ਭਾਰਤ-ਅਮਰੀਕਾ ਗੱਲਬਾਤ : ਪਰਮਾਣੂ ਸਪਲਾਇਰ ਗਰੁੱਪ ਚ ਭਾਰਤ ਦੀ ਪੱਕੀ ਮੈਂਬਰੀ ਲਈ ਮਿਲ ਕੇ ਚੱਲਣ ਦਾ ਫੈਸਲਾ

ਭਾਰਤ-ਅਮਰੀਕਾ ਗੱਲਬਾਤ : ਪਰਮਾਣੂ ਸਪਲਾਇਰ ਗਰੁੱਪ ਚ ਭਾਰਤ ਦੀ ਪੱਕੀ ਮੈਂਬਰੀ ਲਈ ਮਿਲ ਕੇ ਚੱਲਣ ਦਾ ਫੈਸਲਾ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨਵੀਂ ਦਿੱਲੀ ਵਿਚ ਆਪਣੇ ਅਮਰੀਕੀ ਹਮਰੁਤਬਾਵਾਂ ਮਾਈਕ ਪੌਂਪੀਓ ਤੇ ਜੇਮਸ ਮੈਟਿਜ਼ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਤਸਵੀਰ ਖਿਚਵਾਉਂਦੇ ਹੋਏ।
ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤ ਤੇ ਅਮਰੀਕਾ ਵਿੱਚ ਇੱਥੇ 2+2 ਵਾਰਤਾ ਦੌਰਾਨ ਰੱਖਿਆ ਤਕਨੀਕਾਂ ਸਬੰਧੀ ਲੰਬੇ ਸਮੇਂ ਤੋਂ ਵਿਚਾਰ ਅਧੀਨ ਸਮਝੌਤੇ ਉੱਤੇ ਦੋਵਾਂ ਮੁਲਕਾਂ ਦੇ ਆਗੂਆਂ ਨੇ ਸਹੀ ਪਾ ਦਿੱਤੀ ਹੈ। ਇਸ ਤਹਿਤ ਅਮਰੀਕਾ ਭਾਰਤ ਨੂੰ ਰੱਖਿਆ ਤਕਨੀਕ ਮੁਹੱਈਆ ਕਰਵਾਏਗਾ। ਦੋਵਾਂ ਦੇਸ਼ਾਂ ਦੇ ਆਗੂਆਂ ਵਿੱਚ ਹੋਈ ਗੱਲਬਾਤ ਦੌਰਾਨ ਇਸ ਗੱਲ ਉੱਤੇ ਵੀ ਸਹਿਮਤੀ ਬਣੀ ਹੈ ਕਿ ਪਰਮਾਣੂ ਸਪਲਾਇਰ ਗਰੁੱਪ ਵਿੱਚ ਭਾਰਤ ਦੀ ਮੈਂਬਰੀ ਨੂੰ ਸੁਰੱਖਿਅਤ ਕਰਨ ਲਈ ਦੋਵੇਂ ਦੇਸ਼ ਮਿਲ ਕੇ ਕੰਮ ਕਰਨਗੇ।
ਹੋਰ ਮੁੱਢਲੇ ਮੁੱਦਿਆਂ ਦੇ ਨਾਲ ਸਰਹੱਦ ਪਾਰਲੇ ਅਤਿਵਾਦ, ਐੱਨਐੱਸਜੀ ਵਿੱਚ ਭਾਰਤ ਦੀ ਮੈਂਬਰੀ ਅਤੇ ਐੱਚ 1-ਬੀ ਵੀਜ਼ਾ ਨੂੰ ਜਾਰੀ ਰੱਖਣ ਬਾਰੇ ਅਹਿਮ ਗੱਲਬਾਤ ਹੋਈ। ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਆਰ ਪੌਂਪੀਓ, ਰੱਖਿਆ ਮੰਤਰੀ ਜੇਮਜ਼ ਮੈਟਿਜ਼ ਵਿਚਕਾਰ ਹੋਈ ਗੱਲਬਾਤ ਦੌਰਾਨ ਦੋਵਾਂ ਦੇਸ਼ਾਂ ਵਿੱਚ ਹੌਟਲਾਈਨ ਸਥਾਪਿਤ ਕਰਨ ਦਾ ਵੀ ਫੈਸਲਾ ਹੋਇਆ।
ਸਾਂਝੀ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਸਵਰਾਜ ਨੇ ਵੱਖ ਵੱਖ ਮੁੱਦਿਆਂ ਬਾਰੇ ਹੋਏ ਵਿਚਾਰ ਵਟਾਂਦਰੇ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਇਸ ਸ਼ੁਰੂਆਤੀ ਸੰਵਾਦ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਪੌਂਪੀਓ ਨੇ ਗੱਲਬਾਤ ਨੂੰ ਪ੍ਰਭਾਵਸ਼ਾਲੀ ਕਰਾਰ ਦਿੰਦਿਆਂ ਕਿਹਾ ਕਿ ‘ਕਮਿਊਨੀਕੇਸ਼ਨ, ਕੰਪੈਟੇਬਾਲਿਟੀ, ਸਕਿਓਰਟੀ ਐਗਰੀਮੈਂਟ (ਸੀਓਐਮਸੀਏਐੱਸਏ) ਦੋਵਾਂ ਦੇ ਦੇਸ਼ਾਂ ਦੇ ਸਬੰਧਾਂ ਵਿੱਚ ਮੀਲ ਪੱਥਰ ਸਾਬਿਤ ਹੋਵੇਗਾ। ਸੀਤਾਰਾਮਨ ਨੇ ਕਿਹਾ ਕਿ ਰੱਖਿਆ ਸਮਝੌਤੇ ਨਾਲ ਭਾਰਤ ਦੀ ਰੱਖਿਆ ਸਮਰੱਥਾ ਅਤੇ ਮੁਸਤੈਦੀ ਵਧੇਗੀ। ਕੋਮਕਾਸਾ ਸਮਝੌਤੇ ਰਾਹੀਂ ਭਾਰਤ ਨੂੰ ਅਮਰੀਕਾ ਤੋਂ ਅਹਿਮ ਰੱਖਿਆ ਟੈਕਨਾਲੌਜੀ ਮਿਲੇਗੀ ਅਤੇ ਅਹਿਮ ਸੰਚਾਰ ਨੈੱਟਵਰਕ ਹਾਸਲ ਹੋਵੇਗਾ,ਜਿਸ ਦੇ ਰਾਹੀਂ ਭਵਿੱਖ ਵਿੱਚ ਭਾਰਤ ਤੇ ਅਮਰੀਕਾ ਦੀਆਂ ਸੈਨਾਵਾਂ ਵਿਚਕਾਰ ਕਾਰਵਾਈ ਨੂੰ ਅਸਰਦਾਰ ਢੰਗ ਦੇ ਨਾਲ ਅੰਜ਼ਾਮ ਦੇਣ ਦੀ ਸਮਰੱਥਾ ਵਧ ਜਾਵੇਗੀ।
ਸ੍ਰੀਮਤੀ ਸਵਰਾਜ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਵਾਰਤਾ ਤੋਂ ਇਹ ਵੀ ਪ੍ਰਭਾਵ ਪਿਆ ਹੈ ਕਿ ਦੋਵਾਂ ਦੇਸ਼ਾਂ ਦੇ ਆਗੂਆਂ ਦੀ ਇਹ ਦ੍ਰਿੜ ਇੱਛਾ ਹੈ ਕਿ ਦੋਵੇਂ ਦੇਸ਼ ਰੱਖਿਆ ਅਤੇ ਸੁਰੱਖਿਆ ਦੇ ਮੁੱਦਿਆਂ ਉੱਤੇ ਦੁਵੱਲੇ ਰਣਨੀਤਕ ਸਬੰਧ ਹੋਰ ਮਜ਼ਬੂਤ ਕਰਨ ਲਈ ਅੱਗੇ ਵਧਣ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਭਾਰਤ ਨੂੰ ਰਣਨੀਤਕ ਵਪਾਰ ਲਈ ਅਧਿਕਾਰਤ ਯੋਗ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕਰਕੇ (ਟਾਇਰ-1) ਲਾਇਸੈਂਸ ਤੋਂ ਛੋਟ ਦੇਣ ਤੋਂ ਭਾਰਤ ਦਾ ਆਪਣੇ ਵਪਾਰ ਨਾਲ ਸਬੰਧਤ ਮਜ਼ਬੂਤ ਬਰਾਮਦ ਨੀਤੀਆਂ ਉੱਤੇ ਕੰਟਰੋਲ ਦਾ ਪਤਾ ਚੱਲਦਾ ਹੈ।
