ਸ਼ਿਕਾਗੋ ਵਿਚ ਦੂਜੀ ਵਿਸ਼ਵ ਹਿੰਦੂ ਕਾਂਗਰਸ ਮੌਕੇ ਘੱਟ ਗਿਣਤੀਆਂ ਵੱਲੋਂ ਰੋਸ ਮੁਜ਼ਾਹਰਾ

ਸ਼ਿਕਾਗੋ ਵਿਚ ਦੂਜੀ ਵਿਸ਼ਵ ਹਿੰਦੂ ਕਾਂਗਰਸ ਮੌਕੇ ਘੱਟ ਗਿਣਤੀਆਂ ਵੱਲੋਂ ਰੋਸ ਮੁਜ਼ਾਹਰਾ

ਸ਼ਿਕਾਗੋ (ਲੌਂਬਾਰਡ)/ਬਿਊਰੋ ਨਿਊਜ਼ :
ਅਮਰੀਕਾ ਦੇ ਸ਼ਿਕਾਗੋ ਦੇ ਲੌਂਬਾਰਡ ਵਿੱਚ 7 ਸਤੰਬਰ ਨੂੰ ਸ਼ੁਰੂ ਹੋਈ ਵਿਸ਼ਵ ਹਿੰਦੂ ਕਾਨਫਰੰਸ ਤੋਂ ਪਹਿਲਾਂ ਜ਼ਬਰਦਸਤ ਰੋਸ ਮੁਜ਼ਾਹਰੇ ਹੋਏ ਹਨ। ਇਸ ਤਿੰਨ ਰੋਜ਼ਾ ਵਿਸ਼ਵ ਹਿੰਦੂ ਕਾਨਫਰੰਸ ਵਿਚ ਹਿੱਸਾ ਲੈਣ ਪੁੱਜੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਖ਼ਿਲਾਫ਼ ਸੈਂਕੜੇ ਸਿੱਖ, ਮੁਸਲਿਮ, ਈਸਾਈ ਤੇ ਹਿੰਦੂ ਕਾਰਕੁਨਾਂ ਨੇ ਰੋਸ ਮੁਜ਼ਾਹਰਾ ਕੀਤਾ। ਕਾਨਫਰੰਸ ਵਿਚ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਆਉਣ ਦਾ ਵੀ ਪ੍ਰੋਗਰਾਮ ਸੀ ਪਰ ਉਹ ਆਏ ਨਹੀਂ।
ਰੋਸ ਮੁਜ਼ਾਹਰੇ ਵਿੱਚ ਸ਼ਿਰਕਤ ਲਈ ਇੰਡੀਆਨਾ, ਇਲੀਨੋਏ, ਕੈਲੀਫੋਰਨੀਆ, ਵਰਜੀਨੀਆ, ਪੈਨਸਿਲਵੇਨੀਆ, ਨਿਊ ਜਰਸੀ, ਨਿਊ ਯੌਰਕ ਤੇ ਓਹਾਇਓ ਆਦਿ ਖੇਤਰਾਂ ਤੋਂ ਕਾਰਕੁਨ ਪਹੁੰਚੇ ਹੋਏ ਸਨ। ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਸੀਆਈਏ ਦੀ ਇਸੇ ਸਾਲ ਦੀ ਰਿਪੋਰਟ ਵਿੱਚ ਸੰਘ ਪਰਿਵਾਰ ਦੀਆਂ ਜਥੇਬੰਦੀਆਂ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੂੰ ਅਤਿਵਾਦੀ ਸੰਗਠਨ ਕਰਾਰ ਦਿੱਤਾ ਗਿਆ ਹੈ।
