ਸਿੱਖ ਭਾਈਚਾਰੇ ਨੇ ਜਸਵੰਤ ਸਿੰਘ ਖਾਲੜਾ ਪਾਰਕ ਵਿਖੇ ਰੁੱਖ ਲਾਏ

ਸਿੱਖ ਭਾਈਚਾਰੇ ਨੇ ਜਸਵੰਤ ਸਿੰਘ ਖਾਲੜਾ ਪਾਰਕ ਵਿਖੇ ਰੁੱਖ ਲਾਏ

ਜੈਕਾਰਾ ਜਥੇਬੰਦੀ ਵਲੋਂ ਪਾਰਕ ਵਿੱਚ ਪਤੰਗ ਮੇਲਾ 8 ਅਪ੍ਰੈਲ ਨੂੰ
ਫਰਿਜ਼ਨੋਂ/ਬਿਊਰੋ ਨਿਊਜ਼:
ਸਿੱਖ ਨੌਜਵਾਨਾਂ ਨੇ ਮਾਨਵੀ ਅਧਿਕਾਰਾਂ ਸਬੰਧੀ ਲਹਿਰ ਦੇ ਉੱਘੇ ਆਗੂ ਤੇ ਸਿੱਖ ਸੰਘਰਸ਼ ਦੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਪਾਰਕ ਵਿਖੇ ਬੀਤੇ ਦਿਨੀਂ ਭਾਂਤ ਭਾਂਤ ਦੇ ਰੁੱਖ ਲਾਏ। ਵਾਤਾਵਰਣ ਪੱਖੀ ਸੰਸਥਾ ਟਰੀ ਫਰਿਜ਼ਨੋਂ ਨਾਮੀ ਜਥੇਬੰਦੀ ਅਤੇ ਜੈਕਾਰਾ ਦੇ 100 ਦੇ ਕਰੀਬ ਵਾਲੰਟੀਅਰਾਂ ਨੇ ਵਾਤਾਵਰਣ ਸੰਭਾਲ ਮੁਹਿੰਮ ਤਹਿਤ ਰੁੱਖ ਲਾਉਣ ਦਾ ਇਹ ਸ਼ੁਭ ਕਾਰਜ ਕੀਤਾ ਗਿਆ। ਹਰ ਉਮਰ ਦੇ ਸਿੱਖਾਂ ਨੇ ਪਾਰਕ ਨੂੰ ਹੋਰ ਸੁੰਦਰ ਬਣਾਉਣ ਦੇ ਮਨਸ਼ੇ ਨਾਲ ਵੱਖ ਵੱਖ ਤਰ੍ਹਾਂ ਦੇ ਰੁੱਖ ਲਾਉਣ ਵਾਸਤੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ।  ਜੈਕਾਰਾ ਮੂਵਮੈਂਟ ਨਾਲ ਜੁੜੇ ਹੋਏ ਕਾਲਜਾਂ ਅਤੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਕਲੱਬਾਂ ਦੇ ਮੈਂਬਰ ਸ਼ਨਿਚਰਵਾਰ ਸਵੇਰੇ ਤੋਂ ਹੀ ਪਾਰਕ ਵਿੱਚ ਪੁੱਜ ਕੇ ਰੁੱਖ ਲਾਉਣ ਵਿੱਚ ਜੁੱਟ ਗਏ। ਜੈਕਾਰਾ ਦੀ ਵਾਲੰਟੀਅਰ ਅਤੇ ਸੈਂਟਰਲ ਈਸਟ ਹਾਈ ਸਕੂਲ ਕਲੱਬ ਦੀ ਪ੍ਰਧਾਨ ਸਿਮਰਨ ਸ਼ੇਰਗਿੱਲ ਦੀ ਟਿਪਣੀ ਸੀ, ”ਸਾਡੇ ਲਈ ਵਾਤਾਵਰਣ ਦੀ ਸੰਭਾਲ ਬੜੀ ਅਹਿਮ ਹੈ। ਗੁਰਬਾਣੀ ਸਾਨੂੰ ਮਾਤਾ ਧਰਤ ਪ੍ਰਤੀ ਅਪਣੀ ਜੁੰਮੇਵਾਰੀ ਦਾ ਅਹਿਸਾਸ ਕਰਵਾਉਂਦੀ ਹੈ।”
