ਆਲੂਆਂ ਦੀ ਫਸਲ ਨੇ ਕਿਸਾਨਾਂ ਦਾ ‘ਜ਼ਾਇਕਾ’ ਕੀਤਾ ਖ਼ਰਾਬ

ਆਲੂਆਂ ਦੀ ਫਸਲ ਨੇ ਕਿਸਾਨਾਂ ਦਾ ‘ਜ਼ਾਇਕਾ’ ਕੀਤਾ ਖ਼ਰਾਬ
ਕੈਪਸ਼ਨ-ਜਲੰਧਰ ਦੇ ਇਕ ਪਿੰਡ ‘ਚ ਆਲੂਆਂ ਦੀ ਪੁਟਾਈ ਕਰਦੀਆਂ ਮਜ਼ਦੂਰ ਬੀਬੀਆਂ।

ਜਲੰਧਰ/ਬਿਊਰੋ ਨਿਊਜ਼ :
ਆਲੂ ਦੀ ਪੁਟਾਈ ਲਗਪਗ ਪੂਰੀ ਹੋਣ ਕੰਢੇ ਹੈ, ਪਰ ਫ਼ਸਲ ਨੂੰ ਵੇਚਣ ਜਾਂ ਰੱਖਣ ਦੇ ਮਾਮਲੇ ਵਿਚ ਆਲੂ ਕਾਸ਼ਤਕਾਰਾਂ ਦੀਆਂ ਅੱਖਾਂ ਅੱਗੇ ਹਨੇਰਾ ਛਾਇਆ ਹੋਇਆ ਹੈ। ਕਿਸਾਨ ਦੁਬਿਧਾ ਵਿੱਚ ਹਨ ਕਿ ਆਲੂ ਨੂੰ ਸਟੋਰ ਕੀਤਾ ਜਾਵੇ ਜਾਂ ਫਿਰ ਘੱਟ ਭਾਅ ‘ਤੇ ਹੀ ਵੇਚ ਦਿੱਤਾ ਜਾਵੇ। ਜੇਕਰ ਕਿਸਾਨ ਆਲੂ ਨੂੰ ਸਟੋਰਾਂ ਵਿੱਚ ਰੱਖਦੇ ਹਨ ਤਾਂ ਉਨ੍ਹਾਂ ਨੂੰ 50 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਐਡਵਾਂਸ ਪੈਸੇ ਸਟੋਰ ਮਾਲਕਾਂ ਨੂੰ ਅਦਾ ਕਰਨੇ ਪੈਣਗੇ ਜਦਕਿ ਕਿਸਾਨ ਪਹਿਲਾਂ ਹੀ ਖਰਚਿਆਂ ਅਤੇ ਕਰਜ਼ੇ ਦੇ ਭਾਰ ਥੱਲੇ ਦੱਬੇ ਬੈਠੇ ਹਨ। ਦੂਜੇ ਪਾਸੇ ਜੇਕਰ ਕਿਸਾਨ ਆਲੂ ਵੇਚਦੇ ਹਨ ਤਾਂ ਉਨ੍ਹਾਂ ਨੂੰ ਬਿਲਕੁੱਲ ਹੀ ਘੱਟ ਭਾਅ ਮਿਲ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਆਲੂ ਦੀ ਲਾਗਤ ਵੀ ਪੂਰੀ ਨਹੀਂ ਹੋ ਰਹੀ ਜਦਕਿ ਉਹ ਫਸਲ ਨੂੰ ਵੇਚ ਕੇ ਬੈਂਕਾਂ ਦਾ ਕਰਜ਼ਾ ਮੋੜਨ ਦੀਆਂ ਆਸਾਂ ਲਾਈ ਬੈਠੇ ਸਨ। ਆਲੂ ਕਾਸ਼ਤਕਾਰ ਸੁਲੱਖਣ ਸਿੰਘ ਨੇ ਦੱਸਿਆ ਕਿ ਆਲੂ ਪੁੱਟ ਕੇ ਉਨ੍ਹਾਂ ਢੇਰੀਆਂ ਲਗਾ ਲਈਆਂ ਹਨ, ਪਰ ਅਜੇ ਤੱਕ ਉਨ੍ਹਾਂ ਕੋਲ ਬਾਹਰਲੇ ਰਾਜਾਂ ਤੋਂ ਵਪਾਰੀ ਨਹੀਂ ਬਹੁੜੇ। ਉਨ੍ਹਾਂ ਦੱਸਿਆ ਕਿ ਇਕ ਕੁਇੰਟਲ ਆਲੂ ‘ਤੇ 400 ਤੋਂ ਲੈ ਕੇ 500 