ਅਮਰੀਕਾ ‘ਚ ਵੱਡੇ ਪੱਧਰ ਮਨਾਇਆ ਖਾਲਸੇ ਦਾ ਸਾਜਨਾ ਦਿਵਸ ‘ਵਿਸਾਖੀ’

ਅਮਰੀਕਾ ‘ਚ ਵੱਡੇ ਪੱਧਰ ਮਨਾਇਆ ਖਾਲਸੇ ਦਾ ਸਾਜਨਾ ਦਿਵਸ ‘ਵਿਸਾਖੀ’

ਏ.ਜੀ.ਪੀ.ਸੀ. ਤੇ ਸਿੱਖ ਕਾਂਗਰੈਸ਼ਨਲ ਕਾਕਸ ਕਮੇਟੀ ਨੇ ਵੱਡੇ ਹੁੰਗਾਰੇ ਲਈ ਪ੍ਰਗਟਾਈ ਖੁਸ਼ੀ
ਵਾਸ਼ਿੰਗਟਨ ਡੀਸੀ/ਬਲਵਿੰਦਰਪਾਲ ਸਿੰਘ ਖਾਲਸਾ:
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਕਮੇਟੀ ਨੇ ਅਮਰੀਕਾ ‘ਚ ਖਾਲਸੇ ਦੇ ਸਿਰਜਣਾ ਦਿਵਸ ਵਿਸਾਖੀ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ‘ਤੇ ਖੁਸ਼ੀ ਅਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਅਮਰੀਕੀ ਕਾਂਗਰਸ ਦੇ ਰਿਪਬਲਿਕਨ ਤੇ ਡੈਮੋਕ੍ਰੇਟਿਕ ਪਾਰਟੀਆਂ ਦੇ ਸਤਿਕਾਰਯੋਗ ਪ੍ਰਤੀਨਿਧਾਂ, ਜਿਨ੍ਹਾਂ ਨੇ ਖਾਲਸੇ ਦੇ ਪ੍ਰਗਟ ਦਿਵਸ ਉਤੇ ਵਿਸ਼ਵ ਭਰ ਦੇ ਸਿੱਖਾਂ ਨੂੰ ਵਧਾਈ ਦਿੱਤੀ ਹੈ ਅਤੇ ਅਮਰੀਕਾ ਦੇ ਸਮਾਜ ਦੀ ਤਰੱਕੀ ਅਤੇ ਵਿਕਾਸ ‘ਚ ਸਿੱਖ ਕੌਮ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਹੈ।
ਅਮਰੀਕੀ ਸੰਸਦ ਦੇ ਸਪੀਕਰ ਪਾਲ ਰਿਆਨ ਨੇ ਆਪਣੇ ਸੰਦੇਸ਼ ‘ਚ ਅਮਰੀਕਨ ‘ਚ ਵੱਸਦੇ ਸਿੱਖਾਂ, ਗੁਆਂਢੀਆਂ ਤੇ ਦੋਸਤਾਂ ਨੂੰ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਦੇ ਮਹਾਨ ਦਿਨ ਦੇ ਖੁਸ਼ੀਆਂ ਭਰੇ ਮੌਕੇ ਦੀ ਵਧਾਈ ਦਿੱਤੀ, ਜਦੋਂ ਕਿ ਸੀਨੇਟ ਵਿਚ ਸੈਨੇਟਰ ਜੌਹਨ ਕੌਰਨਸਨ, ਸੈਨੇਟਰ ਪੈਟ ਟੂਮੀ ਸੈਨੇਟਰ ਫਿਲ ਮਰਫੀ ਅਤੇ ਸੈਨੇਟਰ ਡਿਕ ਡਰਬਨ ਨੇ ਵਧਾਈ ਰਾਹੀਂ ਆਪਣੀ ਸ਼ੁਕਰਗੁਜ਼ਾਰੀ ਦਾ ਖੁਲਾਸਾ ਕਰਦਿਆ ਸਮੂਹ ਸਿੱਖ ਕੌਮ ਨੂੰ ਇਸ ਵਿਸ਼ੇਸ਼ ਦਿਨ ਦੀ ਮੁਬਾਰਕਬਾਦ ਦਿੱਤੀ।  