ਫਿਰੋਜ਼ਪੁਰ ਕਤਲ ਕਾਂਡ : ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਸੁਖਬੀਰ ਬਾਦਲ ਨੇ ਲਾਇਆ ਧਰਨਾ

ਫਿਰੋਜ਼ਪੁਰ ਕਤਲ ਕਾਂਡ : ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਸੁਖਬੀਰ ਬਾਦਲ ਨੇ ਲਾਇਆ ਧਰਨਾ

ਫ਼ਿਰੋਜ਼ਪੁਰ/ਬਿਊਰੋ ਨਿਊਜ਼ :
ਅਕਾਲੀ ਵਰਕਰਾਂ ‘ਤੇ ਹੋ ਰਹੇ ਹਮਲਿਆਂ ਅਤੇ ਪਿੰਡ ਰੁਕਣ ਸ਼ਾਹ ਵਾਲਾ ਅੰਦਰ ਅਕਾਲੀ ਪਿਓ-ਪੁੱਤਰ ਦੋਹਰੇ ਕਤਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਕਾਲੀ ਦਲ ਬਾਦਲ ਵੱਲੋਂ ਸੀਨੀਅਰ ਕਪਤਾਨ ਪੁਲੀਸ ਸ੍ਰੀ ਗੋਰਵ ਗਰਗ ਦੇ ਦਫ਼ਤਰ ਨੂੰ ਘੇਰ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਮਾਰ ਘੰਟਿਆਂਬੱਧੀ ਆਵਾਜਾਈ ਠੱਪ ਰੱਖੀ। ਧਰਨੇ ਵਿਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੀੜਤ ਅਕਾਲੀ ਪ੍ਰੀਵਾਰ ਦੇ ਮੈਂਬਰ ਬਲਵਿੰਦਰ ਸਿੰਘ ਭੁੱਲਰ ਜ਼ਿਲ੍ਹਾ ਮੀਤ ਪ੍ਰਧਾਨ ਅਕਾਲੀ ਦਲ ਨਾਲ ਦੁੱਖ ਸਾਂਝਾ ਕਰਨ ਉਪਰੰਤ ਘਟਨਾ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ। ਸੂਬੇ ਭਰ ਵਿਚ ਅਕਾਲੀ ਵਰਕਰਾਂ ‘ਤੇ ਹੋ ਰਹੇ ਹਮਲਿਆਂ ਨੂੰ ਬਰਦਾਸ਼ਤ ਤੋਂ ਬਾਹਰ ਦੱਸਦਿਆਂ ਸ. ਸੁਖਬੀਰ ਨੇ ਕਿਹਾ ਕਿ ਇਹ ਸਭ ਕਾਂਗਰਸ ਸਰਕਾਰ ਦੀ ਸ਼ਹਿ ‘ਤੇ ਹੋ ਰਿਹਾ ਹੈ ਤੇ ਪੁਲੀਸ ਕਾਂਗਰਸ ਦਾ ਗੁੰਡਾ ਯੂਨਿਟ ਬਣ ਚੁੱਕੀ ਹੈ। ਉਨ੍ਹਾਂ ਕਿਹਾ ਦੋਹਰੇ ਕਤਲ ਕਾਂਡ ਦੇ ਦੋਸ਼ੀਆਂ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਫੜੇ ਜਾਣ ਦਾ ਅਲਟੀਮੇਟਮ ਦਿੰਦਿਆਂ ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨਾਂ ਮੁਤਾਬਕ ਪਰਚਾ ਦਰਜ ਨਾ ਕੀਤਾ ਗਿਆ, ਹਮਲਾਵਾਰਾਂ ਨਾਲ ਰਲੇ ਹੋਏ ਤੇ ਦਿੱਤੀਆਂ ਦਰਖਾਸਤਾਂ ‘ਤੇ ਕਾਰਵਾਈ ਨਾ ਕਰਨ ਵਾਲੇ ਪੁਲੀਸ ਅਫ਼ਸਰਾਂ ਅਤੇ ਸ਼ਹਿ ਦੇਣ ਵਾਲੇ ਸਿਆਸੀ ਆਗੂਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਅਕਾਲੀ ਦਲ ਸੂਬਾ ਪੱਧਰ ‘ਤੇ ਸੰਘਰਸ਼ ਛੇੜੇਗਾ। ਧਰਨੇ ‘ਤੇ ਬੈਠਣ ਸਮੇਂ ਸੁਖਬੀਰ ਸਿੰਘ ਬਾਦਲ ਵਲੋਂ ਆਈ.ਜੀ ਅਤੇ ਡੀ.ਜੀ.ਪੀ ਨਾਲ ਵੀ ਫੋਨ ‘ਤੇ ਗੱਲਬਾਤ ਕਰਕੇ ਦੋਸ਼ੀਆਂ ਨੂੰ ਫੜਨ ਲਈ ਕਿਹਾ ਗਿਆ। ਧਰਨੇ ਨੂੰ ਜ਼ਿਲ੍ਹਾ ਦਿਹਾਤੀ ਪ੍ਰਧਾਨ ਅਵਤਾਰ ਸਿੰਘ ਜ਼ੀਰਾ, ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ, ਜਥੇਦਾਰ ਹਰੀ ਸਿੰਘ ਜ਼ੀਰਾ ਸਾਬਕਾ ਸਿੰਚਾਈ ਮੰਤਰੀ ਪੰਜਾਬ, ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਵਰਦੇਵ ਸਿੰਘ ਨੋਨੀ ਮਾਨ, ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸੰਬੋਧਨ ਕੀਤਾ। ਇਸ ਮੌਕੇ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ, ਦਿਆਲ ਸਿੰਘ ਕੋਲਿਆਂ ਵਾਲੀ ਮੈਂਬਰ ਸ਼੍ਰੋਮਣੀ ਕਮੇਟੀ, ਮਨਤਾਰ ਸਿੰਘ ਬਰਾੜ ਸਾਬਕਾ ਮੁੱਖ ਸੰਸਦੀ ਸਕੱਤਰ, ਦਰਸ਼ਨ ਸਿੰਘ ਕੋਟ ਫੱਤਾ ਸਾਬਕਾ ਵਿਧਾਇਕ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਨੇ ਵੀ ਵਿਚਾਰ ਰੱਖ ਕਾਂਗਰਸ ਨੂੰ ਰੱਜ ਕੇ ਕੋਸਿਆ।