ਸੰਤ ਢੱਡਰੀਆਂ ਵਾਲਿਆਂ ਵਲੋਂ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ

ਸੰਤ ਢੱਡਰੀਆਂ ਵਾਲਿਆਂ ਵਲੋਂ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ

ਚੰਡੀਗੜ੍ਹ/ਬਿਊਰੋ ਨਿਊਜ਼ :
ਪਿਛਲੇ ਸਾਲ ਲੁਧਿਆਣਾ ਵਿਖੇ ਆਪਣੇ ਉੱਤੇ ਹੋਏ ਹਮਲੇ ਦੀ ਜਾਂਚ ਸੀ.ਬੀ.ਆਈ. ਕੋਲੋਂ ਕਰਵਾਉਣ ਦੀ ਮੰਗ ਦੀ ਪਟੀਸ਼ਨ ਖ਼ਾਰਜ ਹੋਣ ਉਪਰੰਤ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ ਕੀਤਾ ਹੈ। ਢੱਡਰੀਆਂ ਵਾਲੇ ਤੇ ਕੁਲਵਿੰਦਰ ਸਿੰਘ ਦੇ ਵਕੀਲਾਂ ਜੀ.ਐੱਸ. ਘੁੰਮਣ ਤੇ ਜੀ.ਪੀ.ਐੱਸ. ਘੁੰਮਣ ਨੇ ਇੱਕ ਬਿਆਨ ਵਿਚ ਕਿਹਾ ਕਿ ਹਾਈਕੋਰਟ ਦੇ ਫ਼ੈਸਲੇ ਨੂੰ ਛੇਤੀ ਹੀ ਐੱਸ.ਐੱਲ.ਪੀ. ਰਾਹੀਂ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਜਾਵੇਗੀ। ਪੁਲੀਸ ਜਾਂਚ ਵਿਚ ਕਥਿਤ ਕਮੀਆਂ ਉਜਾਗਰ ਕਰਦਿਆਂ ਪਟੀਸ਼ਨਰਾਂ ਨੇ ਹਾਈਕੋਰਟ ਵਿਚ ਦਾਖਲ ਪਟੀਸ਼ਨ ਵਿਚ ਦੋਸ਼ ਲਗਾਇਆ ਸੀ ਕਿ 17 ਮਈ ਨੂੰ ਹੋਏ ਕਾਤਲਾਨਾ ਹਮਲੇ ਦੌਰਾਨ 30-40 ਮੁਲਜ਼ਮ ਸ਼ਾਮਲ ਸਨ, ਪਰ ਪੁਲੀਸ ਨੇ ਸਿਰਫ਼ 14 ਵਿਅਕਤੀਆਂ ਨੂੰ ਹੀ ਗ੍ਰਿਫ਼ਤਾਰ ਕੀਤਾ। ਪਟੀਸ਼ਨ ਵਿਚ ਕਿਹਾ ਸੀ ਕਿ ਹਮਲੇ ਦੌਰਾਨ ਤਿੰਨ ਗੱਡੀਆਂ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਪਰ ਪੁਲੀਸ ਨੇ ਸਿਰਫ਼ ਇੱਕ ਗੱਡੀ ਨੂੰ ਕੇਸ ਪ੍ਰਾਪਰਟੀ ਵਜੋਂ ਅਟੈਚ ਕੀਤਾ। ਹਾਈਕੋਰਟ ਕੋਲੋਂ ਇਹ ਮੰਗ ਵੀ ਕੀਤੀ ਗਈ ਸੀ ਕਿ ਜੇਕਰ ਪੰਜਾਬ ਸਰਕਾਰ ਮਾਤਾ ਚੰਦ ਕੌਰ ਅਤੇ ਗਗਨੇਜਾ ਕਤਲ ਕੇਸ ਦੀ ਜਾਂਚ ਸੀ.ਬੀ.ਆਈ. ਨੂੰ ਦੇ ਸਕਦੀ ਹੈ ਤਾਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਹੋਏ ਕਾਤਲਾਨਾ ਹਮਲੇ ਦੀ ਜਾਂਚ ਵੀ ਸੀ.ਬੀ.ਆਈ. ਕੋਲੋਂ ਕਰਵਾਈ ਜਾਣੀ ਚਾਹੀਦੀ ਸੀ, ਕਿਉਂਕਿ ਪੰਜਾਬ ਸਰਕਾਰ ਅਤੇ ਬਾਬਾ ਹਰਨਾਮ ਸਿੰਘ ਧੁੰਮਾ ਦੇ ਕਥਿਤ ਤੌਰ ‘ਤੇ ਆਪਸੀ ਸੰਬੰਧਾਂ ਕਰਕੇ ਸਪਸ਼ਟ ਜਾਂਚ ਨਾ ਹੋਣ ਦੀ ਸ਼ੰਕਾ ਸੀ। ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਸੀ ਕਿ ਹਰਭਜਨ ਸਿੰਘ ਤੇ ਜਸਪਾਲ ਸਿੰਘ ਸਿੱਧੂ, ਜਿਨ੍ਹਾਂ ਨੇ ਹਮਲੇ ਦੌਰਾਨ ਕਥਿਤ ਤੌਰ ‘ਤੇ ਮੁੱਖ ਭੂਮਿਕਾ ਨਿਭਾਈ, ਨੂੰ ਪੁਲੀਸ ਨੇ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ, ਜਦਕਿ ਮੌਕੇ ਦੇ ਗਵਾਹਾਂ ਨੇ ਉਨ੍ਹਾਂ ਦੋਵਾਂ ਉੱਤੇ ਕਥਿਤ ਤੌਰ ‘ਤੇ ਲੱਗੇ ਦੋਸ਼ਾਂ ਦੀ ਪੁਸ਼ਟੀ ਕੀਤੀ ਸੀ।