ਟੀਚਰਾਂ ਤੋਂ ਦੁਖੀ ਚੀਮਾ ਦਾ ਕੇਜਰੀ ਸਟਾਈਲ-ਰਾਜ ਭਵਨ ‘ਤੇ ਰਾਤ ਭਰ ਦਿੱਤਾ ਧਰਨਾ

ਟੀਚਰਾਂ ਤੋਂ ਦੁਖੀ ਚੀਮਾ ਦਾ ਕੇਜਰੀ ਸਟਾਈਲ-ਰਾਜ ਭਵਨ ‘ਤੇ ਰਾਤ ਭਰ ਦਿੱਤਾ ਧਰਨਾ

ਚੀਮਾ ਦੀ ਕੋਠੀ ਵਿੱਚ ਧਰਨਾ ਦੇਣ ਵਾਲੇ 33 ਬੇਰੁਜ਼ਗਾਰ ਗ੍ਰਿਫ਼ਤਾਰ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਯੂਟੀ ਪ੍ਰਸ਼ਾਸਨ ਵਿਰੁੱਧ ਸੜਕ ਉਪਰ ਅਤੇ ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਇੱਥੇ ਸੈਕਟਰ-39 ਸਥਿਤ ਸਰਕਾਰੀ ਰਿਹਾਇਸ਼ ਵਿੱਚ ਧਰਨਾ ਦੇ ਕੇ ਨਵਾਂ ਵਰ੍ਹਾ ‘ਮਨਾਇਆ’। ਚੰਡੀਗੜ੍ਹ ਪੁਲੀਸ ਨੇ ਕਈ ਘੰਟੇ ਪਏ ਰੌਲੇ ਤੋਂ ਬਾਅਦ ਤੜਕੇ ਦੋ ਵਜੇ ਡਾ. ਚੀਮਾ ਦੀ ਕੋਠੀ ਦੇ ਬਾਹਰ ਤੇ ਅੰਦਰ ਧਰਨਾ ਮਾਰੀ ਬੈਠੇ ਬੇਰੁਜ਼ਗਾਰ ਅਧਿਆਪਕਾਂ ਨੂੰ ਕਿਸੇ ਤਰ੍ਹਾਂ ਸ਼ਾਂਤ ਕਰ ਕੇ ਬਾਹਰ ਕੱਢਿਆ ਅਤੇ ਇਸ ਦੌਰਾਨ ਪੁਲੀਸ ਨੇ 33 ਬੇਰੁਜ਼ਗਾਰਾਂ ਨੂੰ ਗ੍ਰਿਫ਼ਤਾਰ ਕਰ ਕੇ ਥਾਣੇ ਬੰਦ ਕਰ ਦਿੱਤਾ। ਗ੍ਰਿਫ਼ਤਾਰ ਕੀਤੇ ਬੇਰੁਜ਼ਗਾਰਾਂ ਵਿੱਚ 12 ਲੜਕੀਆਂ ਤੇ 21 ਲੜਕੇ ਸ਼ਾਮਲ ਹਨ। ਬੇਰੁਜ਼ਗਾਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਡਾ. ਚੀਮਾ ਦੇ ਪੀਏ ਪਰਮਿੰਦਰ ਸਿੰਘ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਹੈ। ਪੁਲੀਸ ਨੇ 21 ਮੁੰਡਿਆਂ ਵਿਰੁੱਧ ਧਾਰਾ 107 ਤੇ 151 ਦੀ ਕਾਰਵਾਈ ਕਰ ਕੇ ਉਨ੍ਹਾਂ ਨੂੰ 14 ਦਿਨਾਂ ਲਈ ਬੁੜੈਲ ਜੇਲ੍ਹ ਭੇਜ ਦਿੱਤਾ ਹੈ। ਕੁੜੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ। ਪੁਲੀਸ ਸੂਤਰਾਂ ਅਨੁਸਾਰ ਭਾਵੇਂ ਬੇਰੁਜ਼ਗਾਰ ਸ਼ਨਿੱਚਰਵਾਰ ਸਵੇਰੇ ਡਾ. ਚੀਮਾ ਦੀ ਕੋਠੀ ਦਾ ਘਿਰਾਓ ਕਰ ਕੇ ਉਥੇ ਬੈਠ ਗਏ ਸਨ ਪਰ ਸਿੱਖਿਆ ਮੰਤਰੀ ਦੇ ਸਟਾਫ਼ ਨੇ ਇਸ ਦੀ ਸ਼ਿਕਾਇਤ ਸ਼ਾਮੀਂ 6 ਵਜੇ ਦਿੱਤੀ।
