ਔਰੇਗਨ ‘ਚ ਸਕੂਲੀ ਪਾਠਕ੍ਰਮ ਦਾ ਹਿੱਸਾ ਬਣੇਗਾ ਗ਼ਦਰ ਲਹਿਰ ਦਾ ਇਤਿਹਾਸ

ਔਰੇਗਨ ‘ਚ ਸਕੂਲੀ ਪਾਠਕ੍ਰਮ ਦਾ ਹਿੱਸਾ ਬਣੇਗਾ ਗ਼ਦਰ ਲਹਿਰ ਦਾ ਇਤਿਹਾਸ

ਐਸਟੋਰੀਆ/ਬਿਊਰੋ ਨਿਊਜ਼ :
ਅਮਰੀਕਾ ਦੇ ਔਰੇਗਨ ਰਾਜ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਛੇਤੀ ਹੀ ਭਾਰਤ ਦੀ ਆਜ਼ਾਦੀ ਦੀ ਲਡ਼ਾਈ ਵਿੱਚ ਯੋਗਦਾਨ ਦੇਣ ਵਾਲੀ ਗ਼ਦਰ ਪਾਰਟੀ ਬਾਰੇ ਪਡ਼੍ਹਨ ਨੂੰ ਮਿਲੇਗਾ। ਕਰਾਂਤੀਕਾਰੀ ਸਮੂਹ ਗਦਰ ਪਾਰਟੀ ਦੀ ਸਥਾਪਨਾ ਦੇ 105 ਵਰ੍ਹੇ ਪੂਰੇ ਹੋਣ ਦੇ ਮੌਕੇ ’ਤੇ ਔਰੇਗਨ ਵਿੱਚ ਕਰਵਾਏ ਸਮਾਗਮ ਦੌਰਾਨ ਉੱਚ ਅਧਿਕਾਰੀਆਂ ਨੇ ਇਹ ਐਲਾਨ ਕੀਤਾ।
ਇਤਿਹਾਸਕ ਸ਼ਹਿਰ ਐਸਟੋਰੀਆ ਵਿੱਚ ਕੁਝ ਭਾਰਤੀ-ਅਮਰੀਕੀ ਪਰਿਵਾਰ ਹਨ ਪਰ ਅਧਿਕਾਰਤ ਰਿਕਾਰਡ ਅਨੁਸਾਰ 1910 ਵਿੱਚ 70 ਹਿੰਦੂ ਇਥੇ ਆਏ ਸੀ, ਜਿਨਾਂ ਵਿਚੋਂ ਵਧੇਰੇ ਪੰਜਾਬ ਦੇ ਸਿੱਖ ਸਨ। ਇਹ ਭਾਰਤੀ ਇਥੇ ਲੱਕਡ਼ ਕੱਟਣ ਵਾਲੀ ਸਥਾਨਕ ਕੰਪਨੀ ਵਿੱਚ ਬਤੌਰ ਮਜ਼ਦੂਰ ਕੰਮ ਕਰਦੇ ਸੀ। ਇਨ੍ਹਾਂ ਭਾਰਤੀਆਂ ਦੇ ਪਰਿਵਾਰਕ ਮੈਂਬਰ ਕੱਲ੍ਹ ਗਦਰ ਪਾਰਟੀ ਦੇ ਸਮਾਗਮ ਵਿੱਚ ਹਿੱਸਾ ਲੈਣ ਲਈ ਇਕੱਠੇ ਹੋਏ ਸੀ।
