਰਾਜ ਚੌਹਾਨ

ਨਿਪੁੰਸਕ ਮਾਮਲਾ- ਆਖ਼ਰੀ ਸਾਹਾਂ ਤਕ ਲੜਾਂਗਾ ਡੇਰਾ ਮੁਖੀ ਖ਼ਿਲਾਫ਼ ਕਾਨੂੰਨੀ ਲੜਾਈ : ਹੰਸ ਰਾਜ ਚੌਹਾਨ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਨਵਕਿਰਨ ਸਿੰਘ, ਹੰਸ ਰਾਜ ਚੌਹਾਨ (ਐਨ ਸੱਜੇ) ਅਤੇ ਗੁਰਦਾਸ ਸਿੰਘ ਤੂਰ।

ਚੰਡੀਗੜ੍ਹ/ਬਿਊਰੋ ਨਿਊਜ਼ :
ਡੇਰਾ ਸਿਰਸਾ ਵਿੱਚ ਸੇਵਾਦਾਰ (ਸਾਧੂ) ਰਹਿ ਚੁੱਕੇ ਹੰਸ ਰਾਜ ਚੌਹਾਨ ਨੇ ਆਪਣੀ ਵਿਥਿਆ ਸੁਣਾਉਂਦਿਆਂ ਦੱਸਿਆ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਬਰਫ਼ੀ ਖੁਆ ਕੇ ਉਸ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਸੀ। ਉਸ ਨੇ ਕਿਹਾ ਕਿ ਉਹ ਆਖ਼ਰੀ ਸਾਹਾਂ ਤੱਕ ਡੇਰਾ ਮੁਖੀ ਵਿਰੁੱਧ ਕਾਨੂੰਨੀ ਲੜਾਈ ਲੜੇਗਾ।
ਵਕੀਲਾਂ ਦੀ ਮਨੁੱਖੀ ਅਧਿਕਾਰ ਸੰਸਥਾ ਦੇ ਜਨਰਲ ਸਕੱਤਰ ਐਡਵੋਕੇਟ ਨਵਕਿਰਨ ਸਿੰਘ ਸਮੇਤ ਮੀਡੀਆ ਨਾਲ ਗੱਲਬਾਤ ਕਰਦਿਆਂ ਹੰਸ ਰਾਜ ਚੌਹਾਨ ਨੇ ਦੱਸਿਆ ਕਿ ਉਸ ਦੇ ਮਾਪੇ ਡੇਰਾ ਮੁਖੀ ਦੇ ਪੈਰੋਕਾਰ ਸਨ ਤੇ ਉਹ ਉਸ ਨੂੰ ਵੀ 17 ਸਾਲ ਦੀ ਉਮਰ (1996) ਵਿੱਚ ਡੇਰੇ ਲੈ ਗਏ ਸਨ, ਜਿੱਥੇ ਰਾਮ ਰਹੀਮ ਨੇ ਉਸ ਨੂੰ ਬਰਫੀ ਦੀਆਂ ਦੋ ਟਿੱਕੀਆਂ ਖੁਆ ਕੇ ਸਾਧੂ ਬਣਾ ਦਿੱਤਾ। ਉਸ ਦੀ ਡੇਰੇ ਵਿੱਚ ਸਾਊਂਡ ਸਿਸਟਮ ‘ਤੇ ਡਿਊਟੀ ਲਾ ਦਿੱਤੀ ਤੇ ਉਸ ਨੂੰ ਭਜਨ ਮੰਡਲੀ ਦਾ ਮੈਂਬਰ ਬਣਾ ਦਿੱਤਾ ਗਿਆ। ਸ੍ਰੀ ਚੌਹਾਨ ਨੇ ਖ਼ੁਲਾਸਾ ਕੀਤਾ ਕਿ ਡੇਰਾ ਮੁਖੀ ਨੇ ਆਪਣੇ ਡੇਰੇ ਦੇ ਸਾਧੂਆਂ ਨੂੰ ਨਿਪੁੰਸਕ ਬਣਾ ਕੇ ਪਰਮਾਤਮਾ ਦੇ ਨੇੜੇ ਕਰਨ ਦਾ ਢੋਂਗ ਰਚਣ ਤੋਂ ਪਹਿਲਾਂ ਇੱਕ ਘੋੜੇ ਦਾ ਅਜਿਹਾ ਅਪਰੇਸ਼ਨ ਕਰਵਾਇਆ ਸੀ, ਜਿਸ ਦੀ ਮੌਤ ਹੋ ਗਈ ਸੀ। ਇਸ ਦੇ ਬਾਵਜੂਦ ਉਸ ਨੇ ਸਾਧੂਆਂ ਨੂੰ ਨਿਪੁੰਸਕ ਬਣਾਉਣ ਦੀ ਕਾਰਵਾਈ ਵਿੱਢ ਦਿੱਤੀ ਤੇ 2002 ਵਿੱਚ ਉਸ ਨੂੰ ਵੀ ਨਿਪੁੰਸਕ ਬਣਾ ਦਿੱਤਾ। ਚੌਹਾਨ ਨੇ ਭੁੱਬਾਂ ਮਾਰਦਿਆਂ ਦੱਸਿਆ ਕਿ ਜਦੋਂ ਅਪਰੇਸ਼ਨ ਦੇ ਤੀਜੇ ਦਿਨ ਪੱਟੀ ਖੁੱਲ੍ਹੀ ਤਾਂ ਉਹ ਸਮਝ ਗਿਆ ਸੀ ਕਿ ਹੁਣ ਉਸ ਦੀ ਜ਼ਿੰਦਗੀ ਨਰਕ ਬਣ ਚੁੱਕੀ ਹੈ। ਨਿਪੁੰਸਕ ਕਰਨ ਤੋਂ ਬਾਅਦ ਡੇਰਾ ਮੁਖੀ ਨੇ ਉਸ ਨੂੰ ਜੱਫੀ ਪਾ ਲਈ ਤੇ ਕਿਹਾ ਕਿ ਹੁਣ ਉਹ ਉਸ ਦਾ ਸੱਚਾ ਭਗਤ ਬਣ ਗਿਆ ਹੈ। ਉਹ ਸੱਤ ਸਾਲ ਡੇਰੇ ਵਿੱਚ ਨਰਕ ਭਰੀ ਜ਼ਿੰਦਗੀ ਜਿਊਂਦਾ ਰਿਹਾ ਤੇ ਅਖ਼ੀਰ ਅਕਤੂਬਰ 2009 ਵਿੱਚ ਕਿਸੇ ਤਰ੍ਹਾਂ ਡੇਰੇ ਤੋਂ ਖਹਿੜਾ ਛੁਡਾ ਕੇ ਘਰ ਆ ਗਿਆ। ਇਸ ਦੇ ਬਾਵਜੂਦ ਡੇਰਾ ਮੁਖੀ ਦੇ ਬੰਦੇ ਘਰ ਆ ਕੇ ਉਸ ਨੂੰ ਸਕੂਲ ਦਾ ਪ੍ਰਿੰਸੀਪਲ ਬਣਾਉਣ ਤੇ ਹੋਰ ਵੱਡੀ ਜ਼ਿੰਮੇਵਾਰੀ ਦੇਣ ਦਾ ਲਾਲਚ ਦਿੰਦੇ ਰਹੇ, ਪਰ ਉਹ ਅੰਦਰੋਂ ਟੁੱਟ ਚੁੱਕਿਆ ਸੀ। ਉਸ ਨੇ ਕਿਸੇ ਤਰ੍ਹਾਂ ਆਪਣੇ-ਆਪ ਨੂੰ ਸੰਗੀਤ ਦੇ ਰਾਹ ਪਾ ਕੇ ਆਪਣੀ ਜ਼ਿੰਦਗੀ ਰੋੜ੍ਹੀ। ਉਸ ਦੇ ਮਾਤਾ-ਪਿਤਾ ਪਿਛਲੇ ਵਰ੍ਹੇ ਅਪ੍ਰੈਲ ਵਿੱਚ ਚਲਾਣਾ ਕਰ ਗਏ। ਸ੍ਰੀ ਚੌਹਾਨ ਨੇ ਦੱਸਿਆ ਕਿ ਡੇਰਾ ਮੁਖੀ ਇਸ ਕਰ ਕੇ ਸਾਧੂਆਂ ਨੂੰ ਨਿਪੁੰਸਕ ਬਣਾਉਂਦਾ ਸੀ ਕਿ ਉਹ ਸਿਰਫ਼ ਡੇਰੇ ਜੋਗੇ ਰਹਿ ਜਾਣ ਤੇ ਉਨ੍ਹਾਂ ਦੀ ਮੰਗ ਸਿਰਫ਼ ਰੋਟੀ-ਕੱਪੜੇ ਤੱਕ ਹੀ ਸੀਮਤ ਹੋ ਜਾਵੇ।
4 ਸਾਲ ਡੇਰੇ ਵਿੱਚ ਸੇਵਾਦਾਰ ਰਹਿਣ ਮਗਰੋਂ ਆਪਣੇ ਪਿਤਾ ਸਮੇਤ ਡੇਰੇ ਤੋਂ ਬਚ ਕੇ ਨਿਕਲੇ ਗੁਰਦਾਸ ਸਿੰਘ ਤੂਰ ਨੇ ਦੱਸਿਆ ਕਿ ਉਸ ਦੀ ਉਥੇ ਪ੍ਰਿੰਟਿੰਗ ਪ੍ਰੈੱਸ ਵਿੱਚ ਡਿਊਟੀ ਲਗਦੀ ਸੀ ਅਤੇ ਕੰਮ ਦੇ ਸਬੰਧ ਵਿੱਚ ਉਸ ਦੀ ਤਕਰੀਬਨ ਰੋਜ਼ਾਨਾ ਡੇਰਾ ਮੁਖੀ ਨਾਲ ਮੁਲਾਕਾਤ ਹੁੰਦੀ ਸੀ। ਉਸ ਨੇ ਇੱਕ ਦਿਨ ਬਾਬੇ ਵੱਲੋਂ ਕੁਲਦੀਪ ਸਿੰਘ ਤੇ ਨਿਰਮਲ ਸਿੰਘ ਨੂੰ ਪਿਸਤੌਲ ਚਲਾਉਣ ਦੀ ਸਿਖਲਾਈ ਦਿੰਦਿਆਂ ਦੇਖਿਆ ਅਤੇ ਕੁਝ ਦਿਨਾਂ ਬਾਅਦ ਹੀ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਦੇ ਕਤਲ ਵਿੱਚ ਪੁਲੀਸ ਵੱਲੋਂ ਕੁਲਦੀਪ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਮਗਰੋਂ ਉਸ ਨੇ ਤੁਰੰਤ ਡੇਰਾ ਛੱਡ ਦਿੱਤਾ। ਸ੍ਰੀ ਤੂਰ ਨੇ ਦਾਅਵਾ ਕੀਤਾ ਕਿ ਡੇਰੇ ਵਿੱਚ ਏਕੇ 47 ਦਾ ਵੱਡਾ ਜ਼ਖੀਰਾ ਹੈ। ਉਸ ਨੇ ਦੋਸ਼ ਲਾਇਆ ਕਿ ਡੇਰਾ ਮੁਖੀ ਬਹੁਤ ਯੋਜਨਾਬੱਧ ਢੰਗ ਨਾਲ ਸਾਧਵੀਆਂ ਨੂੰ ਭਰਮਾਉਂਦਾ ਸੀ।
ਐਡਵੋਕੇਟ ਨਵਕਿਰਨ ਸਿੰਘ ਨੇ ਦੱਸਿਆ ਕਿ ਕੁੱਲ 400 ਵਿਚੋਂ ਨਿਪੁੰਸਕ ਕੀਤੇ 166 ਸਾਧੂਆਂ ਦੀ ਸੂਚੀ ਹਾਈ ਕੋਰਟ ਨੂੰ ਦੇ ਦਿੱਤੀ ਹੈ ਅਤੇ ਸੀਬੀਆਈ ਵੱਲੋਂ ਅਕਤੂਬਰ ਵਿੱਚ ਆਪਣੀ ਅੰਤਿਮ ਰਿਪੋਰਟ ਹਾਈ ਕੋਰਟ ਵਿੱਚ ਪੇਸ਼ ਕਰਨ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੱਤਰਕਾਰ ਛਤਰਪਤੀ ਤੇ ਰਣਜੀਤ ਸਿੰਘ ਦੇ ਕਤਲ ਸਮੇਤ ਡੇਰਾ ਮੁਖੀ ਵੱਲੋਂ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਉਣ ਦੇ ਮਾਮਲੇ ਵਿੱਚ ਵੀ ਕੇਸ ਮੁੜ ਖੁੱਲ੍ਹਵਾ ਰਹੇ ਹਨ।