ਗ਼ੈਰ ਕਾਨੂੰਨੀ ਪਰਵਾਸੀਆਂ ਦੇ ਅਮਰੀਕਾ ‘ਚੋਂ ਨਿਕਾਲੇ ਲਈ ‘ਡਾਕਾ’ ਖ਼ਤਮ ਹੋ ਗਿਐ: ਟਰੰਪ

ਗ਼ੈਰ ਕਾਨੂੰਨੀ ਪਰਵਾਸੀਆਂ ਦੇ ਅਮਰੀਕਾ ‘ਚੋਂ ਨਿਕਾਲੇ ਲਈ ‘ਡਾਕਾ’ ਖ਼ਤਮ ਹੋ ਗਿਐ: ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼ :
ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਬਚਪਨ ‘ਚ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਲਿਆਂਦੇ ਪਰਵਾਸੀਆਂ ਦੀ ਰਾਖੀ ਕਰਨ ਵਾਲਾ ਪ੍ਰੋਗਰਾਮ ‘ਸੰਭਾਵੀ ਤੌਰ ‘ਤੇ ਖ਼ਤਮ’ ਹੋ ਗਿਆ ਹੈ। ਉਨ੍ਹਾਂ ਨੇ ਵਿਰੋਧੀ ਧਿਰ ਡੈਮੋਕਰੈਟਾਂ ‘ਤੇ ਸੰਭਾਵੀ ਆਵਾਸ ਸਮਝੌਤੇ ਉਤੇ ਗੱਲਬਾਤ ਵਿੱਚ ਅੜਿੱਕੇ ਡਾਹੁਣ ਦਾ ਦੋਸ਼ ਵੀ ਲਾਇਆ। ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਜ਼ (ਡਾਕਾ) ਪ੍ਰੋਗਰਾਮ, ਜੋ ਹਜ਼ਾਰਾਂ ਪਰਵਾਸੀਆਂ (ਡਰੀਮਰਜ਼) ਦੀ ਵਤਨ ਵਾਪਸੀ ਰੋਕਦਾ ਹੈ, ਉਤੇ ਹਫ਼ਤਾ ਭਰ ਚੱਲੀ ਗੰਭੀਰ ਚਰਚਾ ਬਾਅਦ ਟਰੰਪ ਨੇ ਇਹ ਟਿੱਪਣੀ ਕੀਤੀ ਹੈ।
ਓਬਾਮਾ ਕਾਲ ਦੀ ਇਹ ਨੀਤੀ ਤਕਰੀਬਨ ਅੱਠ ਲੱਖ ਲੋਕਾਂ ਦੀ ਰਾਖੀ ਕਰ ਰਹੀ ਹੈ, ਜਿਸ ਤਹਿਤ ਕੰਮ ਤੇ ਪੜ੍ਹਾਈ ਲਈ ਆਰਜ਼ੀ ਪਰਮਿਟ ਵੀ ਮੁਹੱਈਆ ਕਰਾਏ ਜਾਂਦੇ ਹਨ। ਦੱਸਣਯੋਗ ਹੈ ਕਿ ਟਰੰਪ ਇਸ ਸਮਝੌਤੇ ਤਹਿਤ ਸਰਹੱਦੀ ਸੁਰੱਖਿਆ ਲਈ ਯੂਐਸ-ਮੈਕਸਿਕੋ ਦੀਵਾਰ ਲਈ ਰਾਸ਼ੀ ਤੋਂ ਇਲਾਵਾ ਲਾਟਰੀ ਆਧਾਰਤ ‘ਲੜੀਵਾਰ ਪਰਵਾਸ’ ਵਿੱਚ ਤਬਦੀਲੀ ਚਾਹੁੰਦੇ ਹਨ। ਟਰੰਪ ਨੇ ਟਵੀਟ ਕੀਤਾ, ‘ਡਾਕਾ ਸੰਭਾਵੀਂ ਤੌਰ ‘ਤੇ ਖ਼ਤਮ ਹੋ ਗਿਆ ਹੈ ਕਿਉਂਕਿ ਡੈਮੋਕਰੈਟ ਅਸਲ ਵਿੱਚ ਇਸ ਨੂੰ ਨਹੀਂ ਚਾਹੁੰਦੇ। ਉਹ ਮਹਿਜ਼ ਗੱਲਬਾਤ ਕਰਨਾ ਅਤੇ ਸਾਡੀ ਫ਼ੌਜ ਤੋਂ ਬੇਹੱਦ ਲੋੜੀਦੀਂ ਰਾਸ਼ੀ ਲੈਣਾ ਚਾਹੁੰਦੇ ਹਨ।’
ਪ੍ਰਸ਼ਾਸਨ ਨੂੰ ਇਸ ਪ੍ਰੋਗਰਾਮ ਨੂੰ ਰੱਦ ਕਰਨ ਤੋਂ ਰੋਕਣ ਵਾਲੇ ਸੰਘੀ ਅਦਾਲਤ ਦੇ ਫ਼ੈਸਲੇ ਬਾਅਦ ਡਾਕਾ ਤਹਿਤ ‘ਡਰੀਮਰਜ਼’ ਦੀਆਂ ਨਵਿਆਉਣ ਵਾਲੀਆਂ ਅਰਜ਼ੀਆਂ ਮੁੜ ਪ੍ਰਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਦੇ ਕੁੱਝ ਘੰਟਿਆਂ ਬਾਅਦ ਟਰੰਪ ਨੇ ਟਵੀਟ ਕੀਤਾ, ‘ਮੈਂ ਰਾਸ਼ਟਰਪਤੀ ਵਜੋਂ ਚਾਹੁੰਦਾ ਹਾਂ ਕਿ ਉਹ ਲੋਕ ਸਾਡੇ ਮੁਲਕ ਆਉਣ, ਜੋ ਇਸ ਨੂੰ ਮੁੜ ਮਜ਼ਬੂਤ ਤੇ ਮਹਾਨ ਬਣਾਉਣ ‘ਚ ਸਾਡੀ ਮਦਦ ਕਰਨ। ਲੋਕ ਮੈਰਿਟ ਆਧਾਰ ਉਤੇ ਆਉਣ। ਹੋਰ ਲਾਟਰੀ ਸਿਸਟਮ ਨਹੀਂ।’