ਔਰੇਗਨ ਦੇ ਅਟਾਰਨੀ ਜਨਰਲ ਐਲਨ ਐਫ ਰੇਜਨਬਲਮ ਨੇ ਕਿਹਾ ਕਿ 105 ਵਰ੍ਹੇ ਪਹਿਲਾਂ ਹੋਂਦ ਵਿੱਚ ਆਈ ਗਦਰ ਲਹਿਰ ਸਕੂਲ ਦੇ ਪਾਠਕ੍ਰਮ ਦਾ ਹਿੱਸਾ ਬਣੇਗੀ। ਔਰੇਗਨ ਦੇ ਗਵਰਨਰ ਕੇਟ ਬ੍ਰਾਉੂਨ ਨੇ ਕਿਹਾ ਕਿ ਇਕ ਸਦੀ ਪਹਿਲਾਂ, ਭਾਰਤ ਅਤੇ ਪੱਛਮ ਵਿੱਚ ਗਦਰ ਪਾਰਟੀ ਨੇ ਵੱਡੀ ਪਲਾਂਘ ਪੁੱਟਦਿਆਂ ਭਾਰਤ ਵਿੱਚ ਬਰਤਾਨਵੀ ਸ਼ਾਸਨ ਤੋਂ ਆਜ਼ਾਦੀ ਲਈ ਰਾਹ ਪੱਧਰਾ ਕੀਤਾ ਸੀ। ਕੋਲੰਬੀਆ ਨਦੀ ਕੰਢੇ ਪੂਰਾ ਦਿਨ ਚੱਲੇ ਇਸ ਸਮਾਗਮ ਨੂੰ ਕਈ ਭਾਈਚਾਰਿਆਂ ਦੇ ਲੋਕਾਂ ਨੇ ਸੰਬੋਧਨ ਕੀਤਾ। ਇਸ ਦੌਰਾਨ ਸਿੱਖਾਂ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ ਅਤੇ ਭੰਗਡ਼ਾ ਪੇਸ਼ ਕੀਤਾ ਗਿਆ। ਸਮਾਗਮ ਵਿੱਚ ਔਰੇਗਨ ਤੋਂ ਇਲਾਵਾ ਵਾਸ਼ਿੰਗਟਨ, ਕੈਲੀਫੋਰਨੀਆਂ ਅਤੇ ਕੈਨੇਡਾ ਦੇ ਬ੍ਰਿਟਿਸ ਕੋਲੰਬੀਆ ਤੋਂ ਸੈਂਕਡ਼ਿਆਂ ਦੀ ਗਿਣਤੀ ਵਿੱਚ ਭਾਰਤੀ ਅਮਰੀਕੀ ਲੋਕਾਂ ਨੇ ਸ਼ਿਰਕਤ ਕੀਤੀ।
ਇਹ ਸਮਾਗਮ ਉਸ ਇਮਾਰਤ ਨੇਡ਼ਲੇ ਪਾਰਕ ਵਿੱਚ ਹੋਇਆ ਜਿਸ ਵਿੱਚ 1913 ਵਿੱਚ ਭਾਰਤੀਆਂ ਨੇ ਪਹਿਲੀ ਮੀਟਿੰਗ ਕੀਤੀ ਸੀ ਤੇ ਇਸ ਪਾਰਟੀ ਦਾ ਗਠਨ ਕੀਤਾ ਸੀ। ਸਥਾਨਕ ਇਤਿਹਾਸਕਾਰ ਜੋਹਾਨਾ ਓਡਨ ਨੇ ਕਿਹਾ ਕਿ ਐਸਟੋਰੀਆ ਵਿੱਚ ਹੋਈ ਪਹਿਲੀ ਮੀਟਿੰਗ ਬਾਰੇ ਕੁਝ ਵਰ੍ਹੇ ਪਹਿਲਾਂ ਤਕ ਇਤਿਹਾਸ ਵਿੱਚ ਕੋਈ ਜ਼ਿਕਰ ਨਹੀਂ ਸੀ। ਇਸ ਤੋਂ ਬਾਅਦ ਉਨ੍ਹਾਂ ਐਸਟੋਰੀਆ ਸਿਟੀ ਕੌਂਸਲ ਨੂੰ ਲਿਖਿਆ, ਜਿਸ ਤੋਂ ਬਾਅਦ ਉਦੋਂ ਦੇ ਮੇਅਰ ਨੇ ਪਹਿਲੀ ਮੀਟਿੰਗ ਦੀ 100ਵੀਂ ਵਰ੍ਹੇਗੰਢ ਦੀ ਯਾਦ ਵਿੱਚ ਪਾਰਕ ਵਿੱਚ ਤਖ਼ਤੀ ਲਵਾਈ ਸੀ।