ਰਾਜ ਮਾਤਾ ਮਹਿੰਦਰ ਕੌਰ ਨੂੰ ਸ਼ਰਧਾਂਜਲੀਆਂ

ਰਾਜ ਮਾਤਾ ਮਹਿੰਦਰ ਕੌਰ ਨੂੰ ਸ਼ਰਧਾਂਜਲੀਆਂ

ਪਟਿਆਲਾ/ਬਿਊਰੋ ਨਿਊਜ਼ :
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਮਹਿੰਦਰ ਕੌਰ (ਰਾਜ ਮਾਤਾ) ਨਮਿਤ ਸ਼ਰਧਾਂਜਲੀ ਸਮਾਗਮ ਇੱਥੇ ‘ਨਿਊ ਮੋਤੀ ਬਾਗ ਪੈਲੇਸ’ ਕਰਾਇਆ ਗਿਆ, ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਪੰਜਾਬ ਦੇ ਮੰਤਰੀਆਂ, ਵਿਧਾਇਕਾਂ, ਕਾਂਗਰਸੀ ਆਗੂਆਂ ਤੋਂ ਇਲਾਵਾ ਹੋਰ ਪਾਰਟੀਆਂ ਦੇ ਨੇਤਾ ਵੀ ਪੁੱਜੇ। ਬੁਲਾਰਿਆਂ ਨੇ ਰਾਜ ਮਾਤਾ ਦੀਆਂ ਸਮਾਜ ਪੱਖੀ ਸੇਵਾਵਾਂ ਨੂੰ ਚੇਤੇ ਕਰਦਿਆਂ, ਉਨ੍ਹਾਂ ਨੂੰ ਬਹੁਪੱਖੀ ਸ਼ਖ਼ਸੀਅਤ ਦੀ ਮਾਲਕ ਦੱਸਿਆ। ਉਨ੍ਹਾਂ ਦੇ ਚਲਾਣੇ ਨੂੰ ਇਕ ਯੁੱਗ ਦਾ ਅੰਤ ਦੱਸਿਆ। ਸੰਸਦ ਮੈਂਬਰ ਰਹੇ ਮਾਤਾ ਮਹਿੰਦਰ ਕੌਰ ਪਟਿਆਲਾ ਦੇ ਅੰਤਲੇ ਮਹਾਰਾਜਾ ਯਾਦਵਿੰਦਰ ਸਿੰਘ ਦੀ ਪਤਨੀ ਸਨ।
ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਰਾਜਮਾਤਾ ਨੇ ਪਦਾਰਥਵਾਦੀ ਲਾਭਾਂ ਦੀ ਬਜਾਏ ਜਨਤਕ ਸਰੋਕਾਰਾਂ ਨੂੰ ਵੱਧ ਤਰਜੀਹ ਦਿੱਤੀ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਸ਼ੋਕ ਸੰਦੇਸ਼ ਵੀ ਪਰਿਵਾਰ ਨਾਲ ਸਾਂਝੇ ਕੀਤੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਇਕ ਨੇਕ ਰੂਹ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਉਨ੍ਹਾਂ ਦੀ ਸ਼ਖ਼ਸੀਅਤ ਰਾਜ ਮਾਤਾ ਤੇ ਲੋਕ ਮਾਤਾ ਦਾ ਸੰਪੂਰਨ ਮਿਸ਼ਰਨ ਸੀ। ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਉਹ ਪਵਿੱਤਰ ਆਤਮਾ ਤੇ ਮਹਾਨ ਸਮਾਜ ਸੁਧਾਰਕ ਸਨ।
ਇਸ ਮੌਕੇ ਸਟੇਜ ਸੰਚਾਲਨ ਡੀਪੀਆਰਓ ਇਸ਼ਵਿੰਦਰ ਸਿੰਘ ਗਰੇਵਾਲ ਨੇ ਕੀਤਾ। ਰਾਜ ਮਾਤਾ ਦੇ ਵੱਡੇ ਪੁੱਤਰ ਵਜੋਂ ਕੈਪਟਨ ਅਮਰਿੰਦਰ ਸਿੰਘ ਨੇ  ਦੁੱਖ ਦੀ ਇਸ ਘੜੀ ਵਿੱਚ ਸ਼ਾਮਲ ਹੋਏ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਨੀਤ ਕੌਰ, ਮਾਲਵਿੰਦਰ ਸਿੰਘ, ਹਰਪ੍ਰਿਯਾ ਕੌਰ, ਹੇਮਇੰਦਰ ਕੌਰ, ਕੁਮਾਰੀ ਰੁਪਿੰਦਰ, ਕੰਵਰ ਨਟਵਰ ਸਿੰਘ, ਮੇਜਰ ਕੰਵਲਜੀਤ ਸਿੰਘ ਢਿੱਲੋਂ,  ਗੁਰਸ਼ਰਨ ਸਿੰਘ ਜੇਜੀ, ਇੰਦਰਜੀਤ ਸਿੰਘ ਜੇਜੀ ਅਤੇ ਰਣਇੰਦਰ ਸਿੰਘ ਟਿੱਕੂ ਸਮੇਤ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਰਿਸ਼ਤੇਦਾਰਾਂ ਵਜੋਂ ਸਿਮਰਨਜੀਤ ਸਿੰਘ ਮਾਨ ਤੇ ਇਮਾਨ ਸਿੰਘ ਮਾਨ ਹਾਜ਼ਰ ਰਹੇ। ਮੁੱਖ ਮੰਤਰੀ ਦੇ ਸਲਾਹਕਾਰ ਬੀਆਈਐਸ ਚਾਹਲ, ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਓਐਸਡੀ ਐਮ.