ਹਰਿਆਣਾ ਦੀ ਗੁਰਪ੍ਰੀਤ ਕੌਰ ਬਣੀ ‘ਮਿਸ ਵਰਲਡ ਪੰਜਾਬਣ’

ਹਰਿਆਣਾ ਦੀ ਗੁਰਪ੍ਰੀਤ ਕੌਰ ਬਣੀ ‘ਮਿਸ ਵਰਲਡ ਪੰਜਾਬਣ’

ਮਿਸ ਵਰਲਡ ਪੰਜਾਬਣ ਮੁਕਾਬਲੇ ‘ਚ ਜੇਤੂ ਰਹੀਆਂ ਮੁਟਿਆਰਾਂ ਪ੍ਰਬੰਧਕਾਂ ਨਾਲ।
ਟੋਰਾਂਟੋ/ਬਿਊਰੋ ਨਿਊਜ਼
ਕੈਨੇਡਾ ‘ਚ ਪਹਿਲੀ ਵਾਰ ਹੋਏ 13ਵੇਂ ਮਿਸ ਵਰਲਡ ਪੰਜਾਬਣ ਮੁਕਾਬਲੇ ਵਿੱਚ ਹਰਿਆਣਾ ਦੀ ਗੁਰਪ੍ਰੀਤ ਕੌਰ ਨੇ ਪਹਿਲੇ ਸਥਾਨ ‘ਤੇ ਰਹਿ ਕੇ ਖ਼ਿਤਾਬ ਆਪਣੇ ਨਾਂ ਕੀਤਾ। ਦਿੱਲੀ ਦੀ ਸਿਮਰਨ ਬੰਮਰਾ ਫਸਟ ਰਨਰ ਅੱਪ ਅਤੇ ਵਿਨੀਪੈੱਗ (ਕੈਨੇਡਾ) ਦੀ ਸੁਖਦੀਪ ਕੌਰ ਸੈਕਿੰਡ ਰਨਰ ਅੱਪ ਰਹੀ।
ਇਸ ਮੁਕਾਬਲੇ ਵਿੱਚ ਭਾਰਤੀ ਪੰਜਾਬ, ਆਸਟਰੇਲੀਆ, ਜਰਮਨੀ, ਇੰਗਲੈਂਡ, ਅਮਰੀਕਾ ਤੋਂ ਇਲਾਵਾ ਕੈਨੇਡਾ ਦੇ ਕਈ ਸ਼ਹਿਰਾਂ ਤੋਂ ਕੁੱਲ 13 ਮੁਟਿਆਰਾਂ ਨੇ ਭਾਗ ਲਿਆ ਜਿਨ੍ਹਾਂ ਗਿੱਧਾ, ਹਾਊਸ ਹੋਲਡ, ਵਿਰਾਸਤ, ਬੋਲ-ਬਾਣੀ ਤੇ ਹੋਰਨਾਂ ਪਹਿਲੂਆਂ ਦੇ ਚਾਰ ਗੇੜਾਂ ਵਿੱਚ ਹਿੱਸਾ ਲਿਆ। ‘ਸੱਭਿਆਚਾਰਕ ਸੱਥ ਪੰਜਾਬ’ ਦੇ ਮੋਢੀ ਜਸਮੇਰ ਸਿੰਘ ਢੱਟ ਦੀ ਅਗਵਾਈ ‘ਚ ਸਾਲ 1993 ਤੋਂ ਹੁੰਦੇ ਆ ਰਹੇ ਇਨ੍ਹਾਂ ਮੁਕਾਬਲਿਆਂ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਐਂਤਕੀ ਪਹਿਲੀ ਵਾਰ ਇਹ ਮੁਕਾਬਲਾ ਪੰਜਾਬ ਤੋਂ ਬਾਹਰ ‘ਵਤਨੋਂ ਦੂਰ ਟੀਵੀ ਨੈੱਟਵਰਕ’ ਦੇ ਸੰਚਾਲਕ ਸੁੱਖੀ ਨਿੱਜਰ ਦੇ ਸਹਿਯੋਗ ਨਾਲ ਟੋਰਾਂਟੋ ‘ਚ ਕਰਾਇਆ ਗਿਆ।
ਸਮਾਗਮ ਦੇ ਬੁਲਾਰੇ ਗੁਰਮਿੰਦਰ ਆਹਲੂਵਾਲੀਆ ਨੇ ਦੱਸਿਆ ਕਿ ਲੁਧਿਆਣਾ ਦੇ ਪ੍ਰਸਿੱਧ ਵਪਾਰੀ ਸੋਨੂੰ ਨੀਲੀਬਾਰ ਨੇ ਉਚੇਚੇ ਤੌਰ ‘ਤੇ ਪਹੁੰਚ ਕੇ ਮੁਟਿਆਰਾਂ ਦੀਆਂ ਪੁਸ਼ਾਕਾਂ ਤਿਆਰ ਕੀਤੀਆਂ ਸਨ। ਸਟੇਜ ਸੰਚਾਲਨ ਨਿਰਮਲ ਜੌੜਾ ਅਤੇ ਰਮਨਜੀਤ ਭੱਟੀ ਨੇ ਕੀਤਾ। ਗਾਇਕਾ ਅਮਰ ਨੂਰੀ, ਫਿਲਮ ਨਿਰਦੇਸ਼ਕ ਗੁਰਬੀਰ ਗਰੇਵਾਲ ਅਤੇ ਪਾਕਿਸਤਾਨੀ ਗਾਇਕਾ ਫਰਵਾ ਖਾਨ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਸ ਮੌਕੇ ਗਾਇਕ ਦਿਲਜਾਨ ਅਤੇ ਮੰਡੇਰ ਭਰਾਵਾਂ ਨੇ ਮਨੋਰੰਜਨ ਕੀਤਾ।