ਰੋਹਿੰਗਯਾ ਮੁਸਲਮਾਨਾਂ ਨੂੰ ਭਾਰਤ ‘ਚੋਂ ਕੱਢਣ ਦੀਆਂ ਕੋਸ਼ਿਸ਼ਾਂ ਦੀ ਸੰਯੁਕਤ ਰਾਸ਼ਟਰ ਵਲੋਂ ਨਿੰਦਾ

ਰੋਹਿੰਗਯਾ ਮੁਸਲਮਾਨਾਂ ਨੂੰ ਭਾਰਤ ‘ਚੋਂ ਕੱਢਣ ਦੀਆਂ ਕੋਸ਼ਿਸ਼ਾਂ ਦੀ ਸੰਯੁਕਤ ਰਾਸ਼ਟਰ ਵਲੋਂ ਨਿੰਦਾ

ਖਾਲਸਾ ਏਡ ਨੇ ਪੀੜਤਾਂ ਲਈ ਲਾਏ ਲੰਗਰ
ਨਿਊ ਯਾਰਕ/ਬਿਊਰੋ ਨਿਊਜ਼ :
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਮੁਖੀ ਜੈਦ ਰਾਦ ਅਲ ਹੁਸੈਨ ਨੇ ਰੋਹਿੰਗਯਾ ਮੁਸਲਮਾਨਾਂ ਨੂੰ ਭਾਰਤ ‘ਚੋਂ ਵਾਪਸ ਭੇਜਣ ਦੀ ਮੋਦੀ ਸਰਕਾਰ ਦੀ ਕੋਸ਼ਿਸ਼ ਦੀ ਨਿੰਦਾ ਕੀਤੀ ਹੈ। ਅਲ ਹੁਸੈਨ ਨੇ ਕਿਹਾ ਕਿ ਭਾਰਤ ਦੇ ਗ੍ਰਹਿ ਰਾਜ ਮੰਤਰੀ ਨੇ ਕਥਿਤ ਤੌਰ ‘ਤੇ ਬਿਆਨ ਦਿੱਤਾ ਹੈ ਕਿ ਕਿਉਂਕਿ ਭਾਰਤ ‘ਤੇ ਰਫਿਊਜੀ ਕਨਵੈਸ਼ਨ ‘ਤੇ ਹਸਤਾਖ਼ਰ ਕਰਨ ਵਾਲਾ ਦੇਸ਼ ਨਹੀਂ ਹੈ, ਇਸ ਲਈ ਭਾਰਤ ਇਸ ਮਾਮਲੇ ‘ਤੇ ਕੌਮਾਂਤਰੀ ਕਾਨੂੰਨ ਤੋਂ ਹਟ ਕੇ ਕੰਮ ਕਰ ਸਕਦਾ ਹੈ ਪਰ ਬੁਨਿਆਦੀ ਮਨੁੱਖੀ ਤਰਸ ਦੇ ਨਾਲ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਮੁਖੀ ਮੁਤਾਬਕ ਭਾਰਤ ਦਾ ਇਹ ਕਦਮ ਕੌਮਾਂਤਰੀ ਕਾਨੂੰਨਾਂ ਅਤੇ ਪ੍ਰਬੰਧਾਂ ਦੇ ਅਨੁਕੂਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਹਾਲਾਂਕਿ ਪ੍ਰਚੱਲਤ ਕਾਨੂੰਨ ਦੇ ਆਧਾਰ ‘ਤੇ ਭਾਰਤ ਰੋਹਿੰਗਯਾ ਮੁਸਲਮਾਨਾਂ ਦਾ ਉਨ੍ਹਾਂ ਦੇਸ਼ਾਂ ਜਾਂ ਉਨ੍ਹਾਂ ਇਲਾਕਿਆਂ ਵਿਚ ਸਮੂਹਕ ਨਿਕਾਲਾ ਨਹੀਂ ਕਰ ਸਕਦਾ, ਜਿੱਥੇ ਉਨ੍ਹਾਂ ‘ਤੇ ਜ਼ੁਲਮ ਹੋਣ ਦਾ ਖ਼ਦਸ਼