ਗ੍ਰਹਿ ਮੰਤਰੀ ਰਾਜਨਾਥ ਸਾਰਕ ਕਾਨਫਰੰਸ ‘ਚ ਹਿੱਸਾ ਲੈਣ ਪੁੱਜੇ ਪਾਕਿਸਤਾਨ

ਗ੍ਰਹਿ ਮੰਤਰੀ ਰਾਜਨਾਥ ਸਾਰਕ ਕਾਨਫਰੰਸ ‘ਚ ਹਿੱਸਾ ਲੈਣ ਪੁੱਜੇ ਪਾਕਿਸਤਾਨ

ਇਸਲਾਮਾਬਾਦ/ਬਿਊਰੋ ਨਿਊਜ਼ :
ਸਾਰਕ ਗ੍ਰਹਿ ਮੰਤਰੀਆਂ ਦੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਇਥੇ ਪਹੁੰਚ ਗਏ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਸਰਹੱਦ ਪਾਰ ਅਤਿਵਾਦ ਅਤੇ ਅਤਿ ਲੋੜੀਂਦੇ ਅਤਿਵਾਦੀ ਦਾਊਦ ਇਬਰਾਹਿਮ ਦਾ ਮੁੱਦਾ ਉਠਾਏ ਜਾਣ ਦੀ ਉਮੀਦ ਹੈ। ਗ੍ਰਹਿ ਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਦੇ ਵਫ਼ਦ ਨਾਲ ਗਏ ਸ੍ਰੀ ਰਾਜਨਾਥ ਦੀ ਇਹ ਪਹਿਲੀ ਪਾਕਿ ਫੇਰੀ ਹੈ। ਉਨ੍ਹਾਂ ਵੱਲੋਂ ਦੱਖਣ ਏਸ਼ਿਆਈ ਮੁਲਕਾਂ ਵਿੱਚ ਜ਼ਿਕਰਯੋਗ ਸਹਿਯੋਗ ‘ਤੇ ਜ਼ੋਰ ਦਿੱਤਾ ਜਾਵੇਗਾ। ਸਾਰਕ ਕਾਨਫਰੰਸ ਲਈ ਰਵਾਨਾ ਹੋਣ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਖਿੱਤੇ ਵਿੱਚ ਅਤਿਵਾਦ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਜ਼ਿਕਰਯੋਗ ਸਹਿਯੋਗ ਦੀ ਉਮੀਦ ਹੈ। ਇਹ ਕਾਨਫਰੰਸ ਸੁਰੱਖਿਆ ਨਾਲ ਸਬੰਧਤ ਮੁੱਦਿਆਂ ਉਤੇ ਗੱਲਬਾਤ ਲਈ ਇਕ ਮੰਚ ਹੈ। ਦੱਸਣਯੋਗ ਹੈ ਕਿ ਲਸ਼ਕਰ-ਏ-ਤੋਇਬਾ ਦੇ ਬਾਨੀ ਹਾਫਿਜ਼ ਸਈਦ ਵੱਲੋਂ ਗ੍ਰਹਿ ਮੰਤਰੀ ਦੇ ਫੇਰੀ ਖ਼ਿਲਾਫ਼ ਦੇਸ਼ ਵਿਆਪੀ ਰੋਸ ਮੁਜ਼ਾਹਰੇ ਕਰਨ ਦੀ ਦਿੱਤੀ ਧਮਕੀ ਦੇ ਬਾਵਜੂਦ ਸ੍ਰੀ ਰਾਜਨਾਥ ਇਸ ਕਾਨਫਰੰਸ ਵਿੱਚ ਹਿੱਸਾ ਲੈਣ ਜਾ ਰਹੇ ਹਨ।
ਮੀਟਿੰਗ ਵਿੱਚ ਸਾਰਕ ਮੁਲਕਾਂ ਦੀ ਪੁਲੀਸ ਵਿਚ ਨੈੱਟਵਰਕ ਮਜ਼ਬੂਤ ਕਰਨ ਅਤੇ ਕਾਨੂੰਨੀ ਏਜੰਸੀਆਂ ਵਿਚ ਜਾਣਕਾਰੀ ਦਾ ਆਦਾਨ ਪ੍ਰਦਾਨ ਵਧਾਉਣ ‘ਤੇ ਧਿਆਨ ਕੇਂਦਰਤ ਕੀਤਾ ਜਾਵੇਗਾ।

ਰਾਜਨਾਥਖ਼ਿਲਾਫ਼ ਦਹਿਸ਼ਤੀ ਜਥੇਬੰਦੀਆਂ ਵਲੋਂ ਮੁਜ਼ਾਹਰੇ :
ਲਾਹੌਰ: ਮੁੰਬਈ ਹਮਲੇ ਦੇ ਸਾਜ਼ਿਸ਼ਘਾੜੇ ਹਾਫਿਜ਼ ਸਈਦ ਦੀ ਅਗਵਾਈ ਵਿੱਚ ਧਾਰਮਿਕ ਤੇ ਜਹਾਦੀ ਜਥੇਬੰਦੀਆਂ ਦੇ ਹਜ਼ਾਰਾਂ ਕਾਰਕੁਨਾਂ ਨੇ ਰਾਜਨਾਥ ਸਿੰਘ ਦੀ ਫੇਰੀ ਖ਼ਿਲਾਫ਼ ਪਾਕਿਸਤਾਨ ਦੇ ਸ਼ਹਿਰਾਂ ਵਿੱਚ ਰੋਸ ਮੁਜ਼ਾਹਰੇ ਕੀਤੇ। ਸ੍ਰੀ ਰਾਜਨਾਥ ਨੂੰ ਕਸ਼ਮੀਰ ਵਿੱਚ ਗੜਬੜ ਲਈ ਦੋਸ਼ੀ ਦੱਸਦਿਆਂ ਹੁਰੀਅਤ ਕਾਨਫਰੰਸ, ਹਿਜ਼ਬੁਲ ਮੁਜ਼ਾਹਿਦੀਨ, ਯੂਨਾਈਟਿਡ ਜਹਾਦ ਕੌਂਸਲ ਅਤੇ ਹੋਰ ਜਥੇਬੰਦੀਆਂ ਦੇ ਕਾਰਕੁਨਾਂ ਨੇ ਮੁਜ਼ਾਹਰੇ ਕੀਤੇ। ਸਈਦ ਨੇ ਲਾਹੌਰ ਦੇ ਮਾਲ ਰੋਡ ‘ਤੇ ਰੋਸ ਰੈਲੀ ਦੀ ਅਗਵਾਈ ਕੀਤੀ।-