ਅਜੇ ਨਹੀਂ ਖੁਲ੍ਹੀ ਅਮਰੀਕੀ ਸਰਕਾਰ ਦੀ ਤਾਲਾਬੰਦੀ

ਅਜੇ ਨਹੀਂ ਖੁਲ੍ਹੀ ਅਮਰੀਕੀ ਸਰਕਾਰ ਦੀ ਤਾਲਾਬੰਦੀ

ਵਾਸ਼ਿੰਗਟਨ/ਬਿਊਰੋ ਨਿਊਜ਼:
ਸਰਕਾਰੀ ਖ਼ਰਚਿਆਂ ਨੂੰ ਲੈ ਕੇ ਪੇਸ਼ ਕੀਤਾ ਗਿਆ ਆਰਥਿਕ ਬਿੱਲ ਪਾਸ ਨਾ ਹੋਣ ਕਾਰਨ ਅਮਰੀਕੀ ਸਰਕਾਰ ਇਸ ਹਫ਼ਤੇ ਦੇ ਸ਼ੁਰੂ ‘ਚ ਵੀ ਕੰਮਕਾਜ ਆਰੰਭ ਨਹੀਂ ਕਰ ਸਕੀ ਹੈ ਕਿਉਂਕਿ ਕਾਨੂੰਨਸਾਜ਼ ਕਿਸੇ ਸਮਝੌਤੇ ‘ਤੇ ਨਹੀਂ ਪਹੁੰਚ ਸਕੇ। ਲੰਬੀਆਂ ਬੈਠਕਾਂ ਦੇ ਬਾਵਜੂਦ ਸੈਨੇਟ ‘ਚ ਅਹਿਮ ਵੋਟਿੰਗ ਨੂੰ ਮੁਅੱਤਲ ਕਰਨਾ ਪੈ ਗਿਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਅਤੇ ਵਿਰੋਧੀ ਡੈਮੋਕਰੇਟਾਂ ਦੇ ਆਗੂਆਂ ਨੇ ਕਿਹਾ ਕਿ ਹਫ਼ਤੇ ਦੇ ਅਖੀਰ ‘ਚ ਕੁਝ ਗੱਲਬਾਤ ਜ਼ਰੂਰ ਅੱਗੇ ਵਧੀ ਸੀ। ਇਸ ਦੇਰੀ ਦਾ ਮਤਲਬ ਹੈ ਕਿ ਸੰਘੀ ਸਰਕਾਰ ਦੇ ਲੱਖਾਂ ਵਰਕਰਾਂ ਨੂੰ ਬਿਨਾਂ ਤਨਖ਼ਾਹਾਂ ਦੇ ਘਰਾਂ ‘ਚ ਹੀ ਰਹਿਣਾ ਪਏਗਾ ਜਦਕਿ ਸੋਮਵਾਰ ਸਵੇਰੇ ਉਨ੍ਹਾਂ ਡਿਊਟੀ ‘ਤੇ ਹਾਜ਼ਰ ਹੋਣਾ ਸੀ।
ਸਨਿੱਚਰਵਾਰ ਨੂੰ ਵਾਪਰੇ ਘਟਨਾਕ੍ਰਮ ਮਗਰੋਂ ਟਰੰਪ ਸਰਕਾਰ ਦੇ ਪਹਿਲੇ ਵਰ੍ਹੇ ਦੌਰਾਨ ਹੀ ਸੰਕਟ ਦੇ ਬੱਦਲ ਛਾ ਗਏ ਹਨ। ਕਾਂਗਰਸ ਦੇ ਵਿਸ਼ੇਸ਼ ਇਜਲਾਸ ਦੌਰਾਨ ਦੋਵੇਂ ਪਾਰਟੀਆਂ ਨੇ ਇਕ ਦੂਜੇ ‘ਤੇ ਤਿੱਖੇ ਸਵਾਲਾਂ ਦੀ ਵਾਛੜ ਕਰ ਦਿੱਤੀ ਸੀ। ਸੈਨੇਟ ਆਗੂ ਮਿਚ ਮੈਕੈਨਲ ਨੇ ਕਿਹਾ ਕਿ ਉਹ ਇੰਮੀਗਰੇਸ਼ਨ ਸੁਧਾਰ ਸਮੇਤ ਡੈਮੋਕਰੇਟ ਮੈਂਬਰਾਂ ਦੇ ਹੋਰ ਖ਼ਦਸ਼ਿਆਂ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਡੈਮਕਰੇਟ ਸੈਨੇਟਰ ਚੱਕ ਸ਼ੂਮਰ ਨੇ ਜਵਾਬ ਦਿੰਦਿਆਂ ਕਿਹਾ ਕਿ ਉਹ ਵਿਵਾਦ ਸੁਲਝਾਉਣ ਲਈ ਸਰਕਾਰ ਨਾਲ ਗੱਲਬਾਤ ਵਾਸਤੇ ਤਿਆਰ ਹਨ ਪਰ ਦੋਵੇਂ ਪਾਰਟੀਆਂ ਨੇ ਅਜੇ ਕਿਸੇ ਸਮਝੌਤੇ ‘ਤੇ ਪਹੁੰਚਣਾ ਹੈ।
ਸ਼ੁੱਕਰਵਾਰ ਅੱਧੀ ਰਾਤ ਤੋਂ ਸ਼ੁਰੂ ਹੋਇਆ ਵਿਵਾਦ ਹਫ਼ਤੇ ਦੇ ਅਖੀਰ ਤਕ ਸੀਮਤ ਰਹਿਣ ਦੀਆਂ ਉਮੀਦਾਂ ਪ੍ਰਗਟਾਈਆਂ ਗਈਆਂ ਸਨ ਪਰ ਦੋਵੇਂ ਗਰੁੱਪ ਕਈ ਘੰਟਿਆਂ ਤਕ ਖੜੋਤ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰਦੇ ਰਹੇ। ਉਂਜ ਉਹ ਆਪਣੇ ਮਤਭੇਦਾਂ ਨੂੰ ਦੂਰ ਨਹੀਂ ਕਰ ਸਕੇ। ਵ੍ਹਾਈਟ ਹਾਊਸ ਪ੍ਰੈੱਸ ਸਕੱਤਰ ਸਾਰਾਹ ਸੈਂਡਰਜ਼ ਨੇ ਦੱਸਿਆ ਕਿ ਟਰੰਪ ਨੇ ਮੈਕੈਨਲ ਅਤੇ ਸੈਨੇਟ ਵ੍ਹਿਪ ਜੌਹਨ ਕੋਰਨਿਨ ਨਾਲ ਗੱਲਬਾਤ ਕੀਤੀ ਪਰ ਉਨ੍ਹਾਂ ਡੈਮੋਕਰੇਟ ਮੈਂਬਰਾਂ ਨਾਲ ਗੱਲ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।