ਸੁਖਬੀਰ ਬਾਦਲ ਦੀ ਜਲ ਬੱਸ ਨੇ ਡੋਬ ਦਿੱਤੀਆਂ ਸਰਹੱਦੀ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ

ਸੁਖਬੀਰ ਬਾਦਲ ਦੀ ਜਲ ਬੱਸ ਨੇ ਡੋਬ ਦਿੱਤੀਆਂ ਸਰਹੱਦੀ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ

ਫ਼ਿਰੋਜ਼ਪੁਰ/ਬਿਊਰੋ ਨਿਊਜ:
ਪੰਜਾਬ ਦੇ ਪਾਣੀਆਂ ਵਿੱਚ ਜਲ-ਬੱਸਾਂ ਚਲਾਉਣ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸੁਪਨਮਈ ਪ੍ਰੋਜੈਕਟ ਨੂੰ ਪੂਰਾ ਕਰਨ ਤੇ ਮਹਿਜ ਪਾਣੀ ਵਾਲੀ ਬੱਸ ਨੂੰ ਚਲਾਉਣ ਖ਼ਾਤਰ ਹਰੀਕੇ ਪੱਤਣ ‘ਚ ਪਾਣੀ ਦਾ ਪੱਧਰ ਉੱਚਾ ਕਰਨ ਲਈ ਭਾਖੜਾ ਡੈਮ ਤੋਂ ਛੁਡਵਾਇਆ ਪਾਣੀ ਕਿਸਾਨਾਂ ਲਈ ਤਬਾਹੀ ਦਾ ਕਾਰਨ ਬਣ ਚੁੱਕਾ ਹੈ . ਹਾਲ ਇਹ ਹੈ ਕਿ ਉਕਤ ਵਾਧੂ ਪਾਣੀ ਨਾਲ ਕੌਮਾਂਤਰੀ ਸਰਹੱਦ ਹੁਸੈਨੀਵਾਲਾ ਨੇੜਲੇ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ . ਸਿੰਚਾਈ ਵਿਭਾਗ ਹਰੀਕੇ ਡਵੀਜ਼ਨ ਦੇ ਜਿਹੜੇ ਅਧਿਕਾਰੀ ਬੀਤੇ ਦਿਨ ਪਾਣੀ ਦੀ ਬੱਸ ਚੱਲਣ ਵੇਲੇ ਆਪਣੇ-ਆਪ ਨੂੰ ਆਪ ਮੁਹਾਰੇ ਪੇਸ਼ ਕਰ ਰਹੇ ਸਨ, ਹੁਣ ਫ਼ਸਲਾਂ ਦੀ ਹੋਈ ਤਬਾਹੀ ਸਬੰਧੀ ਪੱਲਾ ਝਾੜ ਰਹੇ ਹਨ .