ਮੁਜ਼ਾਹਰਾਕਾਰੀ ‘ਮੋਹਨ ਭਾਗਵਤ ਵਾਪਸ ਜਾਓ’ ਤੇ ‘ਆਰਐਸਐਸ-ਭਾਜਪਾ ਭਾਰਤ ‘ਚ ਘੱਟਗਿਣਤੀਆਂ ਦਾ ਦਮਨ ਬੰਦ ਕਰੋ’ ਦੇ ਨਾਅਰੇ ਬੁਲੰਦ ਕਰ ਰਹੇ ਸਨ। ਇਹ ਰੋਸ ਮੁਜ਼ਾਹਰਾ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਐਸਸੀਸੀਈਸੀ) ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਸਿੱਖਜ਼ ਫਾਰ ਜਸਟਿਸ, ਕੌਂਸਲ ਆਫ ਖ਼ਾਲਿਸਤਾਨ, ਸ਼੍ਰੋਮਣੀ ਅਕਾਲੀ ਦਲ-ਅੰਮ੍ਰਿਤਸਰ, ਖ਼ਾਲਿਸਤਾਨ ਅਫੇਅਰਜ਼ ਸੈਂਟਰ, ਗੁਰਦੁਆਰਾ ਸਾਹਿਬ ਪੈਲਾਟਾਈਨ, ਸਿੱਖ ਯੂਥ ਆਫ ਅਮੇਰਿਕਾ, ਸ਼ਿਕਾਗੋ ਦੇਸੀ ਯੂਥ ਰਾਈਜ਼ਿੰਗ, ਸ਼ਿਕਾਗੋ ਸਾਊਥ ਏਸ਼ੀਅਨਜ਼ ਫਾਰ ਜਸਟਿਸ, ਇੰਡੀਅਨ-ਅਮੇਰਿਕਨ ਮੁਸਲਿਮ ਕੌਂਸਲ, ਆਰਗੇਨਾਈਜੇਸ਼ਨ ਫਾਰ ਮਾਇਨੌਰਿਟੀਜ਼ ਆਫ ਇੰਡੀਆ ਓਐਫਐਮਆਈ, ਪੇਰਿਆਰ ਅੰਬੇਡਕਰ ਸਟੱਡੀ ਸਰਕਲ-ਅਮੇਰਿਕਾ, ਸਾਂ ਜੋਜ਼ੇ ਤੇ ਸਾਧਨਾ: ਏ ਕੋਲੀਸ਼ਨ ਆਫ ਪ੍ਰੋਗਰੈਸਿਵ ਹਿੰਦੂਜ਼ ਐਂਡ ਸਿੱਖਜ਼ ਇਨਫਾਰਮੇਸ਼ਨ ਸੈਂਟਰ, ਸਟੌਕਟਨ ਆਦਿ ਜਥੇਬੰਦੀਆਂ ਦੇ ਮੈਂਬਰ ਸ਼ਾਮਲ ਹੋਏ।
ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ ਕਿ ” ਦਿ ਓਪਨ ਡੋਰਜ਼, ਯੂਐਸਏ” ਨੇ ਭਾਰਤ ਨੂੰ ਘੱਟਗਿਣਤੀਆਂ ਲਈ ਸਭ ਤੋਂ ਖ਼ਤਰਨਾਕ ਮੁਲਕ ਕਰਾਰ ਦਿੱਤਾ ਹੈ। ”ਅਸੀਂ ਹਿੰਦੂ ਫ਼ਾਸ਼ੀਵਾਦ ਦਾ ਵਿਰੋਧ ਕਰ ਰਹੇ ਹਾਂ। ਸਾਡੇ ਵਿਰੋਧ ਤੋਂ ਵਿਸ਼ਵ ਹਿੰਦੂ ਕਾਨਫਰੰਸ ਵਿੱਚ ਸ਼ਾਮਲ ਹੋਏ ਕੁਝ ਕਾਰਕੁਨਾਂ ਨੇ ਹਿੰਸਕ ਪ੍ਰਤੀਕਿਰਿਆ ਦਿਖਾਉਣ ਦੀ ਕੋਸ਼ਿਸ਼ ਕੀਤੀ।