ਉਨ੍ਹਾਂ ਕਿਹਾ ਕਿ ਵਿਚਾਰ ਵਟਾਂਦਰੇ ਦੌਰਾਨ ਦੋਵਾਂ ਦੇਸ਼ਾਂ ਵਿੱਚ ਇਸ ਗੱਲ ਉੱਤੇ ਵੀ ਸਹਿਮਤੀ ਬਣੀ ਹੈ ਕਿ ਪਰਮਾਣੂ ਸਪਲਾਇਰ ਗਰੁੱਪ ਵਿੱਚ ਭਾਰਤ ਦੀ ਮੈਂਬਰੀ ਨੂੰ ਸੁਰੱਖਿਅਤ ਕਰਨ ਲਈ ਦੋਵੇਂ ਦੇਸ਼ ਮਿਲ ਕੇ ਕੰਮ ਕਰਨਗੇ।
ਉਨ੍ਹਾਂ ਨੇ ਸ੍ਰੀ ਪੌਂਪੀਓ ਨਾਲ ਮੁਲਾਕਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਭਾਰਤ ਤੇ ਅਮਰੀਕਾ ਦੇ ਆਪਸੀ ਸਬੰਧਾਂ ਵੱਲੋਂ ਪਿਛਲੇ ਮਹੀਨਿਆਂ ਵਿੱਚ ਅਖ਼ਤਿਆਰ ਕੀਤੀ ਨਵੀਂ ਦਿਸ਼ਾ ਬਾਰੇ ਚਰਚਾ ਕਰਨ ਦੇ ਨਾਲ ਨਾਲ ਖੇਤਰੀ ਮੁੱਦਿਆਂ ਨੂੰ ਵੀ ਵਿਚਾਰਿਆ ਅਤੇ ਭਾਰਤ ਦੀਆਂ ਫਿਕਰਮੰਦੀਆਂ ਤੋਂ ਜਾਣੂ ਕਰਵਾਇਆ।
ਸ੍ਰੀਮਤੀ ਸਵਰਾਜ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਐੱਚ1 ਵੀਜ਼ਾ ਉੱਤੇ ਬਿਨਾਂ ਕਿਸੇ ਵਿਤਕਰੇ ਦੇ ਯੋਗ ਪਹੁੰਚ ਅਖ਼ਤਿਆਰ ਕਰਨ ਦੇ ਭਾਰਤੀ ਪੱਖ ਤੋਂ ਵੀ ਜਾਣੂ ਕਰਵਾਇਆ ਹੈ। ਦੋਵੇਂ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਸਣੇ ਹੋਰ ਅੰਤਰਰਾਸ਼ਟਰੀ ਮੰਚਾਂ ਉੱਤੇ ਸਬੰਧ ਹੋਰ ਮਜ਼ਬੂਤ ਕਰਨ ਦੇ ਨਾਲ ਨਾਲ ਅੰਤਰਾਸ਼ਟਰੀ ਅਤਿਵਾਦ ਨਾਲ ਮਿਲ ਕੇ ਲੜਨ ਪ੍ਰਤੀ ਵੀ ਵਚਨਬੱਧਤਾ ਪ੍ਰਗਟਾਈ ਹੈ। ਉਨ੍ਹਾਂ ਨੇ ਪਾਕਿਸਤਾਨ ਵਿੱਚ ਪਣਪ ਰਹੇ ਅਤਿਵਾਦ ਤੋਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਪੈਦਾ ਖਤਰੇ ਨੂੰ ਵੀ ਸਮਝਿਆ ਹੈ। ਭਾਰਤ ਨੇ ਅਮਰੀਕਾ ਦੀ ਅਫਗਾਨ ਨੀਤੀ ਦੀ ਵੀ ਹਮਾਇਤ ਕੀਤੀ ਹੈ। ਭਾਰਤ ਨੇ ਅਮਰੀਕਾ ਵੱਲੋਂ ਲਸ਼ਕਰ-ਏ-ਤੌਇਬਾ ਨੂੰ ਅਤਿਵਾਦੀ ਸੂਚੀ ਵਿੱਚ ਸ਼ਾਮਲ ਕਰਨ ਦਾ ਵੀ ਸਵਾਗਤ ਕੀਤਾ ਹੈ। ਦੋਵਾਂ ਦੇਸ਼ਾਂ ਨੇ 26/11 ਹਮਲਿਆਂ ਦੀ ਦਸਵੀਂ ਵਰ੍ਹੇਗੰਢ ਉੱਤੇ ਪੀੜਤਾਂ ਨੂੰ ਇਨਸਾਫ਼ ਦੇ ਨਾਲ ਨਾਲ ਇਸ ਦੇ ਸਾਜਿਸ਼ਕਾਰਾਂ ਨੂੰ ਸਖਤ ਸਜ਼ਾਵਾਂ ਦੇਣ ਪ੍ਰਤੀ ਵੀ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ ਹੈ।
ਇਸ ਦੌਰਾਨ ਦੋਵਾਂ ਦੇਸ਼ਾਂ ਨੇ ਵਧੇਰੇ ਪੂੰਜੀ ਨਿਵੇਸ਼ ਨਾਲ ਦੁਵੱਲੇ ਵਪਾਰ ਤੇ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਲਈ ਵਚਨਬੱਧਤਾ ਪ੍ਰਗਟਾਈ ਹੈ। ਦੋਵੇਂ ਦੇਸ਼ ਇੰਡੋ-ਪ੍ਰਸ਼ਾਂਤ ਦੇਸ਼ਾਂ ਦੇ ਨਾਲ ਮਿਲ ਕੇ ਪਾਰਦਰਸ਼ੀ, ਜਿੰਮੇਵਾਰ, ਹੰਢਣਸਾਰ, ਮੁੱਢਲੇ ਢਾਂਚੇ ਦੇ ਵਿਕਾਸ ਲਈ ਆਰਥਿਕ ਸਹਾਇਤਾ ਦੇਣ ਲਈ ਵੀ ਸਹਿਮਤ ਹੋਏ ਹਨ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਰੂਸ ਅਤੇ ਇਰਾਨ ਦੇ ਮਾਮਲੇ ਵਿੱਚ ਭਾਰਤ ਨੂੰ ਪਾਬੰਦੀਆਂ ਤੋਂ ਛੋਟ ਦੇਣ ਬਾਰੇ ਕਿਹਾ ਕਿ ਇਸ ਮੁੱਦੇ ਉੱਤੇ ਗੱਲਬਾਤ ਜਾਰੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਵਾਸ਼ਿੰਗਟਨ ਦੀ ਇਹ ਇੱਛਾ ਨਹੀ ਕਿ ਭਾਰਤ ਵਰਗੇ ਅਹਿਮ ਭਾਈਵਾਲ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾਵੇ। ਦੋਵਾਂ ਦੇਸ਼ਾਂ ਵਿਚਕਾਰ ਅੱਜ ਹੋਈ ਗੱਲਬਾਤ ਦੌਰਾਨ ਦੋਵਾਂ ਦੇਸ਼ਾਂ ਦੇ ਵਿਦੇਸ਼ ਅਤੇ ਰੱਖਿਆ ਮੰਤਰਾਲਿਆਂ ਵਿੱਚ ਹੌਟਲਾਈਨਾਂ ਕਾਇਮ ਕਰਨ ਬਾਰੇ ਵੀ ਸਹਿਮਤੀ ਬਣੀ ਹੈ ਤਾਂ ਜੋ ਗੱਲਬਾਤ ਦੌਰਾਨ ਲਏ ਗਏ ਫੈਸਲਿਆਂ ਨੂੰ ਸਹੀ ਭਾਵਨਾ ਵਿੱਚ ਲਾਗੂ ਕੀਤਾ ਜਾ ਸਕੇ।