ਗਿਆਨੀ ਗੁਰਬਚਨ ਸਿੰਘ ਵੱਲੋਂ ਨਾਨਕਸ਼ਾਹੀ ਕੈਲੰਡਰ ਜਾਰੀ

ਗਿਆਨੀ ਗੁਰਬਚਨ ਸਿੰਘ ਵੱਲੋਂ ਨਾਨਕਸ਼ਾਹੀ ਕੈਲੰਡਰ ਜਾਰੀ

ਕੈਪਸ਼ਨ-ਨਾਨਕਸ਼ਾਹੀ ਕੈਲੰਡਰ ਜਾਰੀ ਕਰਦੇ ਹੋਏ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ।
ਅੰਮ੍ਰਿਤਸਰ/ਬਿਊਰੋ ਨਿਊਜ਼ :
2010 ਵਿੱਚ ਸੋਧ ਕੇ ਮੁੜ ਬਿਕਰਮੀਕਰਨ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਨਾਨਕਸ਼ਾਹੀ ਸੰਮਤ 549 ਅਤੇ ਵਰ੍ਹਾ 2017-18 ਵਾਸਤੇ ਇੱਥੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਗਿਆ।
ਕੈਲੰਡਰ ਜਾਰੀ ਕਰਨ ਪਿੱਛੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਤ ਕੀਤੇ ਗਏ ਇਸ ਕੈਲੰਡਰ ਵਿੱਚ ਗੁਰੂ ਸਾਹਿਬਾਨ ਨਾਲ ਸਬੰਧਤ ਗੁਰਪੁਰਬ ਤੇ ਸਿੱਖ ਧਰਮ ਨਾਲ ਸਬੰਧਤ ਹੋਰ ਇਤਿਹਾਸਕ ਦਿਹਾੜਿਆਂ ਦੀਆਂ ਤਰੀਕਾਂ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਦੇਸ਼-ਵਿਦੇਸ਼ ਦੀ ਸਮੂਹ ਸਿੱਖ ਸੰਗਤ ਤੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਇਸ ਕੈਲੰਡਰ ਅਨੁਸਾਰ ਹੀ ਸਮੁੱਚੇ ਦਿਹਾੜੇ ਮਨਾਉਣ ਲਈ ਕਿਹਾ ਤਾਂ ਕਿ ਕੌਮ ਵਿੱਚ ਇਕਸੁਰਤਾ ਬਣੀ ਰਹੇ। ਉਨ੍ਹਾਂ ਵੱਖਰੇ ਕੈਲੰਡਰ ਮੁਤਾਬਕ ਦਿਨ ਤਿਉਹਾਰ ਮਨਾਉਣ ਵਾਲੀਆਂ ਸੰਗਤਾਂ ਨੂੰ ਵੀ ਇਹ ਕੈਲੰਡਰ ਅਪਨਾਉਣ ਲਈ ਕਿਹਾ।
ਮੂਲ ਨਾਨਕਸ਼ਾਹੀ ਕੈਲੰਡਰ 2003 ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਪੰਜ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਕੀਤਾ ਗਿਆ ਸੀ ਪਰ 2010 ਵਿੱਚ ਇਸ ਵਿੱਚ ਸੋਧ ਕੀਤੀ ਗਈ ਸੀ ਅਤੇ ਮਗਰੋਂ ਸੰਤ ਸਮਾਜ ਤੇ ਡੇਰੇਦਾਰਾਂ ਦੇ ਪ੍ਰਭਾਵ ਹੇਠ ਮੁੜ ਸੋਧ ਕਰਦਿਆਂ ਇਸ ਦਾ ਬਿਕਰਮੀਕਰਨ ਕਰ ਦਿੱਤਾ ਗਿਆ ਸੀ, ਜਿਸ ਨਾਲ ਇਹ ਨਾਨਕਸ਼ਾਹੀ ਕੈਲੰਡਰ ਬਿਕਰਮੀ ਅਤੇ ਨਾਨਕਸ਼ਾਹੀ ਦਾ ਮਿਲਗੋਭਾ ਬਣ ਗਿਆ। ਉਸ ਵੇਲੇ ਤੋਂ ਹੀ ਸਿੱਖ ਕੌਮ ਵਿੱਚ ਇਹ ਕੈਲੰਡਰ ਵਿਵਾਦ ਦਾ ਮੁੱਦਾ ਬਣਿਆ ਹੋਇਆ ਹੈ। ਕਈ ਗੁਰਪੁਰਬ ਦੋ ਦੋ ਵਾਰ ਵੱਖ ਵੱਖ ਤਰੀਕਾਂ ‘ਤੇ ਮਨਾਏ ਜਾ ਰਹੇ ਹਨ।
ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਾਰ-ਵਾਰ ਆਦੇਸ਼ ਦਿੱਤੇ ਗਏ ਹਨ ਕਿ ਗੁਰਦੁਆਰਾ ਕਮੇਟੀਆਂ ਗੁਰੂ-ਘਰਾਂ ਦੀ ਪਹਿਰੇਦਾਰੀ ਯਕੀਨੀ ਬਣਾਉਣ ਪਰ ਫਿਰ ਵੀ ਕੁਝ ਥਾਵਾਂ ‘ਤੇ ਅਣਗਹਿਲੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਗੁਰਦੁਆਰਾ ਕਮੇਟੀਆਂ ਨੂੰ ਸਮੁੱਚੇ ਗੁਰੂ-ਘਰਾਂ ਵਿੱਚ ਹਰ ਸਮੇਂ ਸੇਵਾਦਾਰ ਦੀ ਹਾਜ਼ਰੀ ਲਾਜ਼ਮੀ ਕਰਨ ਲਈ ਕਿਹਾ। ਵਿਦੇਸ਼ਾਂ ਵਿੱਚ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਨੂੰ ਠੱਲ੍ਹਣ ਲਈ ਉਨ੍ਹਾਂ ਭਾਰਤ ਸਰਕਾਰ ਨੂੰ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨਾਲ ਗੱਲਬਾਤ ਕਰ ਕੇ ਹਰ ਧਰਮ ਦੇ ਬਾਸ਼ਿੰਦਿਆਂ ਦੀ ਜਾਨ-ਮਾਲ ਦੀ ਰਖਵਾਲੀ ਲਈ ਢੁਕਵੇਂ ਕਦਮ ਚੁੱਕਣ ਦੀ ਅਪੀਲ ਕੀਤੀ।