ਗੈਂਗਸਟਰਾਂ ਵਲੋਂ ਲੌਂਗੋਵਾਲ ‘ਚ ਭਰੇ ਬਾਜ਼ਾਰ ‘ਚ ਫਾਇਨਾਂਸਰ ਦਾ ਕਤਲ

ਗੈਂਗਸਟਰਾਂ ਵਲੋਂ ਲੌਂਗੋਵਾਲ ‘ਚ ਭਰੇ ਬਾਜ਼ਾਰ ‘ਚ ਫਾਇਨਾਂਸਰ ਦਾ ਕਤਲ

ਕੈਪਸ਼ਨ-ਸੰਗਰੂਰ ਸਿਵਲ ਹਸਪਤਾਲ ਵਿਚ ਫਾਇਨਾਂਸਰ ਹੈਪੀ (ਇਨਸੈੱਟ) ਦੀ ਲਾਸ਼ ਲਿਆਉਣ ਮੌਕੇ ਲੌਗੋਵਾਲ ਦੇ ਵਸਨੀਕ।
ਸੰਗਰੂਰ/ਬਿਊਰੋ ਨਿਊਜ਼ :
ਲੌਂਗੋਵਾਲ ਕਸਬੇ ਵਿੱਚ ਹਥਿਆਰਾਂ ਨਾਲ ਲੈਸ ਗੈਂਗਸਟਰਾਂ ਨੇ ਸ਼ਰ੍ਹੇਆਮ ਬਾਜ਼ਾਰ ਵਿੱਚ ਘੇਰ ਕੇ ਫਾਇਨਾਂਸਰ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਫਾਇਨਾਂਸਰ ਨੂੰ ਨੇੜਿਓਂ ਕਰੀਬ ਅੱਧੀ ਦਰਜਨ ਗੋਲੀਆਂ ਮਾਰੀਆਂ ਗਈਆਂ। ਘਟਨਾ ਮਗਰੋਂ ਗੈਂਗਸਟਰ ਬਾਜ਼ਾਰ ਵਿੱਚ ਪਿਸਟਲ ਲਹਿਰਾਉਂਦੇ ਅਤੇ ਲਲਕਾਰੇ ਮਾਰਦੇ ਫ਼ਰਾਰ ਹੋ ਗਏ। ਇਹੀ ਨਹੀਂ ਗੈਂਗਸਟਰ ਦਲਵਿੰਦਰ ਸਿੰਘ ਬਬਲੀ ਉਰਫ਼ ਬੱਬਲ ਰੰਧਾਵਾ ਨੇ ਘਟਨਾ ਮਗਰੋਂ ਜਸ਼ਨ ਦੇ ਰੂਪ ਵਿੱਚ ਗੀਤ ਗਾ ਕੇ ਆਪਣੇ ਫੇਸਬੁੱਕ ਅਕਾਊਂਟ ਉਪਰ ਅਪਲੋਡ ਵੀ ਕੀਤਾ ਅਤੇ ਇੱਕ ਹੱਥ ਲਿਖਤ ਪੱਤਰ ਵੀ ਪਾਇਆ। ਫਾਇਨਾਂਸਰ ਦੀ ਹੱਤਿਆ ਦੇ ਰੋਸ ਵਜੋਂ ਲੌਂਗੋਵਾਲ ਦੇ ਮੁੱਖ ਬਾਜ਼ਾਰ ਤੁਰੰਤ ਬੰਦ ਹੋ ਗਏ। ਕਤਲ ਦੀ ਵਜ੍ਹਾ ਆਪਸੀ ਰੰਜਿਸ਼ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਪੀ ਸੇਵਾ ਸਿੰਘ ਮੱਲੀ, ਡੀਐਸਪੀ ਜਸ਼ਨਪ੍ਰੀਤ ਸਿੰਘ ਗਿੱਲ, ਥਾਣਾ ਮੁਖੀ ਸਿਕੰਦਰ ਸਿੰਘ ਸਮੇਤ ਪੁਲੀਸ ਫੋਰਸ ਮੌਕੇ ‘ਤੇ ਪੁੱਜ ਗਈ ਅਤੇ ਉਨ੍ਹਾਂ ਗੈਂਗਸਟਰਾਂ ਦੀ ਪੈੜ ਨੱਪਣ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਪੁਲੀਸ ਨੇ ਕਤਲ ਦੇ ਦੋਸ਼ ਹੇਠ ਗੈਂਗਸਟਰ ਦਲਵਿੰਦਰ ਸਿੰਘ ਬਬਲੀ ਉਰਫ਼ ਬੱਬਲ ਰੰਧਾਵਾ ਸਮੇਤ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਚੋਣ ਜ਼ਾਬਤੇ ਕਰਕੇ ਅਸਲਾ ਭਾਵੇਂ ਪੁਲੀਸ ਨੇ ਜਮ੍ਹਾਂ ਕਰਵਾਇਆ ਹੋਇਆ ਹੈ, ਪਰ ਗੈਂਗਸਟਰਾਂ ਵੱਲੋਂ ਹਥਿਆਰਾਂ ਦੀ ਸ਼ਰ੍ਹੇਆਮ ਵਰਤੋਂ ਕਈ ਸਵਾਲ ਖੜ੍ਹੇ ਕਰਦੀ ਹੈ। ਓਧਰ ਮ੍ਰਿਤਕ ਫਾਇਨਾਂਸਰ ਨੌਜਵਾਨ ਦੇ ਪਰਿਵਾਰ ਨੇ ਮੁਲਜ਼ਮਾਂ ਦੀ ਗ਼੍ਰਿਫ਼ਤਾਰੀ ਤੱਕ ਪੋਸਟ ਮਾਰਟਮ ਨਾ ਕਰਾਉਣ ਦਾ ਫ਼ੈਸਲਾ ਕੀਤਾ ਹੈ। ਮ੍ਰਿਤਕ ਦੇਹ ਸਥਾਨਕ ਸਿਵਲ ਹਸਪਤਾਲ ਵਿੱਚ ਰੱਖ ਦਿੱਤੀ ਹੈ।
ਲੌਂਗੋਵਾਲ ਦੀ ਰੰਧਾਵਾ ਪੱਤੀ ਦੇ ਵਸਨੀਕ ਮ੍ਰਿਤਕ ਦੇ ਪਿਤਾ ਸੱਜਣ ਸਿੰਘ ਨੇ ਇਥੇ ਹਸਪਤਾਲ ਵਿਚ ਦੱਸਿਆ ਕਿ ਉਸ ਦਾ ਪੁੱਤਰ ਹਰਦੇਵ ਸਿੰਘ ਉਰਫ਼ ਹੈਪੀ (25) ਫਾਇਨਾਂਸ ਦਾ ਕੰਮ ਕਰਦਾ ਸੀ। ਹੈਪੀ ਆਪਣੀ ਸਕੂਟਰੀ ‘ਤੇ ਸਵਾਰ ਹੋ ਕੇ ਉਗਰਾਹੀ ਕਰਨ ਗਿਆ ਸੀ। ਉਹ ਕਰੀਬ ਦਸ ਵਜੇ ਲੌਂਗੋਵਾਲ ਦੇ ਅੰਦਰਲੇ ਖੂਹ ਨਜ਼ਦੀਕ ਮੁੱਖ ਬਾਜ਼ਾਰ ਵਿਚੋਂ ਵਾਪਸ ਪਰਤ ਰਿਹਾ ਸੀ। ਸਕੂਟਰ ਤੇ ਮੋਟਰਸਾਈਕਲਾਂ ‘ਤੇ ਸਵਾਰ ਅਸਲੇ ਨਾਲ ਲੈਸ ਗੈਂਗਸਟਰ ਬਬਲੀ ਰੰਧਾਵਾ, ਵਰਿੰਦਰਪਾਲ ਮੋਟਾ, ਅਮਨਾ, ਸਰਾਜ ਖਾਂ ਅਤੇ ਨਰਸੀ ਲੋਹਾਖੇੜਾ ਨੇ ਉਸ ਨੂੰ ਘੇਰ ਲਿਆ ਅਤੇ ਨੇੜਿਓਂ ਉਸ ਦੇ ਕਰੀਬ ਪੰਜ ਗੋਲੀਆਂ ਮਾਰੀਆਂ। ਹੈਪੀ ਦੀ ਥਾਏਂ ਮੌਤ ਹੋ ਗਈ। ਗੈਂਗਸਟਰ ਮ੍ਰਿਤਕ ਦੇ ਪਾਇਆ ਸੋਨੇ ਦਾ ਕੜਾ, ਚੇਨੀ ਅਤੇ ਲੱਖ ਰੁਪਏ ਦੀ ਨਗ਼ਦੀ ਵੀ ਲੈ ਗਏ। ਘਟਨਾ ਮਗਰੋਂ ਗੈਂਗਸਟਰ ਪਿਸਤੌਲ ਲਹਿਰਾਉਂਦੇ ਅਤੇ ਲਲਕਾਰੇ ਮਾਰਦੇ ਫ਼ਰਾਰ ਹੋ ਗਏ। ਸੱਜਣ ਸਿੰਘ ਨੇ ਕਿਹਾ ਕਿ ਬਬਲੀ ਰੰਧਾਵਾ ਨੇ ਉਸ ਦੇ ਪੁੱਤਰ ਹੈਪੀ ਨਾਲ ਗੱਦਾਰੀ ਕੀਤੀ ਹੈ। ਹੈਪੀ ਨੇ ਬਬਲੀ ਰੰਧਾਵਾ ਦੀ ਬਹੁਤ ਮਦਦ ਕੀਤੀ ਅਤੇ ਉਸ ਕੋਲੋਂ ਪੰਜ ਲੱਖ ਰੁਪਏ ਲੈਣੇ ਸਨ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਬਬਲੀ ਰੰਧਾਵਾ ਦੇ ਦੋਸਤ ਵਰਿੰਦਰ ਨੇ ਹੈਪੀ ਨੂੰ ਗਾਲ੍ਹਾਂ ਕੱਢੀਆਂ ਸਨ। 31 ਜਨਵਰੀ ਨੂੰ ਸਮਝੌਤੇ ਲਈ ਇਕੱਠੀਆਂ ਹੋਈਆਂ ਦੋਵਾਂ ਧਿਰਾਂ ਵਿਚਕਾਰ ਝਗੜਾ ਹੋ ਗਿਆ। ਕਰੀਬ ਪੰਜ ਦਿਨ ਪਹਿਲਾਂ ਹੀ ਪੰਚਾਇਤ ਵਿਚ ਦੋਵੇਂ ਧਿਰਾਂ ਦਰਮਿਆਨ ਰਾਜ਼ੀਨਾਮਾ ਹੋ ਗਿਆ ਸੀ। ਰਾਜ਼ੀਨਾਮੇ ਤੋਂ ਬਾਅਦ ਹੈਪੀ ਚੰਡੀਗੜ੍ਹ ਚਲਾ ਗਿਆ ਅਤੇ ਇਸੇ ਦਿਨ ਹੀ ਵਾਪਸ ਆਇਆ ਸੀ।
ਹੱਤਿਆ ਮਗਰੋਂ ਗੈਂਗਸਟਰ ਦਲਵਿੰਦਰ ਸਿੰਘ ਬਬਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਗੀਤ ‘ਪੂਰੇ ਹੋਸ਼ ਵਿਚ ਫਾਇਰ ਮਾਰੇ ਜੱਟ ਨੇ, ਅਸਲੇ ਦੀ ਘਾਟ ਕੋਈ ਨਾ’ ਅਪਲੋਡ ਕੀਤਾ। ਇਸ ਤੋਂ ਇਲਾਵਾ ਇੱਕ ਹੱਥ ਲਿਖਤ ਪੱਤਰ ਵੀ ਅਪਲੋਡ ਕੀਤਾ ਜਿਸ ਵਿਚ ਉਸ ਨੇ ਆਪਣੇ ਬਾਰੇ ਲਿਖਿਆ ਹੈ।
ਹਸਪਤਾਲ ਵਿੱਚ ਮ੍ਰਿਤਕ ਦੇ ਪਿਤਾ ਸੱਜਣ ਸਿੰਘ ਨੇ ਕਿਹਾ ਕਿ ਜਦੋਂ ਤੱਕ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਦੋਂ ਤੱਕ ਨਾ ਉਹ ਆਪਣੇ ਪੁੱਤਰ ਦਾ ਪੋਸਟ ਮਾਰਟਮ ਕਰਾਉਣਗੇ ਅਤੇ ਨਾ ਹੀ ਸਸਕਾਰ ਕਰਨਗੇ।
ਉਧਰ ਐਸਪੀ ਸੇਵਾ ਸਿੰਘ ਮੱਲ੍ਹੀ ਨੇ ਦੱਸਿਆ ਕਿ ਬਬਲੀ ਰੰਧਾਵਾ ਸਣੇ ਪੰਜ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ ਅਤੇ ਵੱਖ-ਵੱਖ ਟੀਮਾਂ ਵੱਲੋਂ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗੈਂਗਸਟਰ ਬਬਲੀ ਰੰਧਾਵਾ ਖ਼ਿਲਾਫ਼ ਵੱਖ-ਵੱਖ ਦੋਸ਼ਾਂ ਹੇਠ ਅੱਠ ਕੇਸ ਦਰਜ ਹਨ ਤੇ ਅੱਜਕੱਲ੍ਹ ਉਹ ਜ਼ਮਾਨਤ ‘ਤੇ ਸੀ। ਪੁਲੀਸ ਰਿਕਾਰਡ ਵਿੱਚ ਉਸ ਨੂੰ ਦਸ ਨੰਬਰੀ ਐਲਾਨਿਆ ਹੋਇਆ ਹੈ।