ਆਈਐਸਆਈ ਲਈ ਕੰਮ ਕਰਨ ਦੀ ਕੋਸ਼ਿਸ਼ ਸੀ ਬਰਤਾਨਵੀ ਸਿੱਖ ਕੁੜੀ ਸੰਦੀਪ ਕੌਰ ਸਮਰਾ

ਆਈਐਸਆਈ ਲਈ ਕੰਮ ਕਰਨ ਦੀ ਕੋਸ਼ਿਸ਼ ਸੀ  ਬਰਤਾਨਵੀ ਸਿੱਖ ਕੁੜੀ ਸੰਦੀਪ ਕੌਰ ਸਮਰਾ

ਲੰਡਨ/ਬਿਊਰੋ ਨਿਊਜ਼
ਅਠਾਰਾ ਸਾਲਾ ਬ੍ਰਿਟਿਸ਼ ਸਿੱਖ ਕੁੜੀ, ਜਿਸ ਨੇ ਮੁਟਿਆਰ ਹੁੰਦਿਆਂ ਇਸਲਾਮ ਧਰਮ ਕਬੂਲ ਲਿਆ ਸੀ, ਨੇ ਸੀਰੀਆ ਜਾ ਕੇ ਇਸਲਾਮਿਕ ਸਟੇਟ ਦਹਿਸ਼ਤੀ ਨੈੱਟਵਰਕ ਦਾ ਹਿੱਸਾ ਬਣਨ ਲਈ ਆਪਣੀ ਪਾਸਪੋਰਟ ਅਰਜ਼ੀ ‘ਤੇ ਲੱਗੀ ਫੋਟੋ ਨੂੰ ਸਕੂਲ ਅਧਿਆਪਕਾ ਤੋਂ ਧੋਖੇ ਨਾਲ ਤਸਦੀਕ ਕਰਾਉਣ ਦਾ ਯਤਨ ਕੀਤਾ ਸੀ। ਸੰਦੀਪ ਕੌਰ ਸਮਰਾ ਨੇ ਬਰਮਿੰਘਮ ਦੀ ਕਰਾਊਨ ਅਦਾਲਤ ਵਿੱਚ ਦਾਅਵਾ ਕੀਤਾ ਸੀ ਕਿ ਉਹ ਨਰਸ ਵਜੋਂ ਕੰਮ ਕਰਕੇ ਦਹਿਸ਼ਤੀ ਜਥੇਬੰਦੀ ਦੀ ਮਦਦ ਕਰਨਾ ਚਾਹੁੰਦੀ ਸੀ। ਉਸ ਨੂੰ ਪਿਛਲੇ ਸਾਲ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਨਵਾਂ ਪਾਸਪੋਰਟ ਹਾਸਲ ਕਰਨ ਦੇ ਯਤਨ ਵਿੱਚ ਸੀ। ਉਸ ‘ਤੇ ਪਿਛਲੇ ਸਾਲ ਪਹਿਲੀ ਜੁਲਾਈ ਤੋਂ 31 ਜੁਲਾਈ ਦਰਮਿਆਨ ਜੰਗ ਦੇ ਝੰਬੇ ਸੀਰੀਆ ਜਾਣ ਦਾ ਯਤਨ ਕਰਕੇ ਦਹਿਸ਼ਤੀ ਸਰਗਰਮੀਆਂ ਨਾਲ ਜੁੜਨ ਦਾ ਦੋਸ਼ ਹੈ। ਸਮਰਾ ਨੇ ਹਾਲਾਂਕਿ ਕਿਸੇ ਵੀ ਹਿੰਸਕ ਕਾਰਵਾਈ ‘ਚ ਸ਼ਮੂਲੀਅਤ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਕਿ ਅਤਿਵਾਦ ਵਿਰੋਧੀ ਟੀਮ ਵੱਲੋਂ ਉਸ ਦੇ ਪਰਿਵਾਰ ਨੂੰ ਉਹਦੇ ਇਸਲਾਮ ਧਰਮ ਧਾਰਨ ਕਰਨ ਬਾਰੇ ਦੱਸੇ ਜਾਣ ਮਗਰੋਂ ਉਹ ਯੂਕੇ ਛੱਡਣਾ ਚਾਹੁੰਦੀ ਸੀ। ਅਦਾਲਤ ਵਿੱਚ ਪੇਸ਼ ਕੀਤੇ ਉਹਦੇ ਇਕ ਆਨਲਾਈਨ ਸੁਨੇਹੇ ਵਿੱਚ ਉਸ ਨੇ ਕਿਹਾ, ‘ਮੈਂ ਜਾਣਾ ਚਾਹੁੰਦੀ ਹਾਂ, ਇਨਸ਼ਾ ਅੱਲ੍ਹਾ ਜੇਕਰ ਇਹ ਮੁਮਕਿਨ ਹੋਇਆ- ਘੱਟੋ ਘੱਟ ਸਾਡੀਆਂ ਨਰਸਾਂ ਫ਼ੌਜੀਆਂ ਦੀ ਮਦਦ ਕਰ ਸਕਦੀਆਂ, ਮੈਂ ਸਚਮੁੱਚ ਜਾਣਾ ਚਾਹੁੰਦੀ ਹਾਂ।’
ਸਮਰਾ ਨੇ ਆਪਣੇ ਪਲੇਠੇ ਪਾਸਪੋਰਟ ਲਈ ਸਤੰਬਰ 2015 ਵਿੱਚ ਅਪਲਾਈ ਕੀਤਾ ਸੀ, ਪਰ ਅਧਿਆਪਕਾਂ ਵੱਲੋਂ ਜਤਾਈ ਫ਼ਿਕਰਮੰਦੀ ਮਗਰੋਂ ਉਸ ਦੇ ਪਿਤਾ ਨੇ ਇਹ ਪੁਲੀਸ ਨੂੰ ਫੜਾ ਦਿੱਤਾ। ਪਿਛਲੇ ਸਾਲ ਜੂਨ ਵਿੱਚ ਉਸ ਨੇ ਫ਼ਿਰ ਅਪਲਾਈ ਕੀਤਾ। ਪਰ ਇਸ ਤੋਂ ਪਹਿਲਾਂ ਜਦੋਂ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ ਦਾ ਫ਼ੋਨ ਕਬਜ਼ੇ ‘ਚ ਲਿਆ ਤਾਂ ਉਸ ਦੇ ਸੀਰੀਆ ਜਾਣ ਦੀ ਯੋਜਨਾ ਦਾ ਪਤਾ ਲੱਗ ਗਿਆ। ਉਹਦੇ ਸੋਸ਼ਲ ਮੀਡੀਆ ਸੁਨੇਹਿਆਂ ਤੋਂ ਇਹੀ ਪਤਾ ਲਗਦਾ ਹੈ ਕਿ ਉਹ ਆਈਐਸ ਲਈ ਮਰਨ ਦੇ ਇਰਾਦਾ ਰੱਖਦੀ ਸੀ।