ਜੈਕਾਰਾ ਮੂਵਮੈਂਟ ਫਰਿਜ਼ਨੋ ਸਟੇਟ ਚੈਪਟਰ ਦੇ ਕਾਲਜ ਪੜ੍ਹਦੇ ਕਈ ਮੈਂਬਰਾਂ ਨੇ ਰੁੱਖ ਲਾਓ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇੰਜੀਨੀਅਰਿੰਗ ਦੇ ਦੂਸਰੇ ਵਰ੍ਹੇ ਦੇ ਵਿਦਿਆਰਥੀ ਮਨਰਾਜ ਸਿੰਘ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਪਾਰਕ ਨੂੰ ਸਾਫ਼ ਸੁਧਰਾ ਰੱਖਣਾ ਤੇ ਸਜਾਉਣਾ ਸਾਡੇ ਭਾਈਚਾਰੇ ਦਾ ਫਰਜ਼ ਹੈ। ਅਸੀਂ ਇਸ ਪਾਰਕ ਦਾ ਨਾਂਅ ਸ. ਖਾਲੜਾ ਦੇ ਨਾਂਅ ਉੱਤੇ ਰੱਖੇ ਜਾਣ ਲਈ ਜਦੋਜਹਿਦ ਕੀਤੀ ਅਤੇ ਸਾਡੇ ਇਤਿਹਾਸ ਨੂੰ ਅਮਰੀਕਨ ਭਾਈਚਾਰੇ ਨਾਲ ਸਾਂਝਾ ਕਰਨ ਅਤੇ ਅਸੀਂ ਅਪਣੇ ਗਵਾਂਢੀਆਂ ‘ਚ ਸਤਿਕਾਰ ਹਾਸਲ ਕਰਨ ਵਿੱਚ ਕਾਮਯਾਬ ਹੋਏ। ਫਰਿਜ਼ਨੋਂ ਦੇ ਕੌਂਸਲਮੈਨ ਓਲੀਵਰ ਬੈਨਜ, ਜਿਨ੍ਹਾਂ ਨੇ ਪਾਰਕ ਦਾ ਨਾਂਅ ਬਦਲਣ ਲਈ ਉੱਦਮ ਨੂੰ ਅਗਵਾਈ ਦਿੱਤੀ ਸੀ, ਅਤੇ ਸੈਂਟਰਲ ਯੂਨੀਫਾਈਡ ਸਕੂਲ ਡਿਸਟਰਿਕ ਦੀ ਮੈਂਬਰ ਟੈਰੀ ਕੋਅਕਸ ਨੇ ਵੀ ਰੁੱਖ ਲਾਉਣ ‘ਚ ਹਿੱਸਾ ਪਾਇਆ। ਸਿੱਖ ਨੌਜਵਾਨਾਂ ਦੀ ਸ਼ਮੂਲੀਅਤ ਸਦਕਾ ਰੁੱਖ ਲਾਉਣ ਦਾ ਇਹ ਕੰਮ ਬਹੁਤ ਕਾਮਯਾਬ ਰਿਹਾ।
ਜੈਕਾਰਾ ਮੂਵਮੈਂਟ ਨੂੰ ਆਸ ਹੈ ਕਿ ਸਾਰਾ ਸਿੱਖ ਭਾਈਚਾਰਾ ਪਾਰਕ ਪ੍ਰਤੀ ਬਹੁਤ ਉਤਸ਼ਾਹਿਤ ਹੈ ਤੇ ਅਜਿਹੇ ਕਾਰਜਾਂ ਸਬੰਧੀ ਹੋਰ ਤਨਦੇਹੀ ਨਾਲ ਕੰਮ ਕਰਨ ਲਈ ਸਰਗਰਮੀ ਵਧਾਏਗਾ।
ਜੈਕਾਰਾ ਵਲੋਂ ਅਪਣੀਆਂ ਸਮਾਜਿਕ ਤੇ ਸਭਿਆਚਾਰਕ ਸਰਗਰਮੀਆਂ ਤਹਿਤ 8 ਅਪ੍ਰੈਲ ਐਤਵਾਰ ਨੂੰ ਇੱਸੇ ਪਾਰਕ ਵਿੱਚ ਪਤੰਗਬਾਜ਼ੀ ਮੇਲਾ ਲਾਇਆ ਜਾ ਰਿਹਾ ਹੈ ਜਿਸ ਵਿੱਚ ਸ਼ਾਮਲ ਹੋਣ ਲਈ ਸਾਰੇ ਭਾਈਚਾਰਿਆਂ ਨੂੰ ਖੁੱਲ੍ਹਾ ਸੱਦਾ ਹੈ
ਵਰਨਣਯੋਗ ਹੈ ਕਿ ਫਰਿਜ਼ਨੋਂ ਸ਼ਹਿਰ ਤੇ ਆਸ ਪਾਸ ਦੇ ਇਲਾਕੇ ਵਿਚਲੇ ਸਿੱਖ ਭਾਈਚਾਰੇ ਅਤੇ ਜੈਕਾਰਾ ਮੂਵਮੈਂਟ ਵਲੋਂ ਕੀਤੇ ਭਰਪੂਰ ਯਤਨਾਂ ਸਦਕਾ ਸ਼ਹਿਰ ਦੇ ਪ੍ਰਬੰਧਕਾਂ ਵਲੋਂ ਅਗਸਤ 2017 ਵਿੱਚ ਇਸ ਪਾਰਕ ਦਾ ਨਾਂਅ ‘ਜਸਵੰਤ ਸਿੰਘ ਖਾਲੜਾ ਪਾਰਕ’ ਰੱਖਣ ਦਾ ਫੈਸਲਾ ਕੀਤਾ ਗਿਆ ਸੀ।