ਸਿੱਧੂ ਦਾ ਲਾਭ ਵਾਲੇ ਅਹੁਦੇ ‘ਤੇ ਕੰਮ ਕਰਨਾ ਕਾਨੂੰਨ ਦੀ ਉਲੰਘਣਾ ਨਹੀਂ : ਐਡਵੋਕੇਟ ਜਨਰਲ

ਸਿੱਧੂ ਦਾ ਲਾਭ ਵਾਲੇ ਅਹੁਦੇ ‘ਤੇ ਕੰਮ ਕਰਨਾ ਕਾਨੂੰਨ ਦੀ ਉਲੰਘਣਾ ਨਹੀਂ : ਐਡਵੋਕੇਟ ਜਨਰਲ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਐਡਵੋਕੇਟ ਜਨਰਲ ਅਤੁੱਲ ਨੰਦਾ ਨੇ ਆਖਿਆ ਕਿ ਨਵਜੋਤ ਸਿੰਘ ਸਿੱਧੂ ਦੇ ਕੈਬਨਿਟ ਮੰਤਰੀ ਅਤੇ ਟੈਲੀਵਿਜ਼ਨ ਸ਼ੋਅ ਦੇ ਕੰਮਕਾਜ ਦਰਮਿਆਨ ਹਿਤਾਂ ਦਾ ਕੋਈ ਵੀ ਟਕਰਾਅ ਸਾਹਮਣੇ ਨਹੀਂ ਆਇਆ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ‘ਤੇ ਐਡਵੋਕੇਟ ਜਨਰਲ ਪਾਸੋਂ ਰਿਪੋਰਟ ਹਾਸਿਲ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਸਥਿਤੀ ਵਿਚ ਮੁੱਖ ਮੰਤਰੀ ਨੇ ਕਿਹਾ ਹੈ ਕਿ ਹੁਣ ਨਾ ਸਿੱਧੂ ਦੇ ਟੀ.ਵੀ. ਸ਼ੋਅ ਵਿਚ ਕੰਮ ਵਿਚ ਕੋਈ ਅੜਿੱਕਾ ਹੈ ਅਤੇ ਨਾ ਹੀ ਉਨ੍ਹਾਂ ਦਾ ਸਭਿਆਚਾਰ ਵਿਭਾਗ ਬਦਲਣ ਦੀ ਲੋੜ ਹੈ। ਐਡਵੋਕੇਟ ਜਨਰਲ ਦੀ ਰਾਏ ਅਨੁਸਾਰ ਇਹ ਮਾਮਲਾ ਭਾਰਤੀ ਸੰਵਿਧਾਨ ਦੇ ਲੋਕ ਪ੍ਰਤੀਨਿਧ ਐਕਟ, 1951 ਜਾਂ ਆਚਰਣ ਜ਼ਾਬਤੇ ਦੀ ਉਲੰਘਣਾ ਨਹੀਂ ਹੈ। ਐਡਵੋਕੇਟ ਜਨਰਲ ਅਨੁਸਾਰ ਸਿੱਧੂ ਨੂੰ ਟੀ.ਵੀ ਸ਼ੋਅ ਦਾ ਕੰਮ ਜਾਰੀ ਰੱਖਣ ਵਿਚ ਕੋਈ ਕਾਨੂੰਨੀ ਪਾਬੰਦੀ ਨਹੀਂ ਹੈ। ਠੁਕਰਾਲ ਨੇ ਦੱਸਿਆ ਕਿ ਸ. ਸਿੱਧੂ ਵੱਲੋਂ ਸਥਾਨਕ ਸਰਕਾਰ, ਸੈਰ-ਸਪਾਟਾ, ਸਭਿਆਚਾਰ ਮਾਮਲੇ, ਪੁਰਾਤੱਤਵ ਤੇ ਅਜਾਇਬ ਘਰ ਵਿਭਾਗਾਂ ਦੇ ਕੈਬਨਿਟ ਮੰਤਰੀ ਵਜੋਂ ਜ਼ਿੰਮੇਵਾਰੀ ਨਿਭਾਉਣ ਅਤੇ ਟੀ.ਵੀ. ਸ਼ੋਅ ਵਿਚ ਕੰਮ ਕਰਨ ਵਿਚ ਹਿੱਤਾਂ ਦਾ ਕੋਈ ਟਕਰਾਅ ਨਹੀਂ ਹੈ। ਐਡਵੋਕੇਟ ਜਨਰਲ ਵੱਲੋਂ ਚਾਰ ਸਫ਼ਿਆਂ ਦੀ ਦਿੱਤੀ ਰਿਪੋਰਟ ਦੇ ਸਾਰ ਤੱਤ ਵਿਚ ਕਿਹਾ ਗਿਆ ਹੈ ਕਿ ਸਿੱਧੂ ਦਾ ਸਭਿਆਚਾਰ ਵਿਭਾਗ ਬਦਲਣ ਦੀ ਕੋਈ ਲੋੜ ਨਹੀਂ ਹੈ।
ਸੰਵਿਧਾਨ ਦਾ ਵੇਰਵਾ ਦਿੰਦਿਆਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ੋਅ ਵਿਚ ਮਹਿਮਾਨ ਜੱਜ ਦੀ ਭੂਮਿਕਾ ਨਿਭਾਉਣਾ ਭਾਰਤ ਸਰਕਾਰ, ਸੂਬਾ ਸਰਕਾਰ ਅਧੀਨ ਅਹੁਦੇ ਦਾ ਲਾਭ ਨਹੀਂ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਹ ਭਾਰਤ ਸਰਕਾਰ ਤੇ ਸੂਬਾ ਸਰਕਾਰ ਦੇ ਹੇਠ ਕੋਈ ਅਹੁਦਾ ਨਹੀਂ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ, ‘ਧਾਰਾ 191 (1) ਮੁਤਾਬਕ ਇਸ ਕੰਮ ਨੂੰ ਜਾਰੀ ਰੱਖਣ ਨਾਲ ਅਹੁਦੇ ਦੇ ਲਾਭ ਤੋਂ ਅਯੋਗ ਨਹੀਂ ਕੀਤਾ ਜਾ ਸਕਦਾ।’ ਐਡਵੋਕੇਟ ਜਨਰਲ ਨੇ ਆਪਣੀ ਰਾਏ ਦਿੱਤੀ ਹੈ ਕਿ ਮੰਤਰੀ ‘ਤੇ ਲੋਕ ਪ੍ਰਤੀਨਿਧਤਾ ਐਕਟ, 1951 ਦੀਆਂ ਸ਼ਰਤਾਂ ਹੇਠ ਸ਼ੋਅ ਵਿਚ ਲਗਾਤਾਰ ਕੰਮ ਕਰਨਾ ਕੋਈ ਰੁਕਾਵਟ ਨਹੀਂ ਹੈ ਤੇ ਧਾਰਾ 8, 8-ਏ, 9, 9-ਏ, 10, 10-ਏ, 11-ਏ ਦੇ ਹੇਠ ਵੱਖ-ਵੱਖ ਅਯੋਗਤਾਵਾਂ ਨਾਲ ਸਬੰਧਤ ਹਨ। ਰਿਪੋਰਟ ਮੁਤਾਬਕ ਮੰਤਰੀ ਵੱਲੋਂ ਸ਼ੋਅ ਵਿਚ ਲਗਾਤਾਰ ਕੰਮ ਕਰਦੇ ਰਹਿਣਾ ਮੰਤਰੀ ਦੀ ਆਚਰਣ ਜ਼ਾਬਤੇ ਦੀ ਧਾਰਾ 1 (ਬੀ) ਦੀ ਉਲੰਘਣਾ ਨਹੀਂ ਦਰਸਾਉਂਦਾ।

ਪਤਨੀ ਨਵਜੋਤ ਕੌਰ ਬੋਲੀ-ਪਤੀ ਦੀ ਪੀ.ਏ. ਬਣਨ ਲਈ ਤਿਆਰ ਹਾਂ :
ਕ੍ਰਿਕਟਰ ਤੋਂ ਸਿਆਸਤਦਾਨ ਅਤੇ ਹੁਣ ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਜੀਵਨ ਸਾਥਣ ਡਾ. ਨਵਜੋਤ ਕੌਰ ਸਿੱਧੂ ਜੋ ਚੀਫ਼ ਪਾਰਲੀਮੈਂਟਰੀ ਸੈਕਟਰੀ ਰਹਿ ਚੁੱਕੇ ਹਨ, ਨੇ ਇੱਛਾ ਪ੍ਰਗਟ ਕੀਤੀ ਹੈ ਕਿ ਉਹ ਆਪਣੇ ਪਤੀ ਦਾ ਹੱਥ ਵੰਡਾਉਣ ਲਈ ਬਿਨਾਂ ਤਨਖਾਹ ਜਾਂ ਭੱਤੇ ਪੀ.ਏ. (ਪਰਸਨਲ ਅਸਿਸਟੈਂਟ) ਬਣਨ ਲਈ ਤਿਆਰ ਹਨ ਤਾਂ ਕਿ ਅੰਮ੍ਰਿਤਸਰ ਪੂਰਬੀ ਹਲਕੇ ਦੇ ਵਿਕਾਸ ਵੱਲ ਪੂਰਾ ਪੂਰਾ ਧਿਆਨ ਦਿੱਤਾ ਜਾ ਸਕੇ। ਡਾ. ਸਿੱਧੂ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਪਤੀ ਕੋਲ ਬਹੁਤ ਅਹਿਮ ਵਿਭਾਗ ਹਨ ਅਤੇ ਫਿਰ ਉਹ ਟੀ.ਵੀ. ਚੈਨਲਾਂ ਦੇ ਆਪਣੇ ਪ੍ਰੋਗਰਾਮਾਂ ਵਿਚ ਵੀ ਮਸਰੂਫ਼ ਰਹਿੰਦੇ ਹਨ। ਇਸ ਲਈ ਮੈਂ ਜਨਤਕ ਹਿੱਤਾਂ ਲਈ ਆਪਣੀਆਂ ਸੇਵਾਵਾਂ ਪੇਸ਼ ਕਰ ਰਹੀ ਹਾਂ ਪਰ ਹੁਣ ਸਾਰਾ ਦਾਰੋ-ਮਦਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਰਭਰ ਕਰਦਾ ਹੈ।