ਅਧਿਆਪਕਾਂ ਨੂੰ ਹਥਿਆਰਬੰਦ ਕੀਤਾ ਜਾਵੇ: ਟਰੰਪ

ਅਧਿਆਪਕਾਂ ਨੂੰ ਹਥਿਆਰਬੰਦ ਕੀਤਾ ਜਾਵੇ: ਟਰੰਪ

ਮਾਰਜਰੀ ਸਟੋਨਮੈਨ ਡੱਗਲਸ ਹਾਈ ਸਕੂਲ ਵਿੱਚ 14 ਫਰਵਰੀ ਨੂੰ ਹੋਈ ਗੋਲੀਬਾਰੀ ਵਿੱਚ ਜ਼ਿੰਦਾ ਬਚੇ ਲੋਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਾਸ਼ਟਰਪਤੀ ਟਰੰਪ ਨਾਲ ਰੂਬਰੂ ਸਮੇਂ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹੋਏ।
ਵਾਸ਼ਿੰਗਟਨ, ਬਿਊਰੋ ਨਿਊਜ਼।
ਗੋਲੀਬਾਰੀ ਦੀਆਂ ਘਟਨਾਵਾਂ ‘ਤੇ ਕਾਰਵਾਈ ਦੇ ਵਧਦੇ ਦਬਾਅ ਵਿੱਚ ਅਮਰੀਕੀ ਰਾਸ਼ਟਰਪੀ ਡੋਨਲਡ ਟਰੰਪ ਨੇ ਇਸ ਦੇ ਪੱਕੇ ਨਿਬੇੜੇ ਲਈ ਅੱਜ ਪ੍ਰਣ ਕੀਤਾ। ਉਨ੍ਹਾਂ ਪਿਛਲੇ ਹਫਤੇ ਫਲੋਰੀਡਾ ਵਿੱਚ ਹੋਈ ਗੋਲੀਬਾਰੀ ਜਹੀ ਘਟਨਾਵਾਂ ਨੂੰ ਰੋਕਣ ਲਈ ਅਧਿਆਪਕਾਂ ਨੂੰ ਹਥਿਆਰਬੰਦ ਕਰਨ ਦਾ ਵਿਚਾਰ ਪੇਸ਼ ਕੀਤਾ। ਟਰੰਪ ਮਾਰਜੋਰੀ ਸਟੋਨਮੈਨ ਡਗਲਸ ਹਾਈ ਸਕੂਲ ਵਿੱਚ 14 ਫਰਵਰੀ ਨੂੰ ਗੋਲੀਬਾਰੀ ਵਿੱਚ ਜ਼ਿੰਦਾ ਬਚੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਰੂਬਰੂ ਹੋਏ ਜਿਨ੍ਹਾਂ ਨੇ ਹਿੰਸਾ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਥੇ ਵੱਖ ਵੱਖ ਲੋਕਾਂ ਨੇ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਆਪਣੇ ਸੁਝਾਅ ਦਿੱਤੇ ਅਤੇ ਆਪਣੇ ਅੰਦਰ ਪੈਦਾ ਹੋਏ ਸਹਿਮ ਬਾਰੇ ਵੀ ਰਾਸ਼ਟਰਪਤੀ ਨੂੰ ਜਾਣੂ ਕਰਾਇਆ। ਟਰੰਪ ਨੇ ਸਾਰੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਿਆ। ਇਸੇ ਦੌਰਾਨ ਪ੍ਰੋਗਰਾਮ ਵਿੱਚ ਮੌਜੂਦ ਇਕ ਵਿਅਕਤੀ ਨੇ ਸੁਝਾਅ ਦਿੱਤਾ ਕਿ ਸਕੂਲ ਵਿੱਚ ਮੌਜੂਦ ਜਿਹੜੇ ਅਧਿਆਪਕਾਂ ਜਾਂ ਪ੍ਰਸ਼ਾਸਕਾਂ ਕੋਲ ਹਥਿਆਰਾਂ ਦਾ ਲਾਇਸੈਂਸ ਹੈ ਉਹ ਸਕੂਲ ਵਿੱਚ ਹਥਿਆਰ  ਲਾਕ ਕਰਕੇ ਸੁਰੱਖਿਅਤ ਰੱਖ ਸਕਦੇ ਹਨ ਅਤੇ ਇਸ ਸਬੰਧੀ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾ ਸਕਦੀ ਹੈ। ਟਰੰਪ ਨੂੰ ਇਹ ਸੁਝਾਅ ਪਸੰਦ ਆਇਆ।
ਅਮਨੈਸਟੀ ਵੱਲੋਂ ਟਰੰਪ ਦੀ ਨਫਰਤ ਭਰੀ ਰਾਜਨੀਤੀ ਦੀ ਨਿੰਦਾ
ਲੰਦਨ: ਮਨੁੱਖੀ ਅਧਿਕਾਰ ਸਮੂਹ ਅਮਨੈਸਟੀ ਨੇ ਅੱਜ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਕਿ ਸ਼ਰਨਾਰਥੀ ਸੰਕਟ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਯੂਰਪ ਦੇ ਦੇਸ਼ਾਂ ਦੀ ਪ੍ਰਤੀਕਿ?ਆ, ਸਾਲ 2017 ਵਿੱਚ ਮਨੁੱਖੀ ਅਧਿਕਾਰ ਦੀ ਉਲੰਘਣਾ ਦੇ ਅਜਿਹੇ ਉਦਾਹਰਣ ਰਹੇ ਜਿਨ੍ਹਾਂ ‘ਨਫਰਤ ਦੀ ਰਾਜਨੀਤੀ’ ਦੀ ਨੀਂਹ ਰੱਖੀ। ਅਮਰੀਕਾ ਵਿੱਚ ਇਹ ਰਿਪੋਰਟ ਪਹਿਲੀ ਵਾਰ ਲਾਂਚ ਹੋਈ। ਇਸ ਵਿੱਚ ਵਿਕਸਤ ਦੇਸ਼ਾਂ ਦੇ ਆਗੂਆਂ ‘ਤੇ ਸ਼ਰਨਾਰਥੀ ਸੰਕਟ ਨਾਲ ਨਿਪਟਣ ਦੇ ਤਰੀਕਿਆਂ ਨੂੰ ਨਿਸ਼ਾਨੇ ‘ਤੇ ਲਿਆ ਗਿਆ।