ਬਡੂੰਗਰ ਨੇ ਫਿਲਮ ‘ਸੁਪਰ ਸਿੰਘ’ ਸਬੰਧੀ ਜਾਂਚ ਕਮੇਟੀ ਬਣਾਈ

ਬਡੂੰਗਰ ਨੇ ਫਿਲਮ ‘ਸੁਪਰ ਸਿੰਘ’ ਸਬੰਧੀ ਜਾਂਚ ਕਮੇਟੀ ਬਣਾਈ

ਅੰਮ੍ਰਿਤਸਰ/ਬਿਊਰੋ ਨਿਊਜ਼ :
ਪੰਜਾਬੀ ਫਿਲਮ ‘ਸੁਪਰ ਸਿੰਘ’ ਵਿੱਚ ਸਿੱਖ ਧਰਮ ਨਾਲ ਸਬੰਧਤ ਵਿਵਾਦਤ ਅੰਸ਼ਾਂ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੰਭੀਰ ਨੋਟਿਸ ਲੈਂਦਿਆਂ ਜਾਂਚ ਕਮੇਟੀ ਬਣਾਈ ਹੈ। ਇਸ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਾਮ ਸਿੰਘ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਮੀਤ ਸਕੱਤਰ ਸਿਮਰਜੀਤ ਸਿੰਘ ਤੇ ਧਾਰਮਿਕ ਪ੍ਰੀਖਿਆ ਦੇ ਇੰਚਾਰਜ ਸੁਖਦੇਵ ਸਿੰਘ (ਕੋਆਰਡੀਨੇਟਰ) ਸ਼ਾਮਲ ਹਨ। ਇਹ ਕਮੇਟੀ ਫਿਲਮ ਵੇਖਣ ਮਗਰੋਂ ਰਿਪੋਰਟ ਦੇਵੇਗੀ।
ਪ੍ਰੋ. ਬਡੂੰਗਰ ਨੇ ਬਿਆਨ ਵਿੱਚ ਕਿਹਾ ਕਿ ਫਿਲਮ ਵਿਚਲੇ ਕੁਝ ਦ੍ਰਿਸ਼ਾਂ ਬਾਰੇ ਉਨ੍ਹਾਂ ਨੂੰ ਲਿਖਤੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਸ਼ਿਕਾਇਤਾਂ ਵਿੱਚ ਜਿੱਥੇ ਫਿਲਮ ਦੀ ਕਹਾਣੀ ਨੂੰ ਸਿੱਖ ਫ਼ਲਸਫ਼ੇ ਵਿਰੁੱਧ ਦੱਸਿਆ ਗਿਆ ਹੈ, ਉਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਬਾਰੇ ਵੀ ਮਨਘੜਤ ਦ੍ਰਿਸ਼ਾਂ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਮਾਂ ਵਿੱਚ ਧਰਮ ਸਬੰਧੀ ਵਿਵਾਦਤ ਜਾਣਕਾਰੀ ਪੇਸ਼ ਕਰਨੀ ਗ਼ਲਤ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਫਿਲਮਸਾਜ਼ ਆਪਣੀ ਫਿਲਮ ਵਿੱਚ ਸਿੱਖੀ ਨਾਲ ਸਬੰਧਤ ਜਾਣਕਾਰੀ ਦੇਣਾ ਚਾਹੁੰਦਾ ਹੈ ਜਾਂ ਕੋਈ ਦ੍ਰਿਸ਼ ਫਿਲਮਾਉਣਾ ਚਾਹੁੰਦਾ ਹੈ ਤਾਂ ਫਿਲਮ ਦੀ ਕਹਾਣੀ ਦੀ ਕਾਪੀ ਸ਼੍ਰੋਮਣੀ ਕਮੇਟੀ ਕੋਲ ਭੇਜੇ ਤੇ ਇਤਰਾਜ਼ ਨਾ ਹੋਣ ਦੀ ਸੂਰਤ ਵਿੱਚ ਹੀ ਉਸ ਨੂੰ ਫਿਲਮ ਦਾ ਹਿੱਸਾ ਬਣਾਇਆ ਜਾਵੇ।