ਲੁਧਿਆਣਾ ਦੇ ਲੋਹਾ ਕਾਰੋਬਾਰੀ ਨੇ ਪਤਨੀ ਤੇ ਪੁੱਤ ਨੂੰ ਮਾਰਨ ਪਿਛੋਂ ਕੀਤੀ ਖ਼ੁਦਕੁਸ਼ੀ

ਲੁਧਿਆਣਾ ਦੇ ਲੋਹਾ ਕਾਰੋਬਾਰੀ ਨੇ ਪਤਨੀ ਤੇ ਪੁੱਤ ਨੂੰ ਮਾਰਨ ਪਿਛੋਂ ਕੀਤੀ ਖ਼ੁਦਕੁਸ਼ੀ
ਕੈਪਸ਼ਨ-ਖ਼ੁਦਕੁਸ਼ੀ ਕਰਨ ਵਾਲੇ ਲੁਧਿਆਣਾ ਦੇ ਲੋਹਾ ਕਾਰੋਬਾਰੀ ਦੇ ਸੋਗਗ੍ਰਸਤ ਰਿਸ਼ਤੇਦਾਰ

ਲੁਧਿਆਣਾ/ਬਿਊਰੋ ਨਿਊਜ਼ :
ਸਨਅਤੀ ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ ਐਕਸਟੈਨਸ਼ਨ ‘ਚ ਲੋਹਾ ਕਾਰੋਬਾਰੀ ਜਗਮੀਤਪਾਲ ਸਿੰਘ ਉਰਫ਼ ਰਾਜਾ (45) ਨੇ ਆਪਣੇ ਘਰੇ ਆਪਣੀ ਪਤਨੀ, ਪੁੱਤਰ ਤੇ ਧੀ ਨੂੰ ਗੋਲੀਆਂ ਮਾਰਨ ਪਿਛੋਂ ਖੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਲਈ। ਘਟਨਾ ਵਿਚ ਜਗਮੀਤਪਾਲ ਦੀ ਪਤਨੀ ਜਸਪ੍ਰੀਤ ਕੌਰ ਖੁਰਾਣਾ ਤੇ ਪੁੱਤਰ ਜਸ਼ਨਦੀਪ ਸਿੰਘ ਖੁਰਾਣਾ (18) ਦੀ ਵੀ ਮੌਤ ਹੋ ਗਈ, ਜਦੋਂਕਿ ਧੀ ਵਿਸਮਿਨ (15) ਗੰਭੀਰ ਜ਼ਖ਼ਮੀ ਹਾਲਤ ਵਿੱਚ ਜ਼ੇਰੇ-ਇਲਾਜ ਹੈ।
ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂਉਨ੍ਹਾਂ ਦਾ ਡਰਾਈਵਰ ਗੱਡੀ ਦੀ ਚਾਬੀ ਲੈਣ ਆਇਆ। ਅੰਦਰੋਂ ਦਰਵਾਜ਼ਾ ਨਾ ਖੁੱਲ੍ਹਣ ‘ਤੇ ਡਰਾਈਵਰ ਨੇ ਜਗਮੀਤ ਦੀ ਮਾਂ ਮਹਿੰਦਰ ਕੌਰ ਨੂੰ ਦੱਸਿਆ। ਉਨ੍ਹਾਂ ਬਾਰੀ ਤੋੜ ਕੇ ਅੰਦਰੋਂ ਕੁੰਡੀ ਖੋਲ੍ਹੀ ਤਾਂ ਦੇਖਿਆ ਕਿ ਅੰਦਰ ਚਾਰੇ ਜੀਅ ਲਹੂ-ਲੁਹਾਨ ਪਏ ਸਨ। ਰੌਲਾ ਪਾਉਣ ‘ਤੇ ਆਢ-ਗੁਆਂਢ ਦੇ ਲੋਕ ਇੱਕਠੇ ਹੋ ਗਏ। ਉਸ ਵਕਤ ਜਗਮੀਤ ਦੀ ਲੜਕੀ ਦੇ ਸਾਹ ਚੱਲ ਰਹੇ ਸਨ, ਜਿਸ ਨੂੰ ਡਰਾਈਵਰ ਨੇ ਇਲਾਜ ਲਈ ਡੀਐਮਸੀ ਹਸਪਤਾਲ ਪਹੁੰਚਾਇਆ।
ਸੂਚਨਾ ਮਿਲਦੇ ਹੀ ਪੁਲੀਸ ਕਮਿਸ਼ਨਰ ਆਰ.ਐਨ. ਢੋਕੇ, ਡਿਪਟੀ ਕਮਿਸ਼ਨਰ ਪੁਲੀਸ ਧਰਮੁਨ ਨਿੰਬਲੇ ਪੁਲੀਸ ਪਾਰਟੀ ਨਾਲ ਮੌਕੇ ‘ਤੇ ਪੁੱਜੇ। ਪੁਲੀਸ ਨੇ ਤਿੰਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਹਾਲੇ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਪੁਲੀਸ ਵਲੋਂ ਦਿੱਤੇ ਵੇਰਵਿਆਂ ਮੁਤਾਬਕ ਜਗਮੀਤਪਾਲ ਖੁਰਾਣਾ ਦੀ ਫੋਕਲ ਪੁਆਇੰਟ ‘ਚ ਸਟੀਲ ਇੰਡਸਟਰੀ ਤੇ ਮਿਲਰਗੰਜ ਸਥਿਤ ਜੀ.ਕੇ.ਆਰ.ਐਨ. ਸਟੋਰ ਦੇ ਨਾਂ ‘ਤੇ ਲੋਹੇ ਦਾ ਕਾਰੋਬਾਰ ਹੈ। ਮਾਡਲ ਟਾਊਨ ਸਥਿਤ ਘਰ ਦੇ ਉਪਰਲੇ ਹਿੱਸੇ ‘ਚ ਜਗਮੀਤਪਾਲ, ਉਸ ਦੀ ਪਤਨੀ, ਪੁੱਤਰ, ਧੀ ਜਦੋਂਕਿ ਹੇਠਲੇ ਹਿੱਸੇ ‘ਚ ਮਾਂ ਮਹਿੰਦਰ ਕੌਰ ਰਹਿੰਦੀ ਹੈ। ਜਗਮੀਤ ਨੇ ਆਪਣਾ ਕਮਰਾ ਬੰਦ ਕਰ ਲਿਆ ਅਤੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਕਮਰੇ ‘ਚ ਸੌਂ ਰਹੀ ਪਤਨੀ ਤੇ ਪੁੱਤਰ ਨੂੰ ਵਾਰੀ-ਵਾਰੀ ਸਿਰ ‘ਚ ਗੋਲੀਆਂ ਮਾਰ ਦਿੱਤੀਆਂ। ਗੋਲੀ ਦੀ ਆਵਾਜ਼ ਸੁਣ ਕੇ ਦੂਜੇ ਕਮਰੇ ‘ਚ ਸੌਂ ਰਹੀ ਵਿਸਮਿਨ ਬਾਹਰ ਆਈ ਤੇ ਦੋਹਾਂ ਨੂੰ ਮਰਿਆ ਦੇਖ ਬਾਹਰ ਵੱਲ ਨੂੰ ਭੱਜੀ, ਪਰ ਜਗਮੀਤ ਨੇ ਉਸ ਦੇ ਵੀ ਢਿੱਡ ਤੇ ਸਿਰ ‘ਚ ਗੋਲੀਆਂ ਮਾਰ ਦਿੱਤੀਆਂ। ਇਸ ਪਿਛੋਂ ਜਗਮੀਤ ਨੇ ਖੁਦ ਨੂੰ ਗੋਲੀ ਮਾਰ ਲਈ। ਹੈਰਾਨੀ ਦੀ ਗੱਲ ਹੈ ਕਿ ਇੰਨੀ ਵੱਡੀ ਵਾਰਦਾਤ ਦਾ ਜਗਮੀਤ ਦੀ ਮਾਂ ਤੇ ਆਂਢ-ਗੁਆਂਢ ਨੂੰ ਕੋਈ ਪਤਾ ਨਹੀਂ ਲੱਗਿਆ। ਪੁਲੀਸ ਸੂਤਰਾਂ ਮੁਤਾਬਕ ਜਗਮੀਤ ਨੇ ਪਿਸਤੌਲ ਅੱਗੇ ਸਾਇਲੈਂਸਰ ਲਾਇਆ ਹੋਇਆ ਸੀ।
ਪੁਲੀਸ ਨੇ ਘਟਨਾ ‘ਚ ਵਰਤੀ ਗਈ ਪਿਸਤੌਲ ਬਰਾਮਦ ਕਰ ਲਈ ਹੈ ਤੇ ਮਾਮਲੇ ਦੀ ਜਾਂਚ ਕਈ ਪੱਖਾਂ ਤੋਂ ਕਰ ਰਹੀ ਹੈ। ਪੁਲੀਸ ਉਸ ਦੇ ਵਪਾਰ ਤੇ ਘਰ ਬਾਰੇ ‘ਚ ਜਾਣਕਾਰੀ ਹਾਸਲ ਕਰ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਜਗਮੀਤ ਨੇ ਆਖ਼ਰ ਇੰਨਾ ਵੱਡਾ ਕਦਮ ਕਿਉਂ ਚੁੱਕਿਆ।
ਇਸ ਦੌਰਾਨ ਦੇਰ ਸ਼ਾਮ ਸਿਵਲ ਹਸਪਤਾਲ ਵਿੱਚ ਲਾਸ਼ਾਂ ਦੇ ਪੋਸਟਮਾਰਟਮ ਮੌਕੇ ਕਾਰੋਬਾਰੀ ਦੀ ਮਾਂ ਮਹਿੰਦਰ ਕੌਰ ਨੇ ਦੋਸ਼ ਲਾਇਆ ਕਿ ਉਸ ਦੇ ਬੇਟੇ ਨੇ ਇਹ ਸਭ ਕੁਝ ਹਿੱਸੇਦਾਰਾਂ ਵਲੋਂ ਕਥਿਤ ਪ੍ਰੇਸ਼ਾਨ ਕੀਤੇ ਜਾਣ ਕਾਰਨ ਕੀਤਾ ਹੈ। ਉਨ੍ਹਾਂ ਪੁਲੀਸ ਤੋਂ ਮੰਗ ਕੀਤੀ ਹੈ ਕਿ ਜਗਮੀਤ ਦੇ ਲੋਹੇ ਦੇ ਕੰਮ ਵਿਚਲੇ ਹਿੱਸੇਦਾਰਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਡੀਸੀਪੀ ਧਰੁਮਨ ਨਿੰਬਲੇ ਨੇ ਕਿਹਾ ਕਿ ਫਿਲਹਾਲ ਪੁਲੀਸ ਕਾਰੋਬਾਰੀ ਦੇ ਮੋਬਾਈਲ ਫੋਨ ਦੀਆਂ ਕਾਲਾਂ ਦੀ ਜਾਂਚ ਕਰ ਰਹੀ ਹੈ।