ਆਸਟਰੇਲੀਆ ‘ਚ ਪੱਕੇ ਹੋਣ ਲਈ ਪਰਵਾਸੀਆਂ ਨੂੰ ਅੰਗਰੇਜ਼ੀ ਇਮਤਿਹਾਨ ਪਾਸ ਕਰਨਾ ਹੋਵੇਗਾ ਜ਼ਰੂਰੀ

ਆਸਟਰੇਲੀਆ ‘ਚ ਪੱਕੇ ਹੋਣ ਲਈ ਪਰਵਾਸੀਆਂ ਨੂੰ ਅੰਗਰੇਜ਼ੀ ਇਮਤਿਹਾਨ ਪਾਸ ਕਰਨਾ ਹੋਵੇਗਾ ਜ਼ਰੂਰੀ

ਮੈਲਬਰਨ/ਬਿਊਰੋ ਨਿਊਜ਼ :
ਆਸਟਰੇਲੀਆ ਸਰਕਾਰ ਇੱਥੇ ਪੀਆਰ ਹੋਣ ਵਾਲੇ ਹਰ ਵਿਅਕਤੀ ‘ਤੇ ਅੰਗਰੇਜ਼ੀ ਦਾ ਇਮਤਿਹਾਨ ਪਾਸ ਕਰਨ ਦੀ ਸ਼ਰਤ ਲਾਉਣ ‘ਤੇ ਵਿਚਾਰ ਕਰ ਰਹੀ ਹੈ। ਇਹ ਐਲਾਨ ਮੁਲਕ ਦੇ ਬਹੁ-ਸੱਭਿਆਚਾਰਕ ਅਤੇ ਨਾਗਰਿਕਤਾ ਮੰਤਰੀ ਵੱਲੋਂ ਕੀਤਾ ਗਿਆ ਹੈ। ਮੰਤਰੀ ਵੱਲੋਂ ਦਿੱਤੇ ਤਰਕ ਵਿਚ ਆਸਟਰੇਲੀਆ ‘ਚ ਆਵਾਸ ਕਰਨ ਵਾਲਿਆਂ ਨੂੰ ਅੰਗਰੇਜ਼ੀ ”ਪੜ੍ਹਨੇ ਪਾਉਣ” ਦਾ ਮਕਸਦ ਸਮਾਜਿਕ ਪਾੜਾ ਘਟਾਉਣਾ ਹੈ।
ਸਰਕਾਰ ਮੁਤਾਬਿਕ ਆਸਟਰੇਲੀਆ ਆਉਣ ਵਾਲੇ ਵਿਅਕਤੀਆਂ ‘ਤੇ ਹਰ ਸਾਲ ਕਰੀਬ 300 ਮਿਲੀਅਨ ਡਾਲਰ ਮੁਫ਼ਤ ਅੰਗਰੇਜ਼ੀ ਸਿੱਖਿਆ ‘ਤੇ ਖ਼ਰਚੇ ਜਾ ਰਹੇ ਹਨ, ਪਰ ਇਹ ਸਿੱਖਿਆ ਲੈਣ ਵਾਲਿਆਂ ਦੀ ਗਿਣਤੀ ਪੂਰੀ ਨਹੀਂ ਹੋਈ। ਜ਼ਿਕਰਯੋਗ ਹੈ ਕਿ ਹੁਣ ਤੱਕ ਹੁਨਰਮੰਦ ਆਵਾਸੀਆਂ ਅਤੇ ਵਿਦਿਆਰਥੀ ਵੀਜ਼ਿਆਂ ਦੇ ਮੁੱਖ ਵੀਜ਼ਾ ਧਾਰਕਾਂ ਲਈ ਅੰਗਰੇਜ਼ੀ ਵਿੱਚ ਮੁਹਾਰਤ ਲਾਜ਼ਮੀ ਹੈ, ਪਰ ਇਨ੍ਹਾਂ ਵੀਜ਼ਿਆਂ ‘ਤੇ ਨਾਲ ਆ ਰਹੇ ਜੀਵਨ ਸਾਥੀ ਜਾਂ ਪਰਿਵਾਰਕ ਮੈਂਬਰਾਂ ‘ਤੇ ਸ਼ਰਤ ਲਾਗੂ ਨਹੀਂ ਹੁੰਦੀ ਅਤੇ ਸਰਕਾਰ ਹੁਣ ਸਾਰਿਆਂ ਲਈ ਅੰਗਰੇਜ਼ੀ ਲਾਜ਼ਮੀ ਕਰਨ ਦਾ ਪ੍ਰੋਗਰਾਮ ਤਿਆਰ ਕਰ ਰਹੀ ਹੈ। ਦੂਜੇ ਪਾਸੇ ਵਿਰੋਧੀ ਧਿਰਾਂ ਖ਼ਾਸ ਕਰ ਲੇਬਰ ਪਾਰਟੀ ਨੇ ਇਸ ਫ਼ੈਸਲੇ ਦੀ ਭਾਵੇਂ ਨਿਖੇਧੀ ਕੀਤੀ ਹੈ, ਪਰ ਇਸ ਸਬੰਧੀ ਆਪਣੇ ਸਟੈਂਡ ਨੂੰ ਸਪਸ਼ਟ ਨਹੀਂ ਕੀਤਾ।
ਜੇਕਰ ਸਰਕਾਰ ਇਹ ਫ਼ੈਸਲਾ ਜਲਦੀ ਅਮਲ ਵਿਚ ਲਿਆਉਂਦੀ ਹੈ ਤਾਂ ਵੀਜ਼ਾ ਧਾਰਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਅੰਗਰੇਜ਼ੀ ਵਾਲਾ ਇਮਤਿਹਾਨ ਪਾਸ ਕਰਨਾ ਪਵੇਗਾ।