ਸਾਬਕਾ ਕੌਂਸਲਰ ਦੇ ਪੁੱਤ ਦੀ ਲਾਇਸੈਂਸੀ ਬੰਦੂਕ ‘ਚੋਂ ਚੱਲੀ ਗੋਲੀ ਨੇ ਲਈ ਆਰਕੈਸਟਰਾ ਡਾਂਸਰ ਦੀ ਜਾਨ

ਸਾਬਕਾ ਕੌਂਸਲਰ ਦੇ ਪੁੱਤ ਦੀ ਲਾਇਸੈਂਸੀ ਬੰਦੂਕ ‘ਚੋਂ ਚੱਲੀ ਗੋਲੀ ਨੇ ਲਈ ਆਰਕੈਸਟਰਾ ਡਾਂਸਰ ਦੀ ਜਾਨ

ਸੰਜੂ ਗੋਇਲ ਦੀ ਬੰਦੂਕ ਲੈ ਕੇ ਆਇਆ ਸੀ ਮੁਲਜ਼ਮ
ਮੌੜ ਮੰਡੀ/ਬਿਊਰੋ ਨਿਊਜ਼ :
ਮੌੜ ਮੰਡੀ ਦੇ ਆਸ਼ੀਰਵਾਦ ਪੈਲੇਸ ਵਿਚ ਸ਼ਨਿੱਚਰਵਾਰ ਨੂੰ ਵਿਆਹ ਸਮਾਰੋਹ ਦੌਰਾਨ ਸਾਬਕਾ ਕੌਂਸਲਰ ਵਿਜੈ ਗੋਇਲ ਦੇ ਪੁੱਤਰ ਸੰਜੂ ਗੋਇਲ ਦੇ ਨਾਂ ਲਾਇਸੈਂਸੀ ਬੰਦੂਕ ਤੋਂ ਚੱਲੀ ਗੋਲੀ ਨਾਲ ਆਰਕੈਸਟਰਾ ਡਾਂਸਰ ਕੁਲਵਿੰਦਰ ਕੌਰ ਦੀ ਮੌਤ ਹੋ ਗਈ। ਕੁਲਵਿੰਦਰ ਕੌਰ ਦੋ ਮਹੀਨਿਆਂ ਦੀ ਗਰਭਵਤੀ ਸੀ। ਕੌਂਸਲਰ ਦੇ ਮੁੰਡੇ ਨੇ ਹਾਲੇ ਕੁਝ ਦਿਨ ਪਹਿਲਾਂ ਹੀ ਹਥਿਆਰ ਲਈ ਲਾਇਸੈਂਸ ਲਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਮਿਊਜ਼ੀਕਲ ਗਰੁੱਪ ਸਰਦੂਲਗੜ੍ਹ ਆਸ਼ੀਰਵਾਦ ਪੈਲੇਸ ਵਿਚ ਮੌੜ ਨਿਵਾਸੀ ਨਰਿੰਦਰ ਕੁਮਾਰ ਦੇ ਲੜਕੇ ਦੇ ਵਿਆਹ ਸਮਾਗਮ ਵਿਚ ਪ੍ਰੋਗਰਾਮ ਪੇਸ਼ ਕਰਨ ਆਇਆ ਹੋਇਆ ਸੀ। ਗਰੁੱਪ ਵਿੱਚ ਆਰਕੈਸਟਰਾ ਦੀ ਮੈਂਬਰ ਕੁਲਵਿੰਦਰ ਕੌਰ (25) ਪਤਨੀ ਰਾਜਿੰਦਰ ਸਿੰਘ ਵਾਸੀ ਬਠਿੰਡਾ ਵੀ ਆਈ ਹੋਈ ਸੀ। ਰਾਤ ਲਗਭਗ 11 ਵਜੇ ਕੁਲਵਿੰਦਰ ਹੋਰਨਾਂ ਲੜਕੀਆਂ ਨਾਲ ਜਦੋਂ ਸਟੇਜ ‘ਤੇ ਡਾਂਸ ਕਰ ਰਹੀ ਸੀ ਤਾਂ ਉਥੇ ਕੁਝ  ਨੌਜਵਾਨਾਂ ਵੱਲੋਂ ਰਾਈਫਲ ਫੜ ਕੇ ਭੰਗੜਾ ਪਾਇਆ ਜਾ ਰਿਹਾ ਸੀ। ਇਸ ਦੌਰਾਨ ਬਿੱਲਾ ਨਾਂ ਦੇ ਵਿਅਕਤੀ ਨੇ ਸਟੇਜ ‘ਤੇ ਚੜ੍ਹ ਕੇ ਲੜਕੀਆਂ ਨਾਲ ਨੱਚਣ ਦੀ ਜ਼ਿੱਦ ਕੀਤੀ। ਸਟੇਜ ਪ੍ਰਬੰਧਕ ਅੰਗਰੇਜ਼ ਸਿੰਘ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਬਿੱਲੇ ਨੇ 12 ਬੋਰ ਦੀ ਰਾਈਫਲ ਨਾਲ ਸਟੇਜ ‘ਤੇ  ਡਾਂਸ ਕਰ ਰਹੀ ਕੁਲਵਿੰਦਰ ਕੌਰ ਦੇ ਸਿਰ ਵਿਚ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਬਿੱਲਾ ਅਤੇ ਉਸ ਦੇ ਨਾਲ ਦਾ ਇਕ ਹੋਰ ਵਿਅਕਤੀ, ਜਿਸ ਦੇ ਹੱਥ ਵਿੱਚ ਰਿਵਾਲਵਰ ਸੀ, ਮੌਕੇ ਤੋਂ ਫਰਾਰ ਹੋ ਗਏ। ਥਾਣਾ ਮੌੜ ਦੀ ਪੁਲੀਸ ਵੱਲੋਂ ਮ੍ਰਿਤਕ ਲੜਕੀ ਦੇ ਪਤੀ ਰਾਜਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮਗਰੋਂ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਦੌਰਾਨ ਲੜਕੀ ਦੇ ਨਜ਼ਦੀਕੀਆਂ ਅਤੇ ਆਰਕੈਸਟਰਾ ਵਾਲਿਆਂ ਨੇ ਹਸਪਤਾਲ ਅੱਗੇ ਸੜਕ ਜਾਮ ਕਰ ਦਿੱਤੀ। ਵਿਰਾਸਤ ਕਲਾ ਮੰਚ ਦੇ ਪ੍ਰਧਾਨ ਰਮਨਦੀਪ ਮੰਗਾ ਦੀ ਅਗਵਾਈ ਹੇਠ ਲਾਏ ਗਏ ਜਾਮ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਤਕ ਲੜਕੀ ਦਾ ਪੋਸਟ ਮਾਰਟਮ ਨਹੀਂ ਕਰਵਾਇਆ ਜਾਏਗਾ। ਮ੍ਰਿਤਕ ਕੁਲਵਿੰਦਰ ਕੌਰ ਦੇ ਨਜ਼ਦੀਕੀਆਂ ਨੇ ਦੋਸ਼ ਲਗਾਇਆ ਕਿ ਪੁਲੀਸ ਦੋਸ਼ੀਆਂ ਖਿਲਾਫ਼ ਨਰਮੀ ਵਾਲਾ ਵਤੀਰਾ ਅਪਣਾ ਰਹੀ ਹੈ। ਜਾਮ ਮੌਕੇ ਜਦੋਂ ਪੁਲੀਸ ਦੀ ਇੱਕ ਗੱਡੀ ਉਥੋਂ ਲੰਘਣ ਲੱਗੀ ਤਾਂ ਧਰਨਾਕਾਰੀਆਂ ਨੇ ਉਸ ਨੂੰ ਰੋਕ ਲਿਆ। ਦੋਵਾਂ ਧਿਰਾਂ ਵਿੱਚ ਧੱਕਾ-ਮੁੱਕੀ ਵੀ ਹੋਈ। ਬਾਅਦ ਵਿਚ ਐਸਪੀ ਡੀ ਬਿਕਰਮਜੀਤ ਸਿੰਘ ਨੇ ਆਰਕੈਸਟਰਾ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਭਰੋਸਾ ਦਿਵਾ ਕੇ ਧਰਨਾ ਚੁੱਕਵਾ ਦਿੱਤਾ। ਮੌੜ ਮੰਡੀ ਪੁਲੀਸ ਨੇ ਮ੍ਰਿਤਕਾ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।