ਰੁਪਏ ਦੀ ਲਾਗਤ ਆਉਂਦੀ ਹੈ। ਉਨ੍ਹਾਂ ਦੱੱਸਿਆ ਕਿ ਸਥਾਨਕ ਵਪਾਰੀ ਨਾਲ ਹੀ ਉਨ੍ਹਾਂ ਨੇ ਪੁਖਰਾਜ ਕਿਸਮ ਦਾ ਆਲੂ 200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸੌਦਾ ਕੀਤਾ ਹੈ। ਸੁਲੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਲੂ ਪੁੱਟਣ ਵਾਲੀ ਲੇਬਰ ਤੇ ਖਾਦ ਵਾਲਿਆਂ ਦੇ ਵੀ ਪੈਸੇ ਦੇਣੇ ਹਨ ਜਿਸ ਕਰਕੇ ਉਨ੍ਹਾਂ ਨੂੰ ਮਜਬੂਰਨ ਕੁਝ ਆਲੂ ਘੱਟ ਰੇਟ ਵਿਚ ਵੇਚਣੇ ਪਏ ਜਦਕਿ ਬਾਕੀ ਆਲੂਆਂ ‘ਤੇ ਪਰਾਲੀ ਪਾ ਕੇ ਉਨ੍ਹਾਂ ਢੇਰੀਆਂ ਲਾ ਲਈਆਂ ਹਨ। ਇਕ ਹੋਰ ਕਿਸਾਨ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਲਗਭਗ 4 ਹਜ਼ਾਰ ਬੋਰੀਆਂ ਆਲੂ ਦੇ ਬੀਜ ਦੀਆਂ ਬਰਬਾਦ ਹੋ ਗਈਆਂ ਸਨ, ਜੋ ਨੋਟਬੰਦੀ ਤੋਂ ਬਾਅਦ ਵਿਕ ਨਹੀਂ ਸਕੀਆਂ ਅਤੇ ਹੁਣ ਪੱਕੀ ਪੁਟਾਈ ਦੇ ਆਲੂ ਦੇ ਵੀ ਗਾਹਕ ਨਹੀਂ ਮਿਲ ਰਹੇ।
ਨੋਡਲ ਆਲੂ ਅਫ਼ਸਰ ਪਰਮਜੀਤ ਸਿੰਘ ਨੇ ਦੱਸਿਆ ਕਿ ਕਿਸਾਨ ਤੀਹਰੀ ਦੁਬਿਧਾ ਵਿਚ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਆਲੂ ਵੇਚਣ ਜਾਂ ਸਟੋਰ ਕਰਨ ਨੂੰ ਲੈ ਕੇ ਦੁਚਿੱਤੀ ਵਿੱਚ ਹਨ ਤਾਂ ਉਹ ਮੋਟੀ ਪਰਾਲੀ ਦੀ ਤਹਿ ਵਿਚ 40-50 ਦਿਨ ਤੱਕ ਖੇਤ ਵਿਚ ਵੀ ਰੱਖ ਸਸਕਦੇ ਹਨ। ਉਨ੍ਹਾਂ ਕਿਹਾ ਕਿ ਐਤਕੀਂ ਬਾਹਰਲੇ ਰਾਜਾਂ ਵਿਚ ਵੀ ਆਲੂ ਦੀ ਫ਼ਸਲ ਚੰਗੀ ਹੋਈ ਹੈ, ਜਿਸ ਕਰਕੇ ਬਾਹਰਲਾ ਵਪਾਰੀ ਪੰਜਾਬ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਲੋਕਲ ਵਪਾਰੀ ਵੱਲੋਂ ਆਲੂ ਦੀ ਥੋੜ੍ਹੀ ਬਹੁਤ ਖਰੀਦ ਕੀਤੀ ਜਾ ਰਹੀ ਹੈ।