‘ਦੀ ਬਲੈਕ ਪ੍ਰਿੰਸ’ ਲਈ ਸਤਿੰਦਰ ਸਰਤਾਜ ਦੀ ਝੋਲੀ ‘ਚ ਪਿਆ ਇਕ ਹੋਰ ਪੁਰਸਕਾਰ

‘ਦੀ ਬਲੈਕ ਪ੍ਰਿੰਸ’ ਲਈ ਸਤਿੰਦਰ ਸਰਤਾਜ ਦੀ ਝੋਲੀ ‘ਚ ਪਿਆ ਇਕ ਹੋਰ ਪੁਰਸਕਾਰ

ਲੰਡਨ ਇੰਡੀਪੈਂਡੈਂਟ ਫਿਲਮ ਫੈਸਟੀਵਲ ਦੌਰਾਨ ‘ਬੈਸਟ ਨਿਊਕਮਰ’ ਐਵਾਰਡ ਨਾਲ ਸਨਮਾਨਤ
ਲੰਡਨ/ਬਿਊਰੋ ਨਿਊਜ਼ :
ਸੂਫ਼ੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਦੀ ਝੋਲੀ ਵਿਚ ਇਕ ਹੋਰ ਪੁਰਸਕਾਰ ਸ਼ਾਮਲ ਹੋ ਗਿਆ ਹੈ। ਲੰਡਨ ਇੰਡੀਪੈਂਡੈਂਟ ਫ਼ਿਲਮ ਫੈਸਟੀਵਲ ਦੌਰਾਨ ਉਸ ਨੂੰ ‘ਬੈਸਟ ਨਿਊਕਮਰ’ ਐਵਾਰਡ ਨਾਲ ਨਿਵਾਜਿਆ ਗਿਆ। ਹਫ਼ਤਾ ਭਰ ਚੱਲੇ ਇਸ ਫੈਸਟੀਵਲ ਵਿਚ ‘ਦੀ ਬਲੈਕ ਪ੍ਰਿੰਸ’ ਅਤੇ ਮਹਾਰਾਜਾ ਦਲੀਪ ਸਿੰਘ ਦੇ ਕਿਰਦਾਰ ਵਿਚ ਸਤਿੰਦਰ ਸਰਤਾਜ ਦੀ ਅਦਾਕਾਰੀ ਨੂੰ ਬੇਹੱਦ ਸਲਾਹਿਆ ਗਿਆ। ਇਸ ਮੌਕੇ ਅੰਗਰੇਜ਼ ਦਰਸ਼ਕ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਗਲੋਬਲ ਫ਼ਿਲਮ ਕੰਪੀਟੀਸ਼ਨ, ਸਾਨ ਡਿਆਗੋ, ਅਮਰੀਕਾ ਵਿਚ ਸਰਤਾਜ ਨੇ ਬੈਸਟ ਡੈਬਿਊ ਐਵਾਰਡ ਜਿੱਤਿਆ ਸੀ। ਸਤਿੰਦਰ ਸਰਤਾਜ ਨੇ ਪੰਜਾਬ ਦੇ ਆਖ਼ਰੀ ਰਾਜਾ ਮਹਾਰਾਜਾ ਦਲੀਪ ਸਿੰਘ ਦੇ ਗੁੰਝਲਦਾਰ ਅਤੇ ਮੁਸ਼ਕਲਾਂ ਵਿਚ ਘਿਰੇ ਕਿਰਦਾਰ ਨੂੰ ਬਾਖ਼ੂਬੀ ਨਿਭਾਇਆ ਹੈ। ਉਸ ਦੀ ਅਦਾਕਾਰੀ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਇਹ ਫ਼ਿਲਮ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ‘ਤੇ ਆਧਾਰਤ ਹੈ। ਫ਼ਿਲਮ ਦੀ ਪਟਕਥਾ ਹਾਲੀਵੁੱਡ ਦੇ ਲੇਖਕ ਤੇ ਨਿਰਦੇਸ਼ਕ ਕਵੀ ਰਾਜ਼ ਨੇ ਲਿਖੀ ਹੈ। ਫ਼ਿਲਮ ਦੀ ਸਕਰਿਪਟ ਨੂੰ ਵੀ ਲਾਸ ਏਂਜਲਸ ਫ਼ਿਲਮ ਫੈਸਟੀਵਲ ਦੌਰਾਨ ‘ਬੈਸਟ ਸਕਰੀਨ ਪਲੇਅ’ ਦਾ ਐਵਾਰਡ ਮਿਲ ਚੁੱਕਾ ਹੈ।
ਸਤਿੰਦਰ ਸਰਤਾਜ ਨੇ ਉਸ ਨੂੰ ਇਹ ਰੋਲ ਦੇਣ ਅਤੇ ਸ਼ੂਟਿੰਗ ਦੌਰਾਨ ਪੂਰਾ ਸਹਿਯੋਗ ਦੇਣ ਲਈ ਡਾਇਰੈਕਟਰ ਕਵੀ ਰਾਜ਼, ਕੋਚ ਡੀ ਕੈਨਨ ਅਤੇ ਪੂਰੀ ਪ੍ਰੋਡਕਸ਼ਨ ਟੀਮ ਦਾ ਧੰਨਵਾਦ ਕੀਤਾ। ‘ਦੀ ਬਲੈਕ ਪਿੰ੍ਰਸ’ ਅਤੇ ਇਸ ਦੀ ਸਮੁੱਚੀ ਕ੍ਰਿਏਟਿਵ ਟੀਮ ਦੀ ਅਗਵਾਈ ਨਿਰਮਾਤਾ ਜਸਜੀਤ ਸਿੰਘ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ। ਉਨ੍ਹਾਂ ਦੀ ਮਿਹਨਤ ਸਦਕਾ ਹੀ ਫ਼ਿਲਮ ਨੂੰ ਏਨੇ ਇਨਾਮ-ਸਨਮਾਨ ਅਤੇ ਪ੍ਰਸੰਸਾ ਮਿਲ ਰਹੀ ਹੈ।