ਰੇਡੀਓ ਪ੍ਰੋਗਰਾਮ ‘ਚ ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਨੂੰ ‘ਟਰਬਨਮੈਨ’ ਕਹਿਣ ਉਤੇ ਰੋਸ

ਰੇਡੀਓ ਪ੍ਰੋਗਰਾਮ ‘ਚ ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਨੂੰ ‘ਟਰਬਨਮੈਨ’ ਕਹਿਣ ਉਤੇ ਰੋਸ

ਨਿਊਯਾਰਕ/ਬਿਊਰੋ ਨਿਊਜ਼ :

ਸਿੱਖ ਕੌਮ ਜਿਥੇ ਆਪਣੇ ਵੱਖਰੇ ਕਿਰਦਾਰ, ਸੱਭਿਆਚਾਰ ਤੇ ਮਾਨਤਾਵਾਂ ਉਤੇ ਹਮੇਸ਼ਾ ਮਾਣ ਕਰਦੀ ਹੈ, ਉਥੇ ਦੁਨੀਆ ਵਿਚ ਕੁਝ ਸਿਰਫਿਰੇ ਲੋਕ ਸਿੱਖਾਂ ਦੇ ਪਹਿਰਾਵੇ ਨੂੰ ਲੈ ਕੇ ਆਪਣੀ ਘਟੀਆ ਸੋਚ ਦਾ ਵਿਖਾਵਾ ਵੀ ਕਰਦੇ ਹਨ। ਅਜਿਹਾ ਹੀ ਇਕ ਵਾਕਿਆ ਨਿਊਜਰਸੀ ਵਿਚ ਸਿੱਖ ਅਮਰੀਕੀ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਨੂੰ  ਪੇਸ਼ ਆਇਆ ਹੈ, ਜਦੋਂ ਇਕ ਰੇਡੀਓ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ‘ਟਰਬਨਮੈਨ’ ਕਿਹਾ ਗਿਆ। ਇਸ ਤਰ੍ਹਾਂ ਕਹਿਣ ਵਾਲੇ ਦੋ ਰੇਡੀਓ ਹੋਸਟਾਂ ਦੀ ‘ਨਸਲੀ ਟਿੱਪਣੀ’ ਲਈ ਆਲੋਚਨਾ ਹੋ ਰਹੀ ਹੈ। ਐਨਜੇ 101.5 ਐਫਐਮ ‘ਤੇ ‘ਡੈਨਿਸ ਐਂਡ ਜੁਡੀ ਸ਼ੋਅ’ ਪੇਸ਼ ਕਰਨ ਵਾਲੇ ਡੈਨਿਸ ਮੈਲੋਏ ਅਤੇ ਜੁਡੀ ਫਰੈਂਕੋ ਨੇ ਭੰਗ ਨਾਲ ਜੁੜੇ ਮਾਮਲੇ ‘ਤੇ ਗਰੇਵਾਲ ਦੇ ਫੈਸਲੇ ‘ਤੇ ਪ੍ਰੋਗਰਾਮ ਦੌਰਾਨ ਚਰਚਾ ਕਰਦਿਆਂ ਉਨ੍ਹਾਂ ਨੂੰ ‘ਟਰਬਨਮੈਨ’ ਕਹਿ ਕੇ ਸੰਬੋਧਨ ਕੀਤਾ। ਮੈਲੋਏ ਨੇ ਕਿਹਾ, ”ਤੁਸੀਂ ਅਟਾਰਨੀ ਜਨਰਲ ਨੂੰ ਜਾਣਦੇ ਹੋ ? ਮੈਂ ਉਨ੍ਹਾਂ ਦਾ ਨਾਂ ਨਹੀਂ ਜਾਨਣਾ ਚਾਹੁੰਦਾ। ਸਿਰਫ਼ ਉਨ੍ਹਾਂ ਨੂੰ ‘ਟਰਬਨਮੈਨ’ ਕਹਾਂਗਾ।” ਫਰੈਂਕੋ ਨੇ ਵਾਰ ਵਾਰ ਗੀਤ ਗਾਉਣ ਦੇ ਅੰਦਾਜ਼ ਵਿਚ ਇਸ ਸ਼ਬਦ ਦੀ ਵਰਤੋਂ ਕੀਤੀ। ਮੈਲੋਏ ਨੇ ਕਿਹਾ ਕਿ ਜੇ ਤੁਹਾਨੂੰ ਇਸ ਨਾਲ ਠੇਸ ਪੁੱਜਦੀ ਹੈ ਤਾਂ ਤੁਸੀਂ ਪਗੜੀ ਨਾ ਪਾਓ। ਗਰੇਵਾਲ ਦੀ ਨਿਯੁਕਤੀ ਕਰਨ ਵਾਲੇ ਨਿਊਜਰਸੀ ਦੇ ਗਵਰਨਰ ਫਿਲ ਮਰਫ਼ੀ ਨੇ ਰੇਡੀਓ ਹੋਸਟਾਂ ਦੀ ਭਾਸ਼ਾ ਦੀ ਸਖ਼ਤ ਨਿੰਦਾ ਕੀਤੀ ਅਤੇ ਰੇਡੀਓ ਸਟੇਸ਼ਨ ਤੋਂ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਮਰਫ਼ੀ ਨੇ ਟਵੀਟ ਕੀਤਾ ਕਿ ਨਫਰਤ ਫੈਲਾਉਣ ਵਾਲੀਆਂ ਟਿੱਪਣੀਆਂ ਲਈ ਨਿਊਜਰਸੀ ਵਿਚ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਰੇਡੀਓ ਸਟੇਸ਼ਨ ਦੇ ਪ੍ਰਬੰਧਕਾਂ ਨੂੰ ਇਨ੍ਹਾਂ ਨਸਲੀ ਟਿੱਪਣੀਆਂ ਲਈ ਜਵਾਬਦੇਹ ਹੋਣਾ ਚਾਹੀਦਾ ਹੈ। ਰੇਡੀਓ ਸਟੇਸ਼ਨ ਨੇ ਬਾਅਦ ਵਿਚ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਪ੍ਰਸਾਰਣ ਦੌਰਾਨ ਮੈਲੋਏ ਅਤੇ ਫਰੈਂਕੋ ਦੀਆਂ ‘ਅਪਮਾਨਜਨਕ ਟਿੱਪਣੀਆਂ’ ਤੋਂ ਵਾਕਫ਼ ਹਨ। ਰੇਡੀਓ ਸਟੇਸ਼ਨ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਨੇ ਤਤਕਾਲ ਕਾਰਵਾਈ ਕੀਤੀ ਹੈ ਅਤੇ ਅਗਲੇ ਨੋਟਿਸ ਤਕ ਉਨ੍ਹਾਂ ਦੇ ਪ੍ਰੋਗਰਾਮ ਪੇਸ਼ ਕਰਨ ‘ਤੇ ਰੋਕ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।