ਇਸ ਸਮਾਗਮ ਵਿਚ ਬੋਲਦਿਆਂ ”ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਹਿੰਦੂਆਂ ਦੀ ਦਾਬੇ ਦੀ ਕੋਈ ਖਾਹਿਸ਼ ਨਹੀਂ ਹੈ ਅਤੇ ਭਾਈਚਾਰਾ ਤਦ ਹੀ ਵਧ ਫੁੱਲ ਸਕੇਗਾ ਜਦੋਂ ਇਹ ਇਕ ਸਮਾਜ ਦੀ ਤਰ੍ਹਾਂ ਕੰਮ ਕਰੇਗਾ। ਉਨ੍ਹਾਂ ਹਿੰਦੂ ਭਾਈਚਾਰੇ ਦੇ ਆਗੂਆਂ ਨੂੰ ਏਕਾ ਕਾਇਮ ਕਰਨ ਤੇ ਭਾਈਚਾਰੇ ਦੀ ਭਲਾਈ ਲਈ ਕੰਮ ਕਰਨ ਦਾ ਸੱਦਾ ਦਿੱਤਾ।
ਇੱਥੇ ਦੂਜੀ ਵਿਸ਼ਵ ਹਿੰਦੂ ਕਾਂਗਰਸ ਵਿੱਚ ਕਰੀਬ 2500 ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਭਾਗਵਤ ਨੇ ਕਿਹਾ ਕਿ ਸਮੁੱਚੇ ਸੰਸਾਰ ਨੂੰ ਇਕ ਟੀਮ ਵਿੱਚ ਲਿਆਉਣ ਦੀਆਂ ਮੂਲ ਕਦਰਾਂ ਕੀਮਤਾਂ ਵਿੱਚ ਹਉਮੈ ਨੂੰ ਕਾਬੂ ਹੇਠ ਰੱਖਣਾ ਤੇ ਆਮ ਸਹਿਮਤੀ ਨੂੰ ਪ੍ਰਵਾਨਣਾ ਸ਼ਾਮਲ ਹਨ। ਉਨ੍ਹਾਂ ਕਿਹਾ ” ਜੇ ਸ਼ੇਰ ਇਕੱਲਾ ਹੋਵੇ ਤਾਂ ਜੰਗਲੀ ਕੁੱਤਿਆਂ ਦਾ ਝੁੰਡ ਧਾਵਾ ਬੋਲ ਕੇ ਸ਼ੇਰ ਨੂੰ ਖਤਮ ਕਰ ਸਕਦੇ ਹਨ। ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ। ਅਸੀਂ ਦੁਨੀਆ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਾਂ। ਸਾਡੇ ਮਨਾਂ ‘ਚ ਦਾਬੇ ਦੀ ਕੋਈ ਖ਼ਾਹਸ਼ ਨਹੀਂ ਹੈ। ਸਾਡਾ ਪ੍ਰਭਾਵ ਕਿਸੇ ਜਿੱਤ ਜਾਂ ਬਸਤੀਕਰਨ ਦਾ ਸਿੱਟਾ ਨਹੀਂ ਹੈ।”
ਉਨ੍ਹਾਂ ਕਿਹਾ ” ਹਿੰਦੂ ਸਮਾਜ ਉਦੋਂ ਵਧੇ ਫੁੱਲੇਗਾ ਜਦੋਂ ਇਹ ਸਮਾਜ ਦੀ ਤਰ੍ਹਾਂ ਕੰਮ ਕਰੇਗਾ। ਸਮੁੱਚੀ ਦੁਨੀਆ ਨੂੰ ਇਕ ਟੀਮ ਬਣਾਉਣ ਲਈ ਹੰਕਾਰ ਨੂੰ ਕਾਬੂ ਕਰਨਾ ਪਵੇਗਾ ਤੇ ਆਮ ਸਹਿਮਤੀ ਨਾਲ ਚੱਲਣਾ ਪਵੇਗਾ। ਇਹ ਕਾਨਫਰੰਸ ਸੰਨ 1893 ਵਿੱਚ ਸ਼ਿਕਾਗੋ ਵਿੱਚ ਵਿਸ਼ਵ ਧਰਮ ਸੰਸਦ ਵਿੱਚ ਦਿੱਤੇ ਸਵਾਮੀ ਵਿਵੇਕਾਨੰਦ ਦੇ ਭਾਸ਼ਣ ਦੀ 125ਵੀ ਵਰ੍ਹੇਗੰਢ ਮੌਕੇ ਕਰਵਾਈ ਜਾ ਰਹੀ ਹੈ।