ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਸਥਾਪਤੀ ਲਈ ਕਬਜ਼ਾ ਲੈਣ ਜਾ ਰਹੇ ਸਿੱਖ ਹਿਰਾਸਤ ਵਿਚ ਲਏ

ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਸਥਾਪਤੀ ਲਈ ਕਬਜ਼ਾ ਲੈਣ ਜਾ ਰਹੇ ਸਿੱਖ ਹਿਰਾਸਤ ਵਿਚ ਲਏ

ਸ਼ਾਮ ਵੇਲੇ ਮੁਚਲਕੇ ਭਰਨ ਮਗਰੋਂ ਰਿਹਾਅ ਕੀਤਾ
ਅੰਮ੍ਰਿਤਸਰ/ਬਿਊਰੋ ਨਿਊਜ਼ :
ਹਰਿਦੁਆਰ ਸਥਿਤ ਹਰਿ ਕੀ ਪਉੜੀ ਵਿਖੇ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਸਥਾਪਤੀ ਦੀ ਮੰਗ ਸਬੰਧੀ ਆਲ ਇੰਡੀਆ ਸਿੱਖ ਕਾਨਫਰੰਸ ਦੇ ਆਗੂਆਂ ਨੂੰ ਗੁਰਪੁਰਬ ਮੌਕੇ ਗੁਰਦੁਆਰਾ ਪਾਉਂਟਾ ਸਾਹਿਬ ਤੋਂ ਦੇਹਰਾਦੂਨ ਜਾਣ ਸਮੇਂ ਉਤਰਾਖੰਡ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਸ਼ਾਮ ਵੇਲੇ ਮੁਚਲਕੇ ‘ਤੇ ਰਿਹਾਅ ਕੀਤਾ।
ਆਲ ਇੰਡੀਆ ਸਿੱਖ ਕਾਨਫਰੰਸ ਦੇ ਪ੍ਰਧਾਨ ਗੁਰਚਰਨ ਸਿੰਘ ਬੱਬਰ ਨੇ ਦੱਸਿਆ ਕਿ ਹਰਿ ਕੀ ਪਉੜੀ (ਹਰਿਦੁਆਰ) ਵਿਖੇ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਸਥਾਪਤੀ ਦੀ ਮੰਗ ਕੀਤੀ ਜਾ ਰਹੀ ਹੈ। ਉਤਰਾਖੰਡ ਦੇ ਸਾਬਕਾ ਮੁਖ ਮੰਤਰੀ ਵੱਲੋਂ ਇਸ ਸਬੰਧੀ ਹਰਿ ਕੀ ਪਉੜੀ ਨੇੜੇ ਲੋੜੀਂਦੀ ਥਾਂ ਦੇਣ ਦਾ ਭਰੋਸਾ ਦੇ ਦਿੱਤਾ ਸੀ ਪਰ ਇਹ ਭਰੋਸਾ ਹੁਣ ਤੱਕ ਪੂਰਾ ਨਹੀਂ ਹੋਇਆ। ਇਸੇ ਮੰਗ ਸਬੰਧੀ ਅਤੇ ਗੁਰਪੁਰਬ ਮਨਾਉਣ ਲਈ ਜਥੇਬੰਦੀ ਦੇ ਕਾਰਕੁਨ ਹਰਿਦੁਆਰ ਜਾਣ ਲਈ ਰਵਾਨਾ ਹੋਏ ਸਨ ਪਰ ਉਨ੍ਹਾਂ ਨੂੰ ਉਤਰਾਖੰਡ ਪੁਲੀਸ ਨੇ ਦੇਹਰਾਦੂਨ ਸਰਹੱਦ ‘ਤੇ ਹੀ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਦੱਸਿਆ ਕਿ ਉਹ ਆਪਣੇ ਸਮਰਥਕਾਂ ਸਮੇਤ ਸਵੇਰੇ ਦਿੱਲੀ ਤੋਂ ਗੁਰਦੁਆਰਾ ਪਾਉਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਪੁੱਜੇ ਸਨ ਅਤੇ ਉਥੋਂ ਹਰਿ ਕੀ ਪਉੜੀ ਲਈ ਰਵਾਨਾ ਹੋਏ ਪਰ ਦੇਹਰਾਦੂਨ ਵਿੱਚ ਦਾਖਲ ਹੁੰਦਿਆਂ ਹੀ ਉਥੇ ਪਹਿਲਾਂ ਤੋਂ ਮੌਜੂਦ ਪੁਲੀਸ ਨੇ ਸਾਰੇ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਉਨ੍ਹਾਂ ਨੂੰ ਦੂਨ ਵੈਡਿੰਗ ਪੈਲੇਸ ਵਿੱਚ ਲੈ ਗਈ, ਜਿਥੇ ਉਨ੍ਹਾਂ ਨੂੰ ਸਾਰਾ ਦਿਨ ਨਜ਼ਰਬੰਦ ਰੱਖਿਆ ਗਿਆ। ਮਗਰੋਂ ਸ਼ਾਮ ਸਮੇਂ ਮੁਚਲਕੇ ‘ਤੇ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਹਰਿ ਕੀ ਪਉੜੀ ਸਥਿਤ ਗੁਰਦੁਆਰਾ ਗਿਆਨ ਗੋਦੜੀ ਵਾਲੀ ਥਾਂ ‘ਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਉਤਰਾਖੰਡ ਸਰਕਾਰ ਨੇ ਗੁਰਪੁਰਬ ਨਹੀਂ ਮਨਾਉਣ ਦਿੱਤਾ। ਦੱਸਣਯੋਗ ਹੈ ਕਿ ਗੁਰਦੁਆਰਾ ਗਿਆਨ ਗੋਦੜੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ ਅਤੇ ਸਿੱਖ ਵਿਰੋਧੀ ਦੰਗਿਆਂ ਸਮੇਂ ਇਹ ਗੁਰਦੁਆਰਾ ਢਹਿ ਢੇਰੀ ਹੋ ਗਿਆ ਸੀ। ਮਗਰੋਂ ਇਸ ਥਾਂ ‘ਤੇ ਨਾਜਾਇਜ਼ ਕਬਜ਼ਾ ਕਰ ਲਿਆ ਗਿਆ। ਹੁਣ ਇਸ ਥਾਂ ‘ਤੇ ਇੱਕ ਦਫ਼ਤਰ ਬਣਿਆ ਹੋਇਆ ਹੈ। ਇਸ ਥਾਂ ‘ਤੇ ਗੁਰਦੁਆਰਾ ਉਸਾਰਨ ਲਈ ਢੁਕਵੀਂ ਜਗ੍ਹਾਂ ਦੇਣ ਦੀ ਮੰਗ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਉਤਰਾਖੰਡ ਦੇ ਮੁੱਖ ਮੰਤਰੀ ਨਾਲ ਦੋ-ਤਿੰਨ ਵਾਰ ਮੁਲਾਕਾਤ ਵੀ ਕਰ ਚੁੱਕੇ ਹਨ। ਪਰ ਹੁਣ ਤਕ ਕੋਈ ਸਾਰਥਕ ਸਿੱਟਾ ਸਾਹਮਣੇ ਨਹੀਂ ਆਇਆ ਹੈ। ਇਸ ਦੌਰਾਨ ਆਲ ਇੰਡੀਆ ਸਿੱਖ ਕਾਨਫਰੰਸ ਦੇ ਪ੍ਰਧਾਨ ਗੁਰਚਰਨ ਸਿੰਘ ਬੱਬਰ ਹਰ ਵਰ੍ਹੇ ਹਰਿ ਕੀ ਪਉੜੀ ‘ਤੇ ਗੁਰਦੁਆਰੇ ਵਾਲੀ ਥਾਂ ‘ਤੇ ਗੁਰਪੁਰਬ ਮਨਾਉਣ ਦਾ ਪ੍ਰੋਗਰਾਮ ਬਣਾ ਚੁੱਕੇ ਹਨ ਅਤੇ ਪਿਛਲੇ ਵਰ੍ਹੇ ਵੀ ਉਨ੍ਹਾਂ ਨੂੰ ਹਰਿ ਕੀ ਪਉੜੀ ਜਾਣ ਤੋਂ ਰੋਕ ਦਿੱਤਾ ਗਿਆ ਸੀ।