ਨਾਇਬ ਸੂਬੇਦਾਰ ਪਰਮਜੀਤ ਸਿੰਘ ਦੀ ਮੌਤ ‘ਤੇ ਪਰਿਵਾਰ ਗੁੱਸੇ ਵਿਚ, ਕਿਹਾ- ਕੇਂਦਰ ਸਰਕਾਰ ਦੀਆਂ ਕਮਜ਼ੋਰ ਨੀਤੀਆਂ ਕਾਰਨ ਨਿਤ ਮਰ ਰਹੇ ਨੇ ਜਵਾਨ

ਨਾਇਬ ਸੂਬੇਦਾਰ ਪਰਮਜੀਤ ਸਿੰਘ ਦੀ ਮੌਤ ‘ਤੇ ਪਰਿਵਾਰ ਗੁੱਸੇ ਵਿਚ, ਕਿਹਾ- ਕੇਂਦਰ ਸਰਕਾਰ ਦੀਆਂ ਕਮਜ਼ੋਰ ਨੀਤੀਆਂ ਕਾਰਨ ਨਿਤ ਮਰ ਰਹੇ ਨੇ ਜਵਾਨ

ਤਰਨ ਤਾਰਨ/ਬਿਊਰੋ ਨਿਊਜ਼ :
ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ਵਿਚ ਮਾਰੇ ਗਏ ਭਾਰਤੀ ਫ਼ੌਜ ਦੇ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੀ ਸ਼ਹਾਦਤ ਉਪਰ ਪੂਰੇ ਵੇਈਂਪੂਈਂ ਪਿੰਡ ਅਤੇ ਇਲਾਕੇ ਨੂੰ ਮਾਣ ਹੈ, ਉਥੇ ਆਪਣੀ ਸਰਕਾਰ ‘ਤੇ ਲੋਕਾਂ ਵਿਚ ਗੁੱਸੇ ਦੀ ਲਹਿਰ ਵੀ ਹੈ। ਪਿੰਡ ਵਾਸੀਆਂ ਤੇ ਪਰਿਵਾਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀਆਂ ਕਮਜ਼ੋਰ ਨੀਤੀਆਂ ਕਾਰਨ ਰੋਜ਼ਾਨਾ ਦੇਸ਼ ਦੇ ਜਵਾਨ ਪਾਕਿਸਤਾਨ ਦੇ ਅੱਤਵਾਦੀਆਂ ਅਤੇ ਫ਼ੌਜੀਆਂ ਹੱਥੋਂ ਸ਼ਹੀਦੀ ਜਾਮ ਪੀ ਰਹੇ ਹਨ, ਪਰ ਕੇਂਦਰ ਸਰਕਾਰ ਵੱਖ-ਵੱਖ ਤਿਉਹਾਰਾਂ ‘ਤੇ ਪਾਕਿਸਤਾਨੀ ਫ਼ੌਜੀਆਂ ਨੂੰ ਗੁਲਦਸਤੇ ਅਤੇ ਫੁੱਲ ਦੇ ਕੇ ਉਨ੍ਹਾਂ ਨਾਲ ਭਾਈਚਾਰਕ ਸਾਂਝ ਦਿਖਾਉਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ। ਜਦਕਿ ਪਾਕਿਸਤਾਨ ਹਮੇਸ਼ਾਂ ਹੀ ਭਾਰਤੀ ਫ਼ੌਜੀਆਂ ਉਪਰ ਹਮਲਾ ਕਰਕੇ ਰੋਜ਼ਾਨਾ ‘ਨਵੀਆਂ ਭਾਜੀਆਂ’ ਪਾ ਰਿਹਾ ਹੈ। ਪਾਕਿਸਤਾਨੀ ਫ਼ੌਜੀਆਂ ਵੱਲੋਂ ਪਾਈਆਂ ਗਈਆਂ ਇਨ੍ਹਾਂ ਭਾਜੀਆਂ ਦਾ ਹੁਣ ਮੁਲ ਮੋੜਨ ਦਾ ਸਮਾਂ ਹੈ। ਇਸ ਕਰਕੇ ਭਾਰਤ ਨੂੰ ਰੋਜ਼ਾਨਾ ਹੋ ਰਹੀਆਂ ਭਾਰਤੀ ਫ਼ੌਜੀਆਂ ਦੀ ਸ਼ਹਾਦਤਾਂ ਨੂੰ ਰੋਕਣ ਵਾਸਤੇ ਕੇਂਦਰ ਸਰਕਾਰ ਨੂੰ ਸਖ਼ਤ ਫ਼ੈਸਲਾ ਲੈ ਕੇ ਆਰ-ਪਾਰ ਦੀ ਲੜਾਈ ਲੜਨੀ ਚਾਹੀਦੀ ਹੈ, ਜਿਸ ਵਿਚ ਦੇਸ਼ ਦਾ ਹਰ ਨੌਜਵਾਨ ਫ਼ੌਜ ਦੀ ਮਦਦ ਲਈ ਅੱਗੇ ਹੋ ਕੇ ਸਾਥ ਦੇਵੇਗਾ। ‘ਅਜੀਤ’ ਦੀ ਟੀਮ ਦੇਰ ਸ਼ਾਮ ਜੰਮੂ-ਕਸ਼ਮੀਰ ਦੇ ਪੁਣਛ ਖ਼ੇਤਰ ‘ਚ ਦੁਸ਼ਮਣ ਦੀ ਗੋਲੀ ਨਾਲ ਸ਼ਹੀਦ ਹੋਏ ਪਿੰਡ ਵੇਈਂਪੂਈਂ ਦੇ ਨਾਇਬ ਸੂਬੇਦਾਰ ਪ੍ਰਮਜੀਤ ਸਿੰਘ ਦੇ ਖ਼ੇਤਾਂ ‘ਚ ਬਣੇ ਘਰ ਵਿਚ ਪਹੁੰਚੇ ਤਾਂ ਉਥੇ ਪਿੰਡ ਵਾਸੀਆਂ ਦਾ ਤਾਂਤਾ ਲੱਗਾ ਹੋਇਆ ਸੀ। ਪਿੰਡ ਦਾ ਹਰ ਵਿਅਕਤੀ ਨਾਇਬ ਸੂਬੇਦਾਰ ਪ੍ਰਮਜੀਤ ਸਿੰਘ ਦੀ ਇਸ ਸ਼ਹਾਦਤ ਉਪਰ ਜਿਥੇ ਫਖ਼ਰ ਮਹਿਸੂਸ ਕਰ ਰਿਹਾ ਸੀ, ਉਥੇ ਸ਼ਹੀਦ ਪਰਮਜੀਤ ਸਿੰਘ ਦੇ ਮਾਤਾ-ਪਿਤਾ ਅਤੇ ਭਰਾ ਸ਼ਹੀਦ ਦੀ ਕੁਰਬਾਨੀ ਨੂੰ ਸਲਾਮ ਕਰਦੇ ਦਿਖਾਈ ਦਿੱਤੇ। ਸ਼ਹੀਦ ਪ੍ਰਮਜੀਤ ਸਿੰਘ ਦੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਿ ਉਸਦਾ ਭਰਾ 1995 ਵਿਚ ਫ਼ੌਜ ਵਿਚ ਭਰਤੀ ਹੋਇਆ ਸੀ। ਉਹ ਪਹਿਲਾਂ ਵੀ ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ‘ਚ ਚਾਰ ਸਾਲ ਤੋਂ ਵੱਧ ਸਮਾਂ ਡਿਊਟੀ ਕਰਕੇ ਆਇਆ ਸੀ ਅਤੇ ਹੁਣ ਦੂਸਰੀ ਵਾਰ ਉਹ ਆਪਣੀ ਬਟਾਲੀਅਨ ਨਾਲ ਇਸ ਸੈਕਟਰ ਵਿਚ ਤਾਇਨਾਤ ਸੀ। ਲਗਭਗ 6 ਕੁ ਮਹੀਨੇ ਪਹਿਲਾਂ ਉਹ ਪਿੰਡ ਛੁੱਟੀ ‘ਤੇ ਘਰ ਆਇਆ ਸੀ ਅਤੇ ਹੁਣ 10 ਮਈ ਨੂੰ ਫਿਰ ਵਾਪਸ ਪਿੰਡ ਛੁੱਟੀ ‘ਤੇ ਆਪਣੇ ਪਰਿਵਾਰ ਵਿਚ ਆ ਰਿਹਾ ਸੀ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸ਼ਹੀਦ ਦੇ ਭਰਾ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ‘ਤੇ ਰੋਜ਼ਾਨਾ ਹੀ ਭਾਰਤੀ ਜਵਾਨਾਂ ਨੂੰ ਸ਼ਹੀਦ ਕਰਵਾਉਣ ਦੀ ਬਜਾਇ ਭਾਰਤ ਸਰਕਾਰ ਨੂੰ ਹੁਣ ਪਾਕਿਸਤਾਨ ਨਾਲ ਆਰ-ਪਾਰ ਦੀ ਲੜਾਈ ਲੜਨੀ ਚਾਹੀਦੀ ਹੈ। ਇਸ ਕੰਮ ਲਈ ਦੇਸ਼ ਦਾ ਹਰ ਨੌਜਵਾਨ ਭਾਰਤੀ ਫ਼ੌਜ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਇਹ ਲੜਾਈ ਲੜਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਭਰਾ ਦੀ ਸ਼ਹੀਦੀ ਉਪਰ ਪੂਰਾ ਮਾਣ ਹੈ ਕਿ ਉਸ ਨੇ ਦੇਸ਼ ਦੀ ਰੱਖਿਆ ਲਈ ਆਪਣਾ ਖ਼ੂਨ ਡੋਲ੍ਹਿਆ ਹੈ। ਉਨ੍ਹਾਂ ਆਪਣੀ ਹੀ ਸਰਕਾਰ ਦੇ ਖ਼ਿਲਾਫ਼ ਇਸ ਗੱਲ ਦਾ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਹੈ ਕਿ ਸਾਡੇ ਜਵਾਨਾਂ ਨੂੰ ਸ਼ਹੀਦ ਕਰਕੇ ਉਨ੍ਹਾਂ ਦੀ ਦੇਹ ਨਾਲ ਦੁਸ਼ਮਣ ਖਿਲਵਾੜ ਕਰੇ, ਉਹ ਇਹ ਬਰਦਾਸ਼ਤ ਨਹੀਂ ਕਰ ਸਕਦੇ। ਅਸੀਂ ਕੇਂਦਰ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਉਨ੍ਹਾਂ ਦੇ ਸ਼ਹੀਦ ਭਰਾ ਦੇ ਪੂਰੇ ਅੰਗ ਪਰਿਵਾਰ ਵਿਚ ਪੁੱਜਣੇ ਚਾਹੀਦੇ ਹਨ। ਸ਼ਹੀਦ ਪਰਮਜੀਤ ਸਿੰਘ ਦੇ ਪਿਤਾ ਊਧਮ ਸਿੰਘ ਜਿਨ੍ਹਾਂ ਦੀ ਹੁਣੇ ਕੁਝ ਮਹੀਨੇ ਪਹਿਲਾਂ ਹੀ ਦਿਲ ਦੀ ਬਾਈਪਾਸ ਸਰਜਰੀ ਹੋਈ ਹੈ, ਦਾ ਆਪਣੇ ਪੁੱਤਰ ਦੀ ਸ਼ਹਾਦਤ ‘ਤੇ ਜਿਥੇ ਮਾਣ ਸੀ, ਉਥੇ ਉਨ੍ਹਾਂ ਦਾ ਦੁੱਖ ਮੱਥੇ ‘ਤੇ ਸਾਫ਼ ਝਲਕ ਰਿਹਾ ਸੀ। ਸ਼ਹੀਦ ਪਰਮਜੀਤ ਸਿੰਘ ਦੀ ਮਾਤਾ ਦਾ ਵੀ ਆਪਣੇ ਪੁੱਤਰ ਦੀ ਜੁਦਾਈ ਵਿਚ ਬੁਰਾ ਹਾਲ ਦਿਖਾਈ ਦੇ ਰਿਹਾ ਸੀ।
ਪਤਨੀ ਤੇ ਬੱਚਿਆਂ ਨੂੰ ਬਾਅਦ ‘ਚ ਦਿੱਤੀ ਜਾਣਕਾਰੀ :
ਭਾਵੇਂ ਸ਼ਹੀਦ ਪਰਮਜੀਤ ਸਿੰਘ ਦੀ ਬਟਾਲੀਅਨ ਦੇ ਅਫ਼ਸਰਾਂ ਵੱਲੋਂ ਬਾਅਦ ਦੁਪਹਿਰ ਉਸ ਦੀ ਪਤਨੀ ਪਰਮਜੀਤ ਕੌਰ ਨੂੰ ਫ਼ੌਨ ਕਰਕੇ ਜਾਣਕਾਰੀ ਦਿੱਤੀ ਗਈ ਕਿ ਪਰਮਜੀਤ ਸਿੰਘ ਨੂੰ ਸਰਹੱਦ ‘ਤੇ ਗੋਲੀ ਲੱਗੀ ਹੈ ਅਤੇ ਉਹ ਗੰਭੀਰ ਜ਼ਖ਼ਮੀ ਹੈ। ਇਸ ਉਪਰੰਤ ਜਦ ਸ਼ਹੀਦ ਪਰਮਜੀਤ ਸਿੰਘ ਦੇ ਵੱਡੇ ਭਰਾ ਰਣਜੀਤ ਸਿੰਘ ਨੇ ਫ਼ੌਜ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਸ ਨੂੰ ਪਰਮਜੀਤ ਸਿੰਘ ਦੇ ਸ਼ਹੀਦ ਹੋਣ ਬਾਰੇ ਸੂਚਨਾ ਦੇ ਦਿੱਤੀ ਗਈ, ਇਹ ਪਰਿਵਾਰ ਪਿੰਡ ਅਤੇ ਪਿੰਡ ਤੋਂ ਬਾਹਰ ਡੇਰੇ ਵਿਚ ਦੋ ਥਾਈਂ ਰਹਿ ਰਿਹਾ ਹੈ। ਪਿੰਡ ਵਿਚ ਰਹਿੰਦੇ ਸ਼ਹੀਦ ਦੀ ਪਤਨੀ ਪਰਮਜੀਤ ਕੌਰ ਅਤੇ ਉਸ ਦੇ ਬੱਚਿਆਂ ਖੁਸ਼ਦੀਪ ਕੌਰ, ਸਿਮਰਨਦੀਪ ਕੌਰ ਅਤੇ ਉਸ ਦੇ ਬੇਟੇ ਸਾਹਿਲਦੀਪ ਸਿੰਘ ਨੂੰ ਪਰਮਜੀਤ ਸਿੰਘ ਦੇ ਸ਼ਹੀਦ ਹੋਣ ਬਾਰੇ ਬਾਅਦ ਵਿਚ ਜਾਣਕਾਰੀ ਦਿੱਤੀ ਗਈ।