ਜਥੇਦਾਰਾਂ ਦੀ ਆਜ਼ਾਦ ਹਸਤੀ ਬਹਾਲ ਕਰਾਉਣ ਲਈ ਸੰਘਰਸ਼ ਵਿਢਾਂਗੇ : ਝੀਂਡਾ

ਜਥੇਦਾਰਾਂ ਦੀ ਆਜ਼ਾਦ ਹਸਤੀ ਬਹਾਲ ਕਰਾਉਣ ਲਈ ਸੰਘਰਸ਼ ਵਿਢਾਂਗੇ : ਝੀਂਡਾ

ਅੰਮ੍ਰਿਤਸਰ/ਬਿਊਰੋ ਨਿਊਜ਼ :
ਜਥੇਦਾਰਾਂ ਦੀ ਨਿਯੁਕਤੀ, ਸੇਵਾ ਮੁਕਤੀ ਅਤੇ ਕਾਰਜ ਖੇਤਰ ਲਈ ਵਿਧੀ ਵਿਧਾਨ ਤਿਆਰ ਕਰਨ ਦਾ ਮਾਮਲਾ ਇਕ ਵਾਰ ਮੁੜ ਉਭਰਿਆ ਹੈ। ਹਰਿਆਣਾ ਤੋਂ ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਨੇ ਆਪਣੇ ਸਾਥੀਆਂ ਸਮੇਤ ਸ੍ਰੀ ਅਕਾਲ ਤਖ਼ਤ ‘ਤੇ ਅਰਦਾਸ ਕਰਨ ਮਗਰੋਂ ਐਲਾਨ ਕੀਤਾ ਕਿ ਉਹ ਜਥੇਦਾਰਾਂ ਦੀ ਆਜ਼ਾਦ ਹਸਤੀ ਬਹਾਲ ਕਰਾਉਣ ਲਈ ਸ਼੍ਰੋਮਣੀ ਕਮੇਟੀ ਖਿਲਾਫ ਸੰਘਰਸ਼ ਵਿੱਢਣਗੇ, ਜਿਸ ਤਹਿਤ ਦਿੱਤੇ ਗਏ ਅਲਟੀਮੇਟਮ ਤੋਂ ਬਾਅਦ ਹਰਿਆਣਾ ਵਿਚਲੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਘਿਰਾਓ ਕੀਤਾ ਜਾਵੇਗਾ। ਸ੍ਰੀ ਝੀਂਡਾ ਨੇ ਦੋਸ਼ ਲਾਇਆ ਕਿ ਅਕਾਲੀ ਸਰਕਾਰ ਦੇ ਸਮੇਂ ਜਥੇਦਾਰਾਂ ਦੀ ਹੋਂਦ ਹਸਤੀ ਨਿਘਾਰ ਵੱਲ ਗਈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਪੱਤਰ ਸੌਂਪ ਕੇ ਇਕ ਮਹੀਨੇ ਦਾ ਸਮਾਂ ਦਿੱਤਾ ਜਾਵੇਗਾ ਕਿ ਉਹ ਜਨਰਲ ਇਜਲਾਸ ਸੱਦ ਕੇ ਇਸ ਸਬੰਧੀ ਕਾਰਵਾਈ ਨੂੰ ਅੰਜਾਮ ਦੇਵੇ ਅਤੇ ਇਕ ਵ੍ਹਾਈਟ ਪੇਪਰ ਵੀ ਜਾਰੀ ਕਰੇ। ਜੇਕਰ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਆਪਣਾ ਇਸ ਸਬੰਧੀ ਸੰਘਰਸ਼ ਹਰਿਆਣਾ ਤੋਂ ਆਰੰਭ ਕਰਨਗੇ। ਸ੍ਰੀ ਝੀਂਡਾ ਤੇ ਉਨ੍ਹਾਂ ਦੇ ਸਮਰਥਕਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਜੋੜਾ ਘਰ ਅਤੇ ਲੰਗਰ ਘਰ ਵਿਚ ਸੇਵਾ ਵੀ ਕੀਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਉਹ ਇਸ ਮਾਮਲੇ ਸਬੰਧੀ ਮੌਜੂਦਾ ਸਥਿਤੀ ਬਾਰੇ ਪਤਾ ਲਾਉਣਗੇ। ਇਸ ਤੋਂ ਬਾਅਦ ਸ. ਝੀਂਡਾ ਨੇ ਕਿਹਾ ਕਿ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਇਕ ਪੱਤਰ ਲਿਖ ਰਹੇ ਹਨ ਜਿਸ ਰਾਹੀਂ ਮੰਗ ਕੀਤੀ ਜਾਵੇਗੀ ਕਿ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾ ਮੁਕਤੀ ਤੇ ਉਨ੍ਹਾਂ ਦਾ ਕਾਰਜ ਖੇਤਰ ਤੈਅ ਕਰਨ ਸਬੰਧੀ ਜਨਰਲ ਇਜਲਾਸ ਬੁਲਾ ਕੇ ਇਕ ਮਹੀਨੇ ਦੇ ਅੰਦਰ ਇਕ ਵਿਧੀ ਵਿਧਾਨ ਤਿਆਰ ਕੀਤਾ ਜਾਵੇ ਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਹਰਿਆਣਾ ਤੋਂ ਸ਼੍ਰੋਮਣੀ ਕਮੇਟੀ ਦੇ 11 ਮੈਂਬਰਾਂ ਦੇ ਘਰਾਂ ਦਾ ਘਿਰਾਓ ਅਰੰਭ ਕੀਤਾ ਜਾਵੇਗਾ। ਇਸ ਮੌਕੇ ਬੁੱਢਾ ਦਲ ਹਰਿਆਣਾ ਦੇ ਪ੍ਰਧਾਨ ਜਥੇਦਾਰ ਬਾਬਾ ਹਰਵੇਲ ਸਿੰਘ ਸਫ਼ੈਦੋ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਜਥੇਦਾਰ ਹਰਵੇਲ ਸਿੰਘ ਦੇ ਜਥੇ ਸਮੇਤ ਜਥੇਦਾਰ ਹਰੀ ਸਿੰਘ, ਜਥੇਦਾਰ ਹਰਬੰਸ ਸਿੰਘ, ਜਥੇਦਾਰ ਇਕਬਾਲ ਸਿੰਘ ਪਾਨੀਪਤ, ਦਿਲਬਾਗ ਸਿੰਘ, ਸ਼ੇਰ ਸਿੰਘ, ਤਰਲੋਕ ਸਿੰਘ ਕੁਰੂਕਸ਼ੇਤਰ ਵੀ ਹਾਜ਼ਰ ਸਨ।