ਬੇਰੁਜ਼ਗਾਰਾਂ ਵੱਲੋਂ ਆਤਮਦਾਹ ਕਰਨ ਦੀ ਧਮਕੀ ਦੇਣ ਕਾਰਨ ਚੰਡੀਗੜ੍ਹ ਪੁਲੀਸ ਉਨ੍ਹਾਂ ਨੂੰ ਤਾਕਤ ਦੀ ਵਰਤੋਂ ਕਰ ਕੇ ਕੋਠੀ ਵਿੱਚੋਂ ਬਾਹਰ ਕੱਢਣ ਤੋਂ ਝਿਜਕ ਰਹੀ ਸੀ। ਇਸ ਦੌਰਾਨ ਜਦੋਂ ਡਾ. ਚੀਮਾ ਨੇ ਰਾਤ ਨੂੰ ਪੰਜਾਬ ਰਾਜ ਭਵਨ ਮੂਹਰੇ ਸੜਕ ਉਪਰ ਰੋਸ ਧਰਨਾ ਦਿੱਤਾ ਤਾਂ ਚੰਡੀਗੜ੍ਹ ਪੁਲੀਸ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਵਿੱਚ ਖਲਬਲੀ ਮਚ ਗਈ। ਧਰਨੇ ਦੌਰਾਨ ਡਾ. ਚੀਮਾ ਨੇ ਦੋਸ਼ ਲਾਇਆ ਕਿ ਚੰਡੀਗੜ੍ਹ ਪੁਲੀਸ ਵਿੱਚ ਪੰਜਾਬ ਪੁਲੀਸ ਦਾ ਕੋਈ ਅਧਿਕਾਰੀ ਨਾ ਹੋਣ ਕਾਰਨ ਇੱਥੋਂ ਦੇ ਅਧਿਕਾਰੀ ਪੰਜਾਬ ਦੇ ਇਕ ਮੰਤਰੀ ਦੀ ਸੁਣਵਾਈ ਕਰਨ ਤੋਂ ਵੀ ਇਨਕਾਰੀ ਹਨ। ਤੜਕੇ ਇਕ ਵਜੇ ਰਾਜਪਾਲ ਵੀ.ਪੀ. ਬਦਨੌਰ ਨੇ ਚੰਡੀਗੜ੍ਹ ਦੇ ਇੰਸਪੈਕਟਰ ਜਨਰਲ ਤਜਿੰਦਰ ਸਿੰਘ ਲੂਥਰਾ ਨੂੰ ਤਲਬ ਕਰ ਕੇ ਡਾ. ਚੀਮਾ ਦੀ ਕੋਠੀ ਤੁਰੰਤ ਖਾਲੀ ਕਰਨ ਦੇ ਹੁਕਮ ਦਿੱਤੇ। ਇਸ ਤੋਂ ਬਾਅਦ ਸ੍ਰੀ ਲੂਥਰਾ ਨੇ ਡਾ. ਚੀਮਾ ਨਾਲ ਗੱਲਬਾਤ ਕੀਤੀ ਅਤੇ ਬੇਰੁਜ਼ਗਾਰਾਂ ਨਾਲ ਮੀਟਿੰਗ ਕਰਨ ਦਾ ਸੁਝਾਅ ਦਿੱਤਾ। ਇਸ ਤੋਂ ਬਾਅਦ ਤੜਕੇ ਡੇਢ ਵਜੇ ਦੇ ਕਰੀਬ ਡਾ. ਚੀਮਾ ਆਪਣੀ ਕੋਠੀ ਆਏ ਅਤੇ ਬੇਰੁਜ਼ਗਾਰਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਲਈ ਸਹਿਮਤ ਹੋਏ, ਜਿਸ ਤੋਂ ਬਾਅਦ ਧਰਨਾ ਮਾਰੀ ਬੈਠੇ 116 ਦੇ ਕਰੀਬ ਬੇਰੁਜ਼ਗਾਰ ਕੋਠੀ ਤੋਂ ਬਾਹਰ ਆ ਗਏ।
ਡਾ. ਚੀਮਾ ਨਾਲ ਗੱਲਬਾਤ ਤੋਂ ਬਾਅਦ ਪੁਲੀਸ ਨੇ 33 ਬੇਰੁਜ਼ਗਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਬਾਕੀ ਵਾਪਸ ਚਲੇ ਗਏ। ਡਾ. ਚੀਮਾ ਨੇ ਦੱਸਿਆ ਕਿ ਡੀਪੀਆਈ ਬੇਰੁਜ਼ਗਾਰਾਂ ਨੂੰ ਮਿਲ ਕੇ ਸਪਸ਼ਟ ਕਰ ਚੁੱਕੇ ਹਨ ਕਿ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਈਟੀਟੀ ਅਧਿਆਪਕਾਂ ਦੀਆਂ ਸਮੂਹ ਆਸਾਮੀਆਂ ਭਰੀਆਂ ਜਾ ਚੁੱਕੀਆਂ ਹਨ ਪਰ ਬੇਰੁਜ਼ਗਾਰ ਹੋਰ ਭਰਤੀ ਕਰਨ ਦੀ ਜ਼ਿੱਦ ਕਰ ਰਹੇ ਹਨ। ਦੂਜੇ ਪਾਸੇ ਬੇਰੁਜ਼ਗਾਰਾਂ ਦੇ ਪ੍ਰਤੀਨਿਧ ਕਮਲ ਠਾਕੁਰ ਨੇ ਕਿਹਾ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਮੂਹ 6505 ਆਸਾਮੀਆਂ ਭਰਨ ਦੇ ਆਦੇਸ਼ ਦਿੱਤੇ ਹਨ ਪਰ ਕੇਵਲ 4800 ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ।