ਰਿਲਾਇੰਸ ਜੀਓ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਫੋਨ ਵਾਅਦੇ ਨੂੰ ਪਏਗਾ ਬੂਰ

ਰਿਲਾਇੰਸ ਜੀਓ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਫੋਨ ਵਾਅਦੇ ਨੂੰ ਪਏਗਾ ਬੂਰ

ਦੀਵਾਲੀ ਤੋਂ ਵੰਡੇ ਜਾਣਗੇ ਸਮਾਰਟਫੋਨ
ਚੰਡੀਗੜ੍ਹ/ਬਿਊਰੋ ਨਿਊਜ਼ :
ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਨੌਜਵਾਨ ਵਰਗ ਨੂੰ 50 ਲੱਖ 4ਜੀ ਸਮਾਰਟਫੋਨ ਦੇਣ ਦਾ ਐਲਾਨ ਕੀਤਾ ਸੀ ਤਾਂ ਕਈਆਂ ਵੱਲੋਂ ਇਸ ਚੋਣ ਵਾਅਦੇ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਗਿਆ ਸੀ। ਪਰ ਕੈਪਟਨ ਨੇ ਆਪਣੇ ਇਸ ਚੋਣ ਵਾਅਦੇ ਨੂੰ ਰਿਲਾਇੰਸ ਜੀਓ ਦੀ ਨਵੀਂ ਬਿਜ਼ਨਸ ਯੋਜਨਾ ਨਾਲ ਜੋੜ ਦਿੱਤਾ ਹੈ ਅਤੇ ਕਾਂਗਰਸ ਸਰਕਾਰ ਵੱਲੋਂ ਨਾਂ ਦਰਜ ਕਰਾਉਣ ਵਾਲੇ ਨੌਜਵਾਨਾਂ ਨੂੰ ਦੀਵਾਲੀ ਤੋਂ ਸਮਾਰਟਫੋਨ ਵੰਡੇ ਜਾਣਗੇ। ਅਧਿਕਾਰਤ ਸੂਤਰਾਂ ਮੁਤਾਬਕ ਸੂਬੇ ਭਰ ਵਿੱਚ ਸ਼ੁਰੂ ਵਿੱਚ ਪੰਜ ਲੱਖ ਫੋਨ ਵੰਡੇ ਜਾਣਗੇ। ਇਸ ਸ਼ੁੱਕਰਵਾਰ ਨੂੰ ਰਿਲਾਇੰਸ ਜੀਓ ਨੇ 1500 ਰੁਪਏ ਵਿੱਚ ਨਵਾਂ 4ਜੀ ਸਮਾਰਟਫੋਨ ਲਾਂਚ ਕਰਨ ਦਾ ਐਲਾਨ ਕੀਤਾ ਸੀ। ਇਹ ਰਾਸ਼ੀ ਵੀ ਤਿੰਨ ਸਾਲਾਂ ਬਾਅਦ ਮੋੜੀ ਜਾਣੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੂਬਾਈ ਸਰਕਾਰ ਵੱਲੋਂ ਇਕ ਸਮਝੌਤੇ ‘ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਤਹਿਤ ਕੰਪਨੀ ਨੂੰ ਪ੍ਰਤੀ ਫੋਨ 1500 ਰੁਪਏ ਵੀ ਨਹੀਂ ਦੇਣੇ ਪੈਣੇ। ਸਰਕਾਰ ਵੱਲੋਂ ਇਸ ਸਬੰਧੀ ਬਜਟ ਵਿੱਚ ਦਸ ਕਰੋੜ ਰੁਪਏ ਰੱਖੇ ਗਏ ਹਨ ਅਤੇ ਇਸ ਰਾਸ਼ੀ ਨੂੰ ਫੋਨਾਂ ਦੀ ਢੋਆ-ਢੁਆਈ ਲਈ ਵਰਤਿਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਇਹ ਸਮਾਰਟਫੋਨ, ਜੋ ਚੀਨ ਵਿੱਚ ਤਿਆਰ ਹੋ ਰਹੇ ਹਨ, ਭਾਰਤ ਵਿੱਚ ਸਤੰਬਰ ਦੇ ਆਸ-ਪਾਸ ਆਉਣਗੇ। ਦੱਸਣਯੋਗ ਹੈ ਕਿ ਪੰਜਾਬ ਭਰ ਦੇ ਤਕਰੀਬਨ 30 ਲੱਖ ਨੌਜਵਾਨਾਂ ਨੇ ਸਮਾਰਟਫੋਨ ਲੈਣ ਲਈ ਨਾਂ ਦਰਜ ਕਰਾਇਆ ਹੈ।