ਨਸ਼ਾ ਤਸਕਰ ਵਲੋਂ ਨੂਰਮਹਿਲ ਥਾਣੇ ‘ਚ ਖ਼ੁਦਕੁਸ਼ੀ

ਨਸ਼ਾ ਤਸਕਰ ਵਲੋਂ ਨੂਰਮਹਿਲ ਥਾਣੇ ‘ਚ ਖ਼ੁਦਕੁਸ਼ੀ

ਜਲੰਧਰ/ਬਿਊਰੋ ਨਿਊਜ਼ :
ਚੂਰਾ-ਪੋਸਤ ਤਸਕਰੀ ਦੇ ਦੋਸ਼ ਵਿੱਚ ਪੁਲੀਸ ਵਲੋਂ ਹਿਰਾਸਤ ‘ਚ ਲਏ ਇਕ 48 ਸਾਲਾ ਵਿਅਕਤੀ ਨੇ ਪੁਲੀਸ ਦੀ ‘ਲਾਪ੍ਰਵਾਹੀ’ ਕਾਰਨ ਥਾਣਾ ਨੂਰਮਹਿਲ ‘ਚ ਖ਼ੁਦਕੁਸ਼ੀ ਕਰ ਲਈ। ਇਸ ਦੌਰਾਨ ਥਾਣੇ ਦੇ ਪੁਲੀਸ ਮੁਲਾਜ਼ਮ ਨੇੜੇ ਹੀ ਘੂਕ ਸੁੱਤੇ ਰਹੇ। ਪੁਲੀਸ ਨੇ ਇਸ ਮਾਮਲੇ ਵਿੱਚ ਥਾਣਾ ਮੁਖੀ ਅਮਰਜੀਤ ਸਿੰਘ ਤੇ ਰਾਤ ਦੀ ਡਿਊਟੀ ਦੇ ਮੁਨਸ਼ੀ ਸੁਖਵਿੰਦਰ ਸਿੰਘ ਨੂੰ ਮੁਅੱਤਲ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ।ਮ੍ਰਿਤਕ ਦੀ ਪਛਾਣ ਲਾਹੌਰੀ ਵਾਸੀ ਨੂਰਮਹਿਲ ਵਜੋਂ ਹੋਈ ਹੈ, ਜਿਸ ਨੂੰ ਪੁਲੀਸ ਨੇ ਕੁਝ ਦਿਨ ਪਹਿਲਾਂ ਡੋਡਿਆਂ ਦੀ ਤਸਕਰੀ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਸੀ। ਜਾਣਕਾਰੀ ਅਨੁਸਾਰ ਲਾਹੌਰੀ ਨੇ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਤਬੀਅਤ ਖ਼ਰਾਬ ਹੋਣ ਅਤੇ ਹਵਾਲਾਤ ਅੰਦਰ ਘਬਰਾਹਟ ਹੋਣ ਦੀ ਸ਼ਿਕਾਇਤ ਕੀਤੀ। ਇਸ ‘ਤੇ ਮੁਲਾਜ਼ਮਾਂ ਨੇ ਥਾਣੇ ਦੇ ਮੁੱਖ ਗੇਟ ਨੂੰ ਤਾਲਾ ਮਾਰ ਦਿੱਤਾ ਅਤੇ ਲਾਹੌਰੀ ਨੂੰ ਹਵਾਲਾਤ ਤੋਂ ਬਾਹਰ ਕੱਢ ਦਿੱਤਾ ਅਤੇ ਮੁੜ ਸੌਂ ਗਏ। ਬਾਅਦ ਵਿੱਚ ਲਾਹੌਰੀ ਨੇ ਥਾਣੇ ਅੰਦਰ ਹੀ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।
ਮਾਮਲੇ ਦੀ ਡੀਐਸਪੀ ਨਕੋਦਰ ਮੁਕੇਸ਼ ਕੁਮਾਰ ਵਲੋਂ ਕੀਤੀ ਜਾਂਚ ਤੋਂ ਬਾਅਦ ਦੇਰ ਸ਼ਾਮ ਥਾਣਾ ਮੁਖੀ ਤੇ ਰਾਤ ਦੀ ਡਿਊਟੀ ਦੇ ਮੁਣਸ਼ੀ ਨੂੰ ਮੁਅੱਤਲ ਕਰ ਦਿੱਤਾ ਗਿਆ। ਇਨ੍ਹਾਂ ਖ਼ਿਲਾਫ਼ ਦਫ਼ਾ 304ਏ ਤਹਿਤ ਕੇਸ ਦਰਜ ਕਰ ਕੇ ਵਿਭਾਗੀ ਤਫ਼ਤੀਸ਼ ਵੀ ਸ਼ੁਰੂ ਕਰ ਦਿੱਤੀ ਗਈ ਹੈ