ਭਾਰਤ ਦੇ ਜੰਗੀ ਰੁਖ਼ ਨਾਲ ਸਿੱਝਣ ਲਈ ਹੀ ਪਰਮਾਣੂ ਹਥਿਆਰ ਤਿਆਰ ਕੀਤੇ : ਸ਼ਾਹਿਦ ਖ਼ਾਕਾਨ ਅੱਬਾਸੀ

ਭਾਰਤ ਦੇ ਜੰਗੀ ਰੁਖ਼ ਨਾਲ ਸਿੱਝਣ ਲਈ ਹੀ ਪਰਮਾਣੂ ਹਥਿਆਰ ਤਿਆਰ ਕੀਤੇ : ਸ਼ਾਹਿਦ ਖ਼ਾਕਾਨ ਅੱਬਾਸੀ

ਨਿਊਯਾਰਕ/ਬਿਊਰੋ ਨਿਊਜ਼ :
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅੱਬਾਸੀ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਨੇ ਭਾਰਤੀ ਫ਼ੌਜ ਦੇ ‘ਕੋਲਡ ਸਟਾਰਟ’ ਸਿਧਾਂਤ ਦੇ ਟਾਕਰੇ ਲਈ ਘੱਟ-ਰੇਂਜ ਵਾਲੇ ਪਰਮਾਣੂ ਹਥਿਆਰ ਤਿਆਰ ਕੀਤੇ ਹਨ। ਪਿਛਲੇ ਮਹੀਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਪਿੱਛੋਂ ਅਮਰੀਕਾ ਦੇ ਪਹਿਲੇ ਦੌਰੇ ਉਤੇ ਪੁੱਜੇ ਸ੍ਰੀ ਅੱਬਾਸੀ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦਾ ਪਰਮਾਣੂ ਅਸਲਾਖ਼ਾਨਾ ਬਿਲਕੁਲ ਸੁਰੱਖਿਅਤ ਹੈ।
ਅਮਰੀਕੀ ਅਦਾਰੇ ‘ਕੌਂਸਲ ਫਾਰ ਫੌਰਨ ਰਿਲੇਸ਼ਨਜ਼’ ਵਿੱਚ ਵਿਸ਼ੇਸ਼ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ”ਅਸੀਂ ਭਾਰਤ ਵੱਲੋਂ ਤਿਆਰ ਕੀਤੇ ਗਏ ਕੋਲਡ ਸਟਾਰਟ ਸਿਧਾਂਤ ਦੇ ਟਾਕਰੇ ਲਈ ਘੱਟ ਰੇਂਜ ਵਾਲੇ ਪਰਮਾਣੂ ਹਥਿਆਰ ਬਣਾਏ ਹਨ।” ਉਨ੍ਹਾਂ ਕਿਹਾ ਕਿ ਭਾਰਤ ਨੇ ਇਹ ਸਿਧਾਂਤ ਪਾਕਿਤਸਾਨ ਨਾਲ ਸੰਭਵ ਜੰਗ ਲਈ ਤਿਆਰ ਕੀਤਾ ਸੀ, ਜਿਸ ਤਹਿਤ ਫ਼ੌਜ ਦੇ ਵੱਖੋ-ਵੱਖਰੇ ਵਿੰਗ ਇਕ ਸਾਂਝੇ ਜੰਗੀ ਸਮੂਹ ਵਜੋਂ ਲੜਾਈ ਲੜਨਗੇ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਅਫ਼ਗਾਨਿਸਤਾਨ ਵਿੱਚ ਭਾਰਤ ਦਾ ਕੋਈ ਸਿਆਸੀ ਜਾਂ ਫ਼ੌਜ ਰੋਲ ਨਹੀਂ ਜਾਪਦਾ। ਗ਼ੌਰਤਲਬ ਹੈ ਕਿ ਕੁਝ ਹਫ਼ਤੇ ਪਹਿਲਾਂ ਅਮਰੀਕਾ ਦੇ ਸਦਰ ਡੋਨਾਲਡ ਟਰੰਪ ਨੇ ਅਫ਼ਗਾਨਿਸਤਾਨ ਵਿੱਚ ਅਮਨ ਤੇ ਸਥਿਰਤਾ ਲਈ ਭਾਰਤ ਤੋਂ ਸਹਿਯੋਗ ਮੰਗਿਆ ਸੀ। ਇਸ ਸਬੰਧੀ ਸਵਾਲ ਦੇ ਜਵਾਬ ਵਿੱਚ ਸ੍ਰੀ ਅੱਬਾਸੀ ਨੇ ਕਿਹਾ, ”ਸਾਨੂੰ ਅਫ਼ਗਾਨਿਸਤਾਨ ਵਿੱਚ ਭਾਰਤ ਦਾ ਕੋਈ ਸਿਆਸੀ ਜਾਂ ਫ਼ੌਜੀ ਰੋਲ ਨਹੀਂ ਜਾਪਦਾ।” ਦਹਿਸ਼ਤਗਰਦ ਹਾਫਿਜ਼ ਸਈਦ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ, ”ਅਸੀਂ ਉਸ ਖ਼ਿਲਾਫ਼ ਕਾਰਵਾਈ ਕੀਤੀ ਹੈ। ਉਹ ਘਰ ਵਿੱਚ ਨਜ਼ਰਬੰਦ ਹੈ।” ਇਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਿੰਧੂ ਪਾਣੀ ਸਮਝੌਤੇ ਸਬੰਧੀ ਦੋਵਾਂ ਮੁਲਕਾਂ ਦੇ ਵਿਵਾਦ ਨੂੰ ਹੱਲ ਕਰਨ ਦਾ ਢੰਗ-ਤਰੀਕਾ ਇਸ ਸਮਝੌਤੇ ਵਿੱਚ ਹੀ ਮੌਜੂਦ ਹੈ। ਉਨ੍ਹਾਂ ਕਿਹਾ, ”ਇਹ ਇਕ ਕਾਨੂੰਨੀ ਮਾਮਲਾ ਹੈ। ਇਸ ਨੂੰ ਸਮਝੌਤੇ ਦੇ ਹਵਾਲੇ ਵਿੱਚ ਹੀ ਸੁਲਝਾਇਆ ਜਾ ਸਕਦਾ ਹੈ।”
ਕਸ਼ਮੀਰ ਬਾਰੇ ਸਲਾਮਤੀ ਕੌਂਸਲ ਦਾ ਮਤਾ ਲਾਗੂ ਕਰਨ ਦੀ ਵਕਾਲਤ:
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅੱਬਾਸੀ ਨੇ ਅਮਰੀਕਾ ਦੀ ‘ਕੌਂਸਲ ਫਾਰ ਫੌਰਨ ਰਿਲੇਸ਼ਨਜ਼’ ਵਿੱਚ ਬੋਲਦਿਆਂ ਕਸ਼ਮੀਰ ਸਬੰਧੀ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਮਤਿਆਂ ਨੂੰ ਲਾਗੂ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁਲਕ ਜੰਮੂ-ਕਸ਼ਮੀਰ ਦੇ ਸਵੈ-ਨਿਰਣੇ ਦੇ ਹੱਕ ਦੀ ਹਮਾਇਤ ਜਾਰੀ ਰੱਖੇਗਾ। ਉਨ੍ਹਾਂ ਕਿਹਾ, ”ਭਾਰਤ ਤੇ ਪਾਕਿਸਤਾਨ ਵਿਚਕਾਰ ਕਸ਼ਮੀਰ ਇਕ ਬੁਨਿਆਦੀ ਮੁੱਦਾ ਹੈ।”