ਸਰਕਾਰੀ ਖਜ਼ਾਨੇ ਰਾਹੀਂ ਆਪਣੇ ਪੁਰਾਣੇ ਸਾਥੀਆਂ ਨੂੰ ਵਿਸ਼ੇਸ਼ ਅਹੁਦਿਆਂ ਨਾਲ ਨਿਵਾਜ ਰਹੀ ਕੈਪਟਨ ਸਰਕਾਰ

ਸਰਕਾਰੀ ਖਜ਼ਾਨੇ ਰਾਹੀਂ ਆਪਣੇ ਪੁਰਾਣੇ ਸਾਥੀਆਂ ਨੂੰ ਵਿਸ਼ੇਸ਼ ਅਹੁਦਿਆਂ ਨਾਲ ਨਿਵਾਜ ਰਹੀ ਕੈਪਟਨ ਸਰਕਾਰ

ਚੰਡੀਗੜ੍ਹ/ਬਿਊਰੋ ਨਿਊਜ਼ :
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਹੁੰ ਚੁੱਕ ਸਮਾਗਮ ਨੂੰ ਸਾਦਾ ਰੱਖ ਕੇ ਸਰਕਾਰੀ ਫਜ਼ੂਲ ਖਰਚਿਆਂ ਵਿਚ ਕਮੀ ਲਿਆਉਣ ਦਾ ਜੋ ਐਲਾਨ ਕੀਤਾ ਸੀ, ਪਰ ਉਸ ਤੋਂ ਤੁਰੰਤ ਬਾਅਦ ਹੀ ਜਿਸ ਢੰਗ ਨਾਲ ਉਨ੍ਹਾਂ ਸਰਕਾਰੀ ਖਜ਼ਾਨੇ ਰਾਹੀਂ ਆਪਣੇ ਪੁਰਾਣੇ ਸਿਆਸੀ ਸਮਰਥਕਾਂ ਤੇ ਸ਼ੁੱਭਚਿੰਤਕਾਂ ਨੂੰ ਮੁੱਖ ਮੰਤਰੀ ਸਕੱਤਰੇਤ ਵਿਚ ਵਿਸ਼ੇਸ਼ ਅਹੁਦਿਆਂ ਨਾਲ ਨਿਵਾਜਣਾ ਸ਼ੁਰੂ ਕੀਤਾ ਹੈ, ਉਸ ਨੇ ਕਾਂਗਰਸ ਸਰਕਾਰ ਦੀ ਕਥਨੀ ਤੇ ਕਰਨੀ ‘ਤੇ ਵੱਡਾ ਸੁਆਲੀਆ ਨਿਸ਼ਾਨ ਲਗਾ ਦਿੱਤਾ ਹੈ। ਮੁੱਖ ਮੰਤਰੀ ਵੱਲੋਂ ਮਗਰਲੇ 3 ਦਿਨਾਂ ਦੌਰਾਨ ਹੀ ਮੁੱਖ ਮੰਤਰੀ ਸਕੱਤਰੇਤ ਵਿਚ 15 ਗ਼ੈਰ-ਸਰਕਾਰੀ ਵਿਅਕਤੀਆਂ ਨੂੰ ਅਹਿਮ ਨਿਯੁਕਤੀਆਂ ਦਿੱਤੀਆਂ, ਜਦੋਂਕਿ ਕੁਝ ਹੋਰ ਨਿਯੁਕਤੀਆਂ ਲਈ ਅਜੇ ਪ੍ਰਕਿਰਿਆ ਜਾਰੀ ਹੈ। ਹਾਲਾਂਕਿ ਮੁੱਖ ਮੰਤਰੀ ਨਾਲ ਸਰਕਾਰੀ ਤੌਰ ‘ਤੇ ਵੀ ਪ੍ਰਮੁੱਖ ਸਕੱਤਰ, ਵਿਸ਼ੇਸ਼ ਪ੍ਰਮੁੱਖ ਸਕੱਤਰ, ਡਿਪਟੀ ਪ੍ਰਮੁੱਖ ਸਕੱਤਰ, 2 ਪੀ.ਸੀ.ਐਸ. ਅਧਿਕਾਰੀ ਓ.ਐਸ.ਡੀ. ਵਜੋਂ ਨਿਯੁਕਤ ਕੀਤੇ ਗਏ ਹਨ ਅਤੇ ਇਕ ਡੀ.ਆਈ.ਜੀ. ਤੇ 3-4 ਐਸ.ਪੀ. ਰੈਂਕ ਦੇ ਅਧਿਕਾਰੀਆਂ ਤੋਂ ਇਲਾਵਾ ਡਾਕਟਰਾਂ ਦੀ ਟੀਮ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਐਡੀਸ਼ਨਲ ਡਾਇਰੈਕਟਰ ਦੀ ਅਗਵਾਈ ਵਿਚ ਅਫ਼ਸਰਾਂ ਦੀ ਇਕ ਟੀਮ ਨਿਯੁਕਤ ਹੈ। ਨਵੇਂ ਨਿਯੁਕਤ ਕੀਤੇ ਗੈਰ-ਸਰਕਾਰੀ ਵਿਅਕਤੀਆਂ ਵਿਚ 4 ਸਲਾਹਕਾਰਾਂ ਵਿਚੋਂ ਮੁੱਖ ਮੰਤਰੀ ਦੇ ਫੌਜ ਵਿਚ ਭਰਤੀ ਹੋਣ ਮੌਕੇ ਰਹੇ ਬੈਚ ਦੇ ਸਾਥੀ ਤੇ ਪੁਰਾਣੇ ਦੋਸਤ ਜਨਰਲ ਟੀ.ਐਸ. ਸ਼ੇਰਗਿੱਲ ਜਿਨ੍ਹਾਂ ਨੂੰ ਕੈਬਨਿਟ ਦਾ ਦਰਜਾ ਦਿੱਤਾ ਗਿਆ ਹੈ, ਜਦੋਂਕਿ ਸ. ਭਰਤ ਇੰਦਰ ਸਿੰਘ ਚਾਹਲ ਅਤੇ ਸ੍ਰੀ ਰਵੀਨ ਠੁਕਰਾਲ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ ਅਤੇ ਸ੍ਰੀ ਖੂਬੀ ਰਾਮ ਨੂੰ ਸੁਰੱਖਿਆ ਸਲਾਹਕਾਰ ਵਜੋਂ ਨਿਯੁਕਤੀ ਦਿੱਤੀ ਗਈ ਹੈ। ਇਕ ਸੇਵਾ-ਮੁਕਤ ਅਧਿਕਾਰੀ ਨੂੰ ਕੌਮੀ ਕੈਬਨਿਟ ਸਕੱਤਰ ਦੇ ਰੈਂਕ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਤੇ ਇਕ ਸੇਵਾ-ਮੁਕਤ ਪੀ.ਸੀ.ਐਸ. ਅਧਿਕਾਰੀ ਨੂੰ ਮੁੱਖ ਮੰਤਰੀ ਦਾ ਸਕੱਤਰ ਅਤੇ ਇਕ ਸਾਬਕਾ ਪੱਤਰਕਾਰ ਨੂੰ ਮੁੱਖ ਮੰਤਰੀ ਦਾ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ ਹੈ, ਜਦੋਂਕਿ ਉਨ੍ਹਾਂ ਨਾਲ 5 ਗ਼ੈਰ-ਸਰਕਾਰੀ ਵਿਅਕਤੀਆਂ ਗੁਰਪ੍ਰੀਤ ਸਿੰਘ ਸੋਨੂੰ ਢੇਸੀ, ਜਗਦੀਪ ਸਿੰਘ ਸਿੱਧੂ, ਸੰਦੀਪ ਸਿੰਘ ਬਰਾੜ, ਦਮਨਜੀਤ ਸਿੰਘ ਮੋਹੀ ਅਤੇ ਅੰਕਤ ਬਾਂਸਲ ਨੂੰ ਓ.ਐਸ.ਡੀ. ਵਜੋਂ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਅਕਾਲੀ-ਭਾਜਪਾ ਸਰਕਾਰ ਵੱਲੋਂ ਸਲਾਹਕਾਰਾਂ ਲਈ ਤਨਖਾਹ 50 ਹਜ਼ਾਰ ਰੁਪਏ ਮਹੀਨਾ ਰੱਖੀ ਹੋਈ ਸੀ, ਜਦੋਂਕਿ ਮੌਜੂਦਾ ਸਰਕਾਰ ਵੱਲੋਂ ਨਿਯੁਕਤ ਕੀਤੇ ਵਿਅਕਤੀਆਂ ਲਈ ਸੇਵਾ ਸ਼ਰਤਾਂ ਨੂੰ ਅਜੇ ਐਲਾਨਿਆ ਜਾਣਾ ਹੈ। ਪਰ ਸਰਕਾਰੀ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਨ੍ਹਾਂ ਸਾਰੇ ਨਿਯੁਕਤ ਕੀਤੇ ਗਏ ਗ਼ੈਰ-ਸਰਕਾਰੀ ਵਿਅਕਤੀਆਂ ਦੀਆਂ ਤਨਖਾਹਾਂ, ਰਿਹਾਇਸ਼ਾਂ, ਸਹਾਇਕ ਸਟਾਫ਼, ਸੁਰੱਖਿਆ ਅਮਲੇ, ਕਾਰਾਂ ਤੇ ਤੇਲ ਤੋਂ ਇਲਾਵਾ ਟੀ.ਏ. ਡੀ.ਏ. ਤੇ ਰਾਜ ਸਰਕਾਰ ਨੂੰ ਸਾਲਾਨਾ ਕੋਈ 10 ਤੋਂ 15 ਕਰੋੜ ਰੁਪਏ ਖਰਚਣੇ ਪੈਣਗੇ, ਜਦੋਂਕਿ ਰਾਜ ਦਾ ਖਜ਼ਾਨਾ ਪਹਿਲਾਂ ਹੀ ਵੱਡੇ ਦਬਾਅ ਹੇਠ ਹੈ ਅਤੇ ਸਰਕਾਰ ਲਈ ਜ਼ਰੂਰੀ ਖਰਚਿਆਂ ਲਈ ਅਦਾਇਗੀਆਂ ਕਰਨੀਆਂ ਮੁਸ਼ਕਲ ਬਣੀਆਂ ਹੋਈਆਂ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਦੀ ਸਲਾਹ ‘ਤੇ ਰਾਜ ਦੇ ਮੁੱਖ ਸਕੱਤਰ ਵੱਲੋਂ ਮੰਤਰੀਆਂ ਨੂੰ ਕੋਠੀਆਂ ਦੀ ਅਲਾਟਮੈਂਟ ਸਬੰਧੀ ਜੋ ਹੁਕਮ ਜਾਰੀ ਕੀਤੇ ਗਏ ਹਨ, ਉਸ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਤਰੀਆਂ ਵਾਲੀਆਂ 4 ਕੋਠੀਆਂ ਅਲਾਟ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀਆਂ ਕੋਠੀਆਂ ਤੋਂ ਇਲਾਵਾ ਉਨ੍ਹਾਂ ਦੇ ਮਗਰਲੇ ਪਾਸੇ ਵਾਲੀਆਂ 2 ਮੰਤਰੀਆਂ ਦੀਆਂ ਕੋਠੀਆਂ ਵੀ ਸ਼ਾਮਲ ਹਨ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀਆਂ ਕੋਠੀਆਂ ਕੋਈ 3 ਏਕੜ ਜਗ੍ਹਾ ਵਿਚ ਹਨ ਜਦੋਂਕਿ ਮਗਰਲੇ ਪਾਸੇ ਵਾਲੀਆਂ 2 ਕੋਠੀਆਂ ਵੀ ਕੋਈ ਡੇਢ ਏਕੜ ਜਗ੍ਹਾ ਵਿਚ ਹਨ। ਹੁਕਮਾਂ ਵਿਚ ਦੱਸਿਆ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨਿਵਾਸ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਦੇ ਨਿਵਾਸ ਨੂੰ ਦਫ਼ਤਰ ਵਜੋਂ ਵਰਤਣਾ ਚਾਹੁੰਦੇ ਹਨ ਜਦੋਂਕਿ ਮਗਰਲੀਆਂ 2 ਮੰਤਰੀਆਂ ਦੀਆਂ ਕੋਠੀਆਂ ਵਿਚੋਂ ਇਕ ਕੋਠੀ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਦੇ ਕਬਜ਼ੇ ਵਿਚ ਹੈ ਅਤੇ ਦੂਜੀ ਨੂੰ ਸਾਬਕਾ ਮੁੱਖ ਮੰਤਰੀ ਵੀ ਮੀਟਿੰਗਾਂ ਲਈ ਵਰਤ ਰਹੇ ਸਨ। ਪਰ ਮੰਤਰੀਆਂ ਦੀਆਂ 4 ਕੋਠੀਆਂ ਮੁੱਖ ਮੰਤਰੀ ਵੱਲੋਂ ਆਪਣੇ ਕਬਜ਼ੇ ਵਿਚ ਲਏ ਜਾਣ ਅਤੇ ਫਜ਼ੂਲ ਖਰਚੀ ਨਾ ਕਰਨ ਦਾ ਸੁਨੇਹਾ ਦੇਣ ਤੋਂ ਪ੍ਰਸ਼ਾਸਨਿਕ ਹਲਕਿਆਂ ਵਿਚ ਹੈਰਾਨੀ ਹੈ ਅਤੇ ਜਿਨ੍ਹਾਂ ਕੁਝ ਮੰਤਰੀਆਂ ਤੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਹ ਵੀ ਦੱਬੀ ਜ਼ਬਾਨ ਵਿਚ ਉਕਤ ਫੈਸਲਿਆਂ ‘ਤੇ ਹੈਰਾਨੀ ਪ੍ਰਗਟਾ ਰਹੇ ਸਨ।
ਸੋਨੂੰ, ਜਗਦੀਪ, ਸੰਦੀਪ, ਦਮਨਜੀਤ ਤੇ ਅੰਕਿਤ ਬਾਂਸਲ ਓ.ਐਸ.ਡੀ. ਨਿਯੁਕਤ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 5 ਵਿਸ਼ੇਸ਼ ਕਾਰਜ ਅਫ਼ਸਰ (ਓ.ਐਸ.ਡੀ.) ਨਿਯੁਕਤ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਸੋਨੂੰ ਢੇਸੀ, ਜਗਦੀਪ ਸਿੰਘ ਸਿੱਧੂ, ਸੰਦੀਪ ਸਿੰਘ ਬਰਾੜ, ਦਮਨਜੀਤ ਸਿੰਘ ਮੋਹੀ ਅਤੇ ਅੰਕਿਤ ਬਾਂਸਲ ਨੂੰ ਮੁੱਖ ਮੰਤਰੀ ਦਾ ਓ.ਐਸ.ਡੀ. ਨਿਯੁਕਤ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਨਿਯੁਕਤੀਆਂ ਬਾਰੇ ਸੇਵਾ-ਸ਼ਰਤਾਂ ਨੂੰ ਛੇਤੀ ਅੰਤਿਮ ਰੂਪ ਦਿੱਤਾ ਜਾਵੇਗਾ।