ਦੱਸਣਯੋਗ ਹੈ ਕਿ ਬੀਤੀ 9 ਦਸੰਬਰ ਨੂੰ ਹਰੀਕੇ ਪੱਤਣ ਵਿਖੇ ਡ੍ਰੀਮ ਪ੍ਰੋਜੈਕਟ ਅਧੀਨ ਪਾਣੀ ਵਾਲੀ ਬੱਸ ਨੂੰ ਦਰਿਆ ‘ਚ ਉਤਾਰ ਕੇ ਚਲਾਉਣ ਦਾ ਯਤਨ ਕੀਤਾ ਗਿਆ ਸੀ । ਪਾਣੀ ਦਾ ਪੱਧਰ ਨੀਵਾਂ ਹੋਣ ਕਰਕੇ ਉਕਤ ਪਾਣੀ ਵਾਲੀ ਬੱਸ ਦਰਿਆ ‘ਚ ਨਹੀਂ ਉਤਰੀ, ਜਿਸ ਨੂੰ ਦੇਖਦਿਆਂ ਅਧਿਕਾਰੀਆਂ ਵੱਲੋਂ ਪਾਣੀ ਦਾ ਪੱਧਰ ਉਚਾ ਚੁੱਕਣ ਲਈ ਮਨਸੂਬੇ ਘੜੇ ਗਏ ।  ਸੂਤਰਾਂ ਮੁਤਾਬਿਕ ਭਾਖੜਾ ਡੈਮ ਤੋਂ ਪਾਣੀ ਛੁਡਵਾਇਆ ਗਿਆ ਤੇ ਮੁੜ 10 ਦਸੰਬਰ ਨੂੰ ਟਰਾਇਲ ਅਧੀਨ ਬੱਸ ਨੂੰ ਪਾਣੀ ‘ਚ ਉਤਾਰਿਆ ਗਿਆ, ਪਰ ਫ਼ਿਰ ਉਕਤ ਜਲ ਬੱਸ ਦੀ ਪਾਣੀ ‘ਚ ਚੱਲਣ ਵਾਲੀ ਸਥਿਤੀ ਜਿਉਂ ਦੀ ਤਿਉਂ ਰਹੀ ।  ਹੌਲੀ-ਹੌਲੀ ਹਰੀਕੇ ਪੱਤਣ ‘ਤੇ ਪਾਣੀ ਇਕੱਤਰ ਹੁੰਦਾ ਗਿਆ ਤੇ ਜਿਵੇਂ ਹੀ ਪਾਣੀ ਦਾ ਪੱਧਰ ਉਚਾ ਹੋਇਆ ਤਾਂ 11 ਦਸੰਬਰ ਨੂੰ ਲਏ ਟਰਾਇਲ ‘ਚ ਡ੍ਰੀਮ ਪ੍ਰੋਜੈਕਟ ਨੂੰ ਸਫ਼ਲਤਾ ਮਿਲੀ .
12 ਦਸੰਬਰ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਡ੍ਰੀਮ ਪ੍ਰੋਜੈਕਟ ਨੂੰ ਬੂਰ ਪਿਆ ਤੇ ਪਾਣੀ ਵਾਲੀ ਬੱਸ ਨੂੰ ਕਾਮਯਾਬੀ ਮਿਲੀ, ਓਧਰ ਹਰੀਕੇ ਪੱਤਣ ਵਿਖੇ ਪਾਣੀ ਦਾ ਪੱਧਰ ਉਚਾ ਹੋ ਚੁੱਕਾ ਸੀ, ਪਰ ਪਾਣੀ ਸਟੋਰ ਕਰਨ ਵਾਲੇ ਗੇਟ ‘ਚ ਖ਼ਰਾਬੀ ਹੋਣ ਕਾਰਨ ਇਸ ਨੂੰ ਵਹਾਅ ਦਿੱਤਾ ਗਿਆ, ਜਿਸ ਦੇ ਸਿੱਟੇ ਵਜੋਂ ਉਕਤ ਪਾਣੀ ਰਫ਼ਤਾਰ ਫੜਦਾ ਕਿਸਾਨਾਂ ਦੇ ਖੇਤਾਂ ‘ਚ ਆਣ ਵੜਿਆ, ਜਿਸ ਕਾਰਨ ਕੌਮਾਂਤਰੀ ਸਰਹੱਦ ਹੁਸੈਨੀਵਾਲਾ ਨਜ਼ਦੀਕ ਪਿੰਡ ਖੁੰਦੜ ਗੱਟੀ, ਹਬੀਬ ਕੇ, ਅਲੀ ਕੇ, ਗੁਲਾਮ ਹੁਸੈਨ ਵਾਲਾ ਆਦਿ ਦਰਿਆ ਨੇੜਲੇ ਪਿੰਡਾਂ ਦੀ ਜ਼ਮੀਨ ਬੁਰੀ ਪ੍ਰਭਾਵਿਤ ਹੋਣ ਕਾਰਨ ਕਣਕ, ਹੋਰ ਫਸਲਾਂ ਤੋਂ ਇਲਾਵਾ ਗਾਜਰਾਂ ਅਤੇ ਹੋਰ ਸਬਜ਼ਦਾਂ ਭਾਰੀ ਨੁਕਸਾਨ ਹੋਇਆ ਹੈ।