ਸ੍ਰੀ ਨਨਕਾਣਾ ਸਾਹਿਬ ਦਾ ਜੋਗਿੰਦਰ ਸਿੰਘ ਬਣਿਆ ਡਾਕਟਰ

ਸ੍ਰੀ ਨਨਕਾਣਾ ਸਾਹਿਬ ਦਾ ਜੋਗਿੰਦਰ ਸਿੰਘ ਬਣਿਆ ਡਾਕਟਰ

ਸ੍ਰੀ ਨਨਕਾਣਾ ਸਾਹਿਬ/ਬਿਊਰੋ ਨਿਊਜ਼ :
ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਵਸਨੀਕ ਜੋਗਿੰਦਰ ਸਿੰਘ ਨੂੰ ਐਮ.ਬੀ.ਬੀ.ਐਸ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸ਼ਨਿੱਚਰਵਾਰ ਫ਼ਾਤਿਮਾ ਮੈਮੋਰੀਅਲ ਕਾਲਜ ਆਫ਼ ਮੈਡੀਸਨ ਵਿਚ ਹੋਏ ਡਿਗਰੀ ਵੰਡ ਸਮਾਰੋਹ ਦੌਰਾਨ ਕਾਲਜ ਪ੍ਰਿੰਸੀਪਲ ਵੱਲੋਂ ਡਿਗਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪ੍ਰੋ. ਕਲਿਆਣ ਸਿੰਘ ਕਲਿਆਣ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸਿਹਤ ਸੇਵਾਵਾਂ ਦੇ ਖੇਤਰ ਵਿਚ ਡਾ. ਜੋਗਿੰਦਰ ਸਿੰਘ ਤੋਂ ਪਹਿਲਾਂ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਹੀ ਮਿਮਪਾਲ ਸਿੰਘ ਐਮ.ਬੀ.ਬੀ.ਐਸ. ਕਰਨ ਬਾਅਦ ਸਰਵਿਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਦੀ ਪ੍ਰੀਖਿਆ ਡੀ.ਸੀ ਐੱਚ. (ਡਿਪਲੋਮਾ ਇਨ ਚਾਈਲਡ ਹੈਲਥ) ਵਿਚ ਪੂਰੇ ਪਾਕਿਸਤਾਨ ਵਿਚੋਂ ਪਹਿਲੇ ਨੰਬਰ ‘ਤੇ ਆ ਕੇ ਪਾਕਿਸਤਾਨੀ ਸਿੱਖਾਂ ਨੂੰ ਵਿਸ਼ੇਸ਼ ਸਨਮਾਨ ਦਵਾ ਚੁੱਕੇ ਹਨ। ਲਾਹੌਰ ਦੇ ਕਿੰਗ ਐਡਵਰਡ ਮੈਡੀਕਲ ਕਾਲਜ ਤੋਂ ਆਪਣੀ ਡਾਕਟਰੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਲਾਹੌਰ ਦੇ ਐਮ.ਏ.ਓ. ਸਰਕਾਰੀ ਹਸਪਤਾਲ ਵਿਚ ਰਜਿਸਟਰਾਰ ਦੇ ਅਹੁਦੇ ‘ਤੇ ਸੇਵਾਵਾਂ ਦੇਣ ਵਾਲੇ ਡਾ. ਮਿਮਪਾਲ ਸਿੰਘ ਮੌਜੂਦਾ ਸਮੇਂ ਲਾਹੌਰ ਦੀ ਸ਼ਾਦਮਨ ਆਬਾਦੀ ਵਿਚ ਆਪਣਾ ਨਿੱਜੀ ‘ਸਰਦਾਰ ਜੀ ਹੈਲਥ ਕਲੀਨਿਕ’ ਚਲਾ ਰਹੇ ਹਨ। ਉਨ੍ਹਾਂ ਦੇ ਇਲਾਵਾ ਲਾਹੌਰ ਬਹਿਰ ਵਿਚ ਹੀ ਸੂਬਾ ਸਿੰਧ ਨਾਲ ਸਬੰਧਿਤ ਪਾਕਿਸਤਾਨ ਦੇ ਪਹਿਲੇ ਸਿੱਖ ਨਿਊਰੋ ਸਰਜਨ ਡਾ. ਵਿਕਾਸ ਸਿੰਘ ਵੱਲੋਂ ਉੱਚ ਪੱਧਰ ਦੀਆਂ ਸਿਹਤ ਸੇਵਾਵਾਂ ਭੇਟ ਕੀਤੀਆਂ ਜਾ ਰਹੀਆਂ ਹਨ।