ਉਨਾਂ ਕਿਹਾ ਕਿ ਸਿੱਖਾਂ ਲਈ ਇਹ ਇਤਿਹਾਸਕ ਤੌਰ ‘ਤੇ ਮਹੱਤਵਪੂਰਨ ਦਿਹਾੜਾ ਹੈ ਅਤੇ ਅਸੀਂ ਆਪਣੇ ਅਮਰੀਕੀ ਸਿੱਖ ਮਿੱਤਰਾਂ ਨੂੰ ਇਹ ਮਹਾਨ ਦਿਨ ਮਨਾਉਣ ਦੀਆਂ ਸ਼ੁਭਇੱਛਾਵਾਂ ਦਿੰਦੇ ਹਾਂ।
ਏਪੀਪੀਸੀ ਦੇ ਪ੍ਰਧਾਨ ਜਸਵੰਤ ਸਿੰਘ ਹੋਠੀ ਅਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਆਪਣੇ ਸਾਂਝੇ ਬਿਆਨ ‘ਚ ਕਿਹਾ ਕਿ ਅਮਰੀਕਾ ਦੀਆਂ ਚੋਟੀ ਦੀਆਂ ਸਖਸ਼ੀਅਤਾਂ ਦੁਆਰਾ ਸੰਦੇਸ਼ ਪ੍ਰਸਾਰਿਤ ਕੀਤੇ ਜਾਣ ‘ਤੇ ਸਮੂਹ ਸਿੱਖ ਕੌਮ ਨੂੰ ਬਹੁਤ ਖੁਸ਼ੀ ਹੋਈ ਹੈ। ਅਮਰੀਕੀ ਲੋਕਾਂ ਦੇ ਪ੍ਰਤੀਨਿਧਾਂ ਨੇ ਸਿੱਖ ਕੌਮ ਦੇ ਇਸ ਇਤਿਹਾਸਕ ਤੇ ਮਹੱਤਵਪੂਰਨ ਦਿਨ ਉਤੇ ਮੁਬਾਰਕਬਾਦ ਦੇ ਕੇ ਸਣੇ ਅਮਰੀਕਾ ਦੇ ਪੂਰੇ ਸੰਸਾਰ ਦੇ ਲੋਕਾਂ ਦੇ ਦਿਲ ਜਿੱਤੇ ਹਨ।
ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਕਮੇਟੀ ਦੇ ਹਰਪ੍ਰੀਤ ਸਿੰਘ ਨੇ ਅਮਰੀਕੀ ਕਾਂਗਰਸ ਤੇ ਸੈਨੇਟਰ ਦੇ ਪ੍ਰਤੀਨਿਧਾਂ ਵੱਲੋਂ ਇਸ ਮਹਾਨ ਇਤਿਹਾਸਕ ਦਿਨ ਉਤੇ ਇਕਜੁਟਤਾ ਦਰਸਾਉਂਦਿਆਂ ਜੋ ਸਿੱਖ ਭਾਈਚਾਰੇ ਨੂੰ ਵਿਸਾਖੀ ਦੇ ਸ਼ੁਭ ਮੌਕੇ ਉਤੇ ਵਧਾਈ ਭੁਜੀ ਹੈ ਉਸ ਲਈ ਉਨਾਂ ਵਿਸ਼ੇਸ਼ ਪ੍ਰਤੀਨਿਧਾਂ ਦਾ ਧੰਨਵਾਦ ਕੀਤਾ।
ਅਮਰੀਕਾ ਦੇ ਸਿੱਖ ਨੇਤਾਵਾਂ ਨੇ ਕਿਹਾ ਕਿ ਉਹ ਇਹ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਹਨ ਕਿ ਉੱਚ ਪੱਧਰੀ ਪ੍ਰਤੀਨਿਧਾਂ ਨੇ ਅਮਰੀਕਾ ਲਈ ਸਿੱਖਾਂ ਦੀਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ ਹੈ ਅਤੇ ਦੇਸ਼ ਅਤੇ ਦੁਨੀਆਂ ਭਰ ‘ਚ ਨਿਆਂ ਅਤੇ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਵੱਲੋਂ ਦਿੱਤੇ ਜਾ ਰਹੇ ਯੋਗਦਾਨ ਬਦਲੇ ਧੰਨਵਾਦ ਕੀਤਾ ਹੈ।  ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਕਈ ਸਟੇਟਾਂ ਦੇ ਗਵਰਨਰ ਅਤੇ ਸਟੇਟ ਅਸੈਂਬਲੀਜ਼ ਨੇ ਇਸ ਮੌਕੇ ਜਸ਼ਨ ਮਨਾਉਣ ਲਈ ਘੋਸ਼ਨਾਵਾਂ ਅਤੇ ਬਿਆਨ ਜਾਰੀ ਕੀਤੇ ਹਨ।
ਅਮਰੀਕੀ ਕਾਂਗਰਸ ਵਿਚ ਅਮੈਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਵੱਲੋਂ 11 ਅਪ੍ਰੈਲ ਨੂੰ ਰੇਅਬਰਨ ਬਿਲਡਿੰਗ ਵਿਚ ਇਕ ਵਿਸ਼ੇਸ ਪ੍ਰਭਾਵਸ਼ਾਲੀ ਸਮਾਗਮ ਹੋਇਆ, ਜਿਸ ਨੂੰ ਕਾਕਸ ਦੇ ਚੇਅਰਮੈਨ ਜਾਹਨ ਗਰਮੈਂਡੀ ਤੇ ਦੂਸਰੇ ਮੈਂਬਰ ਜਿਮ ਕੋਸਟਾ ਤੇ ਹਿਊਸਟਨ ਤੋਂ ਕਾਂਗਰਸ ਮੈਂਬਰ ਟੈਡ ਪੋ ਨੇ ਸਮਾਗਮ ਵਿਚ ਸ਼ਿਕਰਤ ਕੀਤੀ ਤੇ ਸਿੱਖਾਂ ਦੇ ਅਮਰੀਕੀ ਸਮਾਜ ਵਿਚ ਪਾਏ ਯੋਗਦਾਨ ਨੂੰ ਸਲਾਹਿਆ। ਉਨਾਂ ਨੇ ਵਿਸ਼ੇਸ਼ ਤੋਰ ਤੇ ਕਿਹਾ ਕਿ ਕਾਕਸ ਸਿੱਖਾਂ ਨੂੰ ਦਰਪੇਸ਼ ਮਸਲਿਆਂ ਤੋਂ ਭਲੀਭਾਂਤ ਜਾਣੂੰ ਹੈ ਤੇ ਇਨ੍ਹਾਂ ਨੂੰ ਹਲ ਕਰਨ ਲਈ ਸੰਭਵ ਯਤਨ ਕਰ ਰਿਹਾ ਹੈ।
ਇਸ ਸਮਾਗਮ ਵਿਚ ਅਮਰੀਕਾ ਦੇ ਵਖ ਵਖ ਹਿਸਿਆਂ ਤੋਂ ਸਿਖ ਆਗੂਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸ ਸਮਾਗਮ ਵਿਚ ਚਾਰ ਸਿੱਖਾਂ, ਹਰਦਿਆਲ ਸਿੰਘ, ਜਸਜੀਤ ਸਿੰਘ, ਹਰਦਮ ਸਿੰਘ ਅਜ਼ਾਦ ਤੇ ਬੀਬੀ ਪਰਮਿੰਦਰ ਕੌਰ ਢਿੱਲੋਂ ਨੂੰ ਉਨਾਂ ਦੀਆਂ ਭਾਈਚਾਰੇ ਪ੍ਰਤੀ ਸੇਵਾਵਾਂ ਨੂੰ ਮੁਖ ਰਖਦਿਆਂ ਸਨਮਾਨਤ ਕੀਤਾ ਗਿਆ। ਬਾਅਦ ਵਿਚ ਸਮਾਗਮ ਦੀ ਸਪਾਪਤੀ ਉੱਤੇ ਸਭ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ।