ਗੁਰਦੁਆਰਾ ਆਲਮਗੀਰ ਨੇੜਿਓਂ ਵੱਡੀ ਗਿਣਤੀ ਵਿਚ ਬੰਬ ਮਿਲੇ

ਗੁਰਦੁਆਰਾ ਆਲਮਗੀਰ ਨੇੜਿਓਂ ਵੱਡੀ ਗਿਣਤੀ ਵਿਚ ਬੰਬ ਮਿਲੇ

ਡੇਹਲੋਂ/ਆਲਮਗੀਰ/ਬਿਊਰੋ ਨਿਊਜ਼ :
ਲੁਧਿਆਣਾ-ਮਾਲੇਰਕੋਟਲਾ ਸੜਕ ‘ਤੇ ਗੁਰਦੁਆਰਾ ਆਲਮਗੀਰ ਸਾਹਿਬ ਨੂੰ ਜਾਂਦੀ ਸੜਕ ‘ਤੇ ਸਥਿਤ ਗੇਟ ਸਾਹਮਣੇ ਬੇਆਬਾਦ ਪਈ ਕਾਲੋਨੀ ਦੇ ਪਲਾਟਾਂ ਵਿਚੋਂ ਡੇਹਲੋਂ ਪੁਲੀਸ ਨੂੰ ਭਾਰੀ ਮਾਤਰਾ ਵਿਚ ਬੰਬ ਮਿਲੇ ਹਨ। ਇਨ੍ਹਾਂ ਬੰਬਾਂ ਦੀ ਗਿਣਤੀ ਕਰੀਬ 30 ਦੱਸੀ ਜਾ ਰਹੀ ਹੈ ਜਦਕਿ ਬੰਬਾਂ ਨੂੰ ਜੰਗਾਲ ਲੱਗਿਆ ਹੋਇਆ ਹੈ। ਇਨ੍ਹਾਂ 30 ਬੰਬਾਂ ਵਿਚ 26 ਤੋਪ ਬੰਬ, 3 ਹੱਥ ਗੋਲੇ ਬੰਬ ਤੇ ਇਕ ਹੱਥ ਗੋਲੇ ਬੰਬ ਦਾ ਖੋਲ ਸ਼ਾਮਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੰਬਾਂ ਦੀ ਖ਼ਬਰ ਕਾਲੋਨੀ ਵਿਚ ਸੈਰ ਕਰਨ ਆਏ ਕਿਸੇ ਵਿਅਕਤੀ ਨੇ ਪੁਲੀਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲੀਸ ਟੀਮ ਅਤੇ ਡੌਗ ਸਕੁਐਡ ਟੀਮ ਮੌਕੇ ‘ਤੇ ਪੁੱਜੀ। ਜ਼ਿਕਰਯੋਗ ਹੈ ਕਿ ਬੰਬ ਮਿਲਣ ਦੀ ਖ਼ਬਰ ਸਵੇਰੇ ਹੀ ਪੁਲੀਸ ਨੂੰ ਮਿਲ ਗਈ ਸੀ ਪਰ ਕਰੀਬ 12 ਘੰਟੇ ਬੀਤ ਜਾਣ ਮਗਰੋਂ ਕਿਸੇ ਵੀ ਹੋਰ ਸੀਨੀਅਰ ਪੁਲੀਸ ਅਧਿਕਾਰੀ ਜਾਂ ਸਿਵਲ ਪ੍ਰਸ਼ਾਸਨਿਕ ਅਧਿਕਾਰੀ ਨੇ ਘਟਨਾ ਸਥਾਨ ਦਾ ਦੌਰਾ ਕਰਨ ਦੀ ਲੋੜ ਨਾ ਸਮਝੀ, ਜਦਕਿ ਪ੍ਰਸ਼ਾਸਨ ਵੱਲੋਂ ਬੰਬਾਂ ਨੂੰ ਸੰਜੀਦਗੀ ਨਾਲ ਨਾ ਲੈਣ ਦੇ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਬੰਬ ਕਿਸੇ ਸਕਰੈਪ ਵਿਚ ਆਏ ਹੋ ਸਕਦੇ ਹਨ ਤੇ ਕੋਈ ਖਤਰਾ ਨਹੀਂ ਹੈ। ਥਾਣਾ ਮੁਖੀ ਡੇਹਲੋਂ ਦਲਬੀਰ ਸਿੰਘ ਨੇ ਦੱਸਿਆ ਕਿ ਫ਼ੌਜੀ ਟੀਮ ਨੂੰ ਬੁਲਾਉਣ ਲਈ ਪੱਤਰ ਲਿਖ ਦਿੱਤਾ ਹੈ ਤਾਂ ਕਿ ਬੰਬਾਂ ਨੂੰ ਨਕਾਰਾ ਕੀਤਾ ਜਾ ਸਕੇ।