ਸਿੰਘਾਂ ਵੱਲੋਂ ਭੂਤਰੇ ਨਿਸ਼ਾਂਤ ਦਾ ਜੇਲ੍ਹ ਵਿਚ ਕੁਟਾਪਾ

ਸਿੰਘਾਂ ਵੱਲੋਂ ਭੂਤਰੇ ਨਿਸ਼ਾਂਤ ਦਾ ਜੇਲ੍ਹ ਵਿਚ ਕੁਟਾਪਾ

ਰੂਪਨਗਰ/ਬਿਊਰੋ ਨਿਊਜ਼ :
ਪੰਜਾਬ ਦੇ ਰੂਪਨਗਰ ਦੀ ਜੇਲ੍ਹ ਵਿਚ ਬੰਦ ਖਾੜਕੂ ਸਿੰਘ ਰਮਨਦੀਪ ਸਿੰਘ ਬੱਗਾ ਉਰਫ ਕਨੇਡੀਅਨ ਅਤੇ ਬਹਾਦਰ ਸਿੰਘ ਤੇ ਬਾਲਪ੍ਰੀਤ ਨੇ ਪੰਥ ਦੋਖੀ ਸ਼ਿਵ ਸੈਨਾ ਹਿੰਦ ਦੇ ਆਪੇ ਬਣੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ ਕੁਟਾਪਾ ਚਾੜ੍ਹ ਦਿੱਤਾ ਹੈ। ਨਿਸ਼ਾਂਤ ਧੋਖਾਧੜੀ ਦੇ ਕੇਸ ਵਿਚ ਚਾਰ ਸਾਲ ਦੀ ਸਜ਼ਾ ਹੋਣ ਤੋਂ ਬਾਅਦ ਇਕ ਦਿਨ ਪਹਿਲਾਂ ਹੀ ਜ਼ਿਲ੍ਹਾ ਜੇਲ੍ਹ ਰੂਪਨਗਰ ‘ਚ ਬੰਦ ਹੋਇਆ ਸੀ।
ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਆਰਐੱਸਐੱਸ ਆਗੂ ਰਵਿੰਦਰ ਗੁਸਾਈਂ ਨੂੰ ਸੋਧਾ ਲਾਉਣ ਦੇ ਕੇਸ ਵਿਚ ਜੇਲ੍ਹ ‘ਚ ਬੰਦ ਭਾਈ ਰਮਨਦੀਪ ਸਿੰਘ ਬੱਗਾ ਉਰਫ ਕਨੇਡੀਅਨ ਨੇ ਆਪਣੇ ਦੋ ਸਾਥੀਆਂ ਨਾਲ ਨਿਸ਼ਾਂਤ ਦੀ ਚੰਗੀ ਭੁਗਤ ਸੰਵਾਰੀ। ਸਿੰਘਾਂ ਦੇ ਹਮਲੇ ਵਿਚ ਨਿਸ਼ਾਂਤ ਦੇ ਹੱਥ, ਮੋਢੇ ਅਤੇ ਛਾਤੀ ‘ਤੇ ਸੱਟਾਂ ਵੱਜੀਆਂ ਹਨ। ਇਹ ਹਮਲਾ ਸਵੇਰੇ 8.45 ਵਜੇ ਉਸ ਸਮੇਂ ਕੀਤਾ ਗਿਆ ਜਦੋਂ ਨਿਸ਼ਾਂਤ ਆਪਣੀ ਚੱਕੀ ਵਿੱਚ ਸੌਂ ਰਿਹਾ ਸੀ। ਭਾਈ ਰਮਨਦੀਪ ਸਿੰਘ ਬੱਗਾ ਆਪਣੇ ਦੋ ਸਾਥੀਆਂ ਬਹਾਦਰ ਸਿੰਘ ਅਤੇ ਬਾਲਪ੍ਰੀਤ ਨਾਲ ਆਇਆ ਅਤੇ ਚੱਕੀ ਦੇ ਦਰਵਾਜ਼ਿਆਂ ਦੇ ਜਿੰਦਰੇ ਅਤੇ ਕੁੰਡੇ ਤੋੜ ਕੇ ਤਿੰਨੋਂ ਅੰਦਰ ਦਾਖ਼ਲ ਹੋ ਗਏ। ਇਸ ਤੋਂ ਬਾਅਦ ਨਿਸ਼ਾਂਤ ‘ਤੇ ਲੋਹੇ ਦੇ ਖੁਰਚਣੇ ਅਤੇ ਤਿੱਖੇ ਕੀਤੇ ਚਮਚੇ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਜਿਸ ਸਮੇਂ ਸਿੰਘਾਂਂ ਨੇ ਨਿਸ਼ਾਂਤ ਸ਼ਰਮਾ ‘ਤੇ ਹਮਲਾ ਕੀਤਾ ਉਸ ਸਮੇਂ ਉਹ ਇਹ ਵਾਰ-ਵਾਰ ਕਹਿ ਰਹੇ ਸਨ ਕਿ ”ਤੂੰ ਅੱਗੇ ਤੋਂ ਭਾਈ ਵੀ ਹਵਾਰੇ ਨੂੰ ਗਾਲ੍ਹਾਂ ਕੱਢੇਗਾ?”
ਸ਼ਿਵ ਸੈਨਾ ਆਗੂ ਨੂੰ ਜ਼ਖ਼ਮੀ ਹਾਲਤ ਵਿਚ ਜੇਲ੍ਹ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਰੂਪਨਗਰ ਵਿਚ ਲਿਆਂਦਾ ਗਿਆ ਜਿੱਥੋਂ ਇਲਾਜ ਤੋਂ ਬਾਅਦ ਉਸ ਨੂੰ ਵਾਪਸ ਜੇਲ੍ਹ ਲਿਆਂਦਾ ਗਿਆ। ਬਾਅਦ ਵਿਚ ਉਸ ਨੂੰ ਪਠਾਨਕੋਟ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।ਚਸ਼ਮਦੀਦਾਂ ਅਨੂਸਾਰ ਹਸਪਤਾਲ ਵਿਚ  ਸ਼ਿਵ ਸੈਨਾ ਪ੍ਰਧਾਨ ਨਿਸ਼ਾਂਤ ਸ਼ਰਮਾ ਦੇ ਚਿਹਰੇ ਦਾ ਰੰਗ ਉੱਡਿਆ ਹੋਇਆ ਸੀ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਹੀ ਰੂਪਨਗਰ ਦੀ ਅਦਾਲਤ ਨੇ ਨਿਸ਼ਾਂਤ ਸ਼ਰਮਾ ਨੂੰ ਧੋਖਾਧੜੀ ਦੇ ਕੇਸ ਵਿੱਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਰੂਪਨਗਰ ਜੇਲ੍ਹ ਭੇਜਿਆ ਗਿਆ ਸੀ। ਇਸੇ ਦੌਰਾਨ ਸੂਤਰਾਂ ਅਨੁਸਾਰ ਪੁਲੀਸ ਵੱਲੋਂ ਜੇਲ੍ਹ ਪ੍ਰਸ਼ਾਸਨ ਨੂੰ ਨਿਸ਼ਾਂਤ ਸ਼ਰਮਾ ‘ਤੇ ਹਮਲਾ ਹੋਣ ਦੇ ਖਦਸ਼ੇ ਬਾਰੇ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਸੀ ਪਰੰਤੂ ਜੇਲ੍ਹ ਪ੍ਰਸ਼ਾਸਨ ਨੇ ਕਥਿਤ ਤੌਰ ‘ਤੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜ਼ਿਕਰਯੋਗ ਹੈ ਕਿ ਨਿਸ਼ਾਂਤ ਸ਼ਰਮਾ ਨੇ ਬੱਬਰ ਖਾਲਸਾ ਮੁਖੀ ਕਾਰਕੁਨ ਭਾਈ ਜਗਤਾਰ ਸਿੰਘ ਹਵਾਰਾ ‘ਤੇ ਚੰਡੀਗੜ੍ਹ ਵਿਚ ਅਦਾਲਤੀ ਪੇਸ਼ੀ ਸਮੇਂ ਵੀ ਹਮਲਾ ਕੀਤਾ ਸੀ। ਇਸ ਨੂੰ ਚੰਡੀਗੜ੍ਹ ਅਦਾਲਤ ਦੇ ਬਾਹਰ ਭਾਈ ਜਗਤਾਰ ਸਿੰਘ ਹਵਾਰਾ ਨੇ ਕਰਾਰਾ ਥੱਪੜ ਜੜ੍ਹਿਆ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਵਿਚ ਛਾਈ ਰਹੀ ਸੀ।