ਪੀ ਸਿੰਘ, ਹਨੀ ਸੇਖੋਂ ਤੇ ਜਗਦੀਪ ਸਿੱਧੂ ਸਮੇਤ ਕਈ ਹੋਰ ਪ੍ਰਬੰਧਾਂ ਵਿੱਚ ਰੁੱਝੇ ਨਜ਼ਰ ਆਏ। ਰਾਣਾ ਕੇ.ਪੀ. ਸਿੰਘ, ਸੁਨੀਲ ਜਾਖੜ,  ਲਾਲ ਸਿੰਘ, ਰਾਜਿੰਦਰ ਕੌਰ ਭੱਠਲ, ਅੰਬਿਕਾ ਸੋਨੀ, ਸ਼ਮਸ਼ੇਰ ਸਿੰਘ ਦੂਲੋ, ਰਵਨੀਤ ਸਿੰਘ ਬਿੱਟੂ, ਚੌਧਰੀ ਸੰਤੋਖ ਸਿੰਘ,  ਬ੍ਰਹਮ ਮਹਿੰਦਰਾ, ਮਨਪ੍ਰੀਤ ਬਾਦਲ, ਰਾਣਾ ਗੁਰਜੀਤ ਸਿੰਘ, ਸਾਧੂ ਸਿੰਘ ਧਰਮਸੋਤ, ਤ੍ਰਿਪਤ ਰਾਜਿੰਦਰ ਬਾਜਵਾ, ਚਰਨਜੀਤ ਚੰਨੀ, ਰਜ਼ੀਆ ਸੁਲਤਾਨਾ ਅਤੇ ਅਰੁਣਾ ਚੌਧਰੀ, ਹਰਦਿਆਲ ਕੰਬੋਜ, ਮਦਨ ਜਲਾਲਪੁਰ, ਰਣਦੀਪ ਸਿੰਘ ਤੇ ਵਿਜੇਇੰਦਰ ਸਿੰਗਲਾ ਨੇ ਵੀ ਸ਼ਰਧਾਂਜਲੀ ਸਮਾਗਮ ਵਿਚ ਸ਼ਿਰਕਤ ਕੀਤੀ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ, ਪਰਮਿੰਦਰ ਸਿੰਘ ਢੀਂਡਸਾ, ਸ਼ੇਰ ਸਿੰਘ ਘੁਬਾਇਆ, ਸਿਕੰਦਰ ਸਿੰਘ ਮਲੂਕਾ, ਅਜੀਤ ਸਿੰਘ ਕੋਹਾੜ, ਸੁਰਜੀਤ ਸਿੰਘ ਰੱਖੜਾ, ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ,  ਕੁਲਦੀਪ ਸਿੰਘ ਵਡਾਲਾ, ਹਰਵਿੰਦਰ ਹਰਪਾਲਪੁਰ, ਮਾਸਟਰ ਮੋਹਨ ਲਾਲ, ਹਰਦੇਵ ਅਰਸ਼ੀ, ਸੁੱਚਾ ਸਿੰਘ ਛੋਟੇਪੁਰ, ਡਾ. ਧਰਮਵੀਰ ਗਾਂਧੀ, ਐਚ.ਐਸ ਫੂਲਕਾ, ਜਗਮੀਤ ਬਰਾੜ, ਬਲਵੰਤ ਸਿੰਘ ਰਾਮੂਵਾਲੀਆ, ਇੰਦਰਜੀਤ ਸਿੰਘ ਜ਼ੀਰਾ ਤੇ ਰਵੀ ਇੰਦਰ ਸਿੰਘ ਵੀ ਪੁੱਜੇ ਹੋਏ ਸਨ। ਉਚ ਅਧਿਕਾਰੀ ਸੁਰੇਸ਼ ਕੁਮਾਰ, ਤੇਜਵੀਰ ਸਿੰਘ ਤੇ ਕਰਨ ਅਵਤਾਰ ਸਿੰਘ ਸਮੇਤ ਡੀ.ਜੀ.ਪੀ. ਸੁਰੇਸ਼ ਅਰੋੜਾ ਤੇ ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ ਨੇ ਵੀ ਹਾਜ਼ਰੀ ਲਵਾਈ।
ਖਹਿਰਾ ਨੇ ਕੈਪਟਨ ਨੂੰ ਦੱਸਿਆ ਦਰਵੇਸ਼ ਸਿਆਸਤਦਾਨ :
ਕੈਪਟਨ ਅਮਰਿੰਦਰ ਸਿੰਘ ਨੂੰ ਦਰਵੇਸ਼ ਸਿਆਸਤਦਾਨ ਦੱਸਦਿਆਂ ‘ਆਪ’ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹ ਕੁਰਬਾਨੀ ਤੇ ਤਿਆਗ ਦੇ ਪੁੰਜ ਹਨ. ਉਨ੍ਹਾਂ ਕਿਹਾ ਕਿ ਹਰਿਮੰਦਰ ਸਾਹਿਬ ‘ਤੇ ਹਮਲੇ ਦੇ ਰੋਸ ਵਜੋਂ 1984 ਵਿੱਚ ਲੋਕ ਸਭਾ ਦੀ ਮੈਂਬਰੀ ਅਤੇ 1986 ਵਿੱਚ ਵਜ਼ੀਰੀ ਤਿਆਗ ਚੁੱਕੇ ਕੈਪਟਨ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ 2005 ਵਿਚ ਮੁੱਖ ਮੰਤਰੀ ਦੀ ਕੁਰਸੀ ਦਾਅ ‘ਤੇ ਲਾ ਦਿੱਤੀ ਸੀ। ਉਮੀਦ ਹੈ ਕਿ ਉਹ ਭਵਿੱਖ ਵਿੱਚ ਵੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਤੋਂ ਪਿੱਛੇ ਨਹੀਂ ਹਟਣਗੇ।