ਅਸੀਂ ਲੋਕਾਂ ਨੂੰ ਏਨਾ ਖੁਆਇਆ ਪਰ ਉਨ੍ਹਾਂ ਤੋਂ ਹਜ਼ਮ ਨਹੀਂ ਹੋਇਆ: ਸੁਖਬੀਰ

ਅਸੀਂ ਲੋਕਾਂ ਨੂੰ ਏਨਾ ਖੁਆਇਆ ਪਰ ਉਨ੍ਹਾਂ ਤੋਂ ਹਜ਼ਮ ਨਹੀਂ ਹੋਇਆ: ਸੁਖਬੀਰ

ਕੈਪਸ਼ਨ-ਫ਼ਰੀਦਕੋਟ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ।
ਫ਼ਰੀਦਕੋਟ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇੱਥੇ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਪਾਰਟੀ ਦੀ ਹਾਰ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਲੋਕਾਂ ਨੂੰ ਏਨਾ ਖੁਆਇਆ ਕਿ ਉਨ੍ਹਾਂ ਨੂੰ ਪਚਿਆ ਨਹੀਂ। ਇਹ ਠੀਕ ਉਸੇ ਤਰ੍ਹਾਂ ਹੋਇਆ ਜਿਵੇਂ ਕਿਸੇ ਨੇ ਬਹੁਤ ਜ਼ਿਆਦਾ ਖਾ ਲਿਆ ਹੋਵੇ ਤੇ ਮਗਰੋਂ ਉਲਟੀਆਂ ਕਰਕੇ ਕੱਢਿਆ ਹੋਵੇ। ਸੋ, ਅਸੀਂ ਲੋਕਾਂ ਨੂੰ ਬਹੁਤ ਜ਼ਿਆਦਾ ਖਾਣ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਲਦੀ ਹੀ ਇਸ ਗੱਲ ਦਾ ਅਹਿਸਾਸ ਕਰਨਗੇ ਜਦੋਂ ਇੱਥੇ ਪੰਜ ਸਾਲ ਕੋਈ ਵਿਕਾਸ ਕਾਰਜ ਨਹੀਂ ਹੋਣੇ। ਜਦੋਂ ਇੱਥੇ ਪੰਜ ਸਾਲਾਂ ਦੌਰਾਨ ਸੋਕਾ ਪੈ ਜਾਵੇਗਾ ਤਾਂ ਲੋਕਾਂ ਨੂੰ ਸਾਡੀ ਕੀਮਤ ਪਤਾ ਲੱਗੇਗੀ। ਉਨ੍ਹਾਂ ਕਿਹਾ ਕਿ ਚੰਗੇ-ਬੁਰੇ ਦੀ ਸਮਝ ਉਦੋਂ ਤੱਕ ਨਹੀਂ ਪੈਂਦੀ, ਜਦੋਂ ਤਕ ਪਰਖੋ ਨਾ। ਉਨ੍ਹਾਂ ਆਗੂਆਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਚੋਣ ਨਤੀਜਿਆਂ ਤੋਂ ਘਬਰਾਉਣ ਦੀ ਲੋੜ ਨਹੀਂ, ਬਲਕਿ ਲੋਕਾਂ ਨੂੰ ਛੇਤੀ ਹੀ ਚੰਗੇ ਅਤੇ ਮਾੜੇ ਦਾ ਪਤਾ ਲੱਗ ਜਾਵੇਗਾ। ਸ੍ਰੀ ਬਾਦਲ ਨੇ ਕਿਹਾ ਕਿ ਲੋਕਾਂ ਨੇ ਜੋ ਅਕਾਲੀ ਸਰਕਾਰ ਤੋਂ ਮੰਗਿਆ, ਉਸ ਨਾਲੋਂ ਕਿਤੇ ਜ਼ਿਆਦਾ ਦਿੱਤਾ ਗਿਆ। ਉਨ੍ਹਾਂ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਕਿ ਹੁਣ ਉਹ ਸੰਗਤ ਦਰਸ਼ਨਾਂ ਦੀ ਥਾਂ ਪਾਰਟੀ ਆਗੂਆਂ ਦੇ ਘਰ ਜਾ ਕੇ ਚਾਹ-ਪਾਣੀ ਪੀਣਗੇ। ਇਸ ਮੌਕੇ ਪਰਮਬੰਸ ਸਿੰਘ ਬੰਟੀ ਰੋਮਾਣਾ, ਨਵਦੀਪ ਸਿੰਘ ਬੱਬੂ ਬਰਾੜ, ਮਨਤਾਰ ਸਿੰਘ ਬਰਾੜ, ਜੋਗਿੰਦਰ ਸਿੰਘ ਬਰਾੜ, ਕੰਵਰਜੀਤ ਸਿੰਘ ਰੋਜੀ ਬਰਕੰਦੀ ਵੀ ਹਾਜ਼ਰ ਸਨ।
ਜੈਤੋ: ਅਕਾਲੀ ਦਲ ਦੇ ਪ੍ਰਧਾਨ ਨੇ ਇੱਥੇ ਪਾਰਟੀ ਵਰਕਰਾਂ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਉਹ ਪੰਜ ਸਾਲ ਹੌਂਸਲੇ ਦਾ ਪੱਲਾ ਫੜਨ, ਉਸ ਮਗਰੋਂ ਦਿਨ ਮੁੜ ਫਿਰਨਗੇ। ਮੁਕਾਮੀ ਆਗੂਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਧਰਵਾਸਾ ਦਿੱਤਾ ਕਿ 25 ਸਾਲ ਰਾਜ ਕਰਨ ਦਾ ਸੁਪਨਾ ਪੂਰਾ ਕੀਤਾ ਜਾਵੇਗਾ। ਸ੍ਰੀ ਬਾਦਲ ਨੇ ਕਿਹਾ ਕਿ ਭਵਿੱਖ ਵਿੱਚ ਕਿਸੇ ਨੂੰ ਵੀ ਪਾਰਟੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਅਤੇ ਇਸ ਨੂੰ ਰੋਕਣ ਲਈ ਪਾਰਟੀ ਨੇ ਸਿਰੋਪਾ ਪ੍ਰਥਾ ਬੰਦ ਕਰ ਦਿੱਤੀ ਹੈ।