ਰੂਪਨਗਰ ਸਿਟੀ ਥਾਣੇ ਦੇ ਮੁਖੀ ਸੰਨੀ ਖੰਨਾ ਨੇ ਦੱਸਿਆ ਕਿ ਪੁਲੀਸ ਨੇ ਰਮਨਦੀਪ ਸਿੰਘ ਬੱਗਾ , ਬਹਾਦਰ ਸਿੰਘ ਅਤੇ ਬਾਲਪ੍ਰੀਤ ਤੋਂ ਇਲਾਵਾ ਜੇਲ੍ਹ ਮੁਲਾਜ਼ਮਾਂ ਹੈੱਡ ਵਾਰਡਰ ਮਲਕੀਤ ਸਿੰਘ, ਵਾਰਡਰ ਸੋਢੀ ਰਾਮ ਅਤੇ ਕਸ਼ਮੀਰ ਸਿੰਘ ਵਿਰੁੱਧ ਭਾਰਤੀ ਦੰਡਾਵਲ਼ੀ ਦੀ ਧਾਰਾ 307, 120-ਬੀ ਅਧੀਨ ਕੇਸ ਦਰਜ ਕਰ ਲਿਆ ਹੈ।
ਜੇਲ੍ਹ ਸੁਪਰਡੈਂਟ ਬਲਜੀਤ ਸਿੰਘ ਵੈਦ ਨੇ ਦੱਸਿਆ ਕਿ ਨਿਸ਼ਾਂਤ ਸ਼ਰਮਾ ਨੂੰ ਹਮਲੇ ਦੇ ਖਤਰੇ ਨੂੰ ਵੇਖਦਿਆਂ ਚੱਕੀ ਵਿੱਚ ਰੱਖਿਆ ਗਿਆ ਸੀ ਪਰੰਤੂ ਉਸ ‘ਤੇ ਹਮਲਾ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਹੋਇਆ ਹੈ ਜਿਸ ਕਾਰਨ ਹੈੱਡ ਵਾਰਡਰ ਮਲਕੀਤ ਸਿੰਘ,ਵਾਰਡਰ ਸੋਢੀ ਰਾਮ ਅਤੇ ਕਸ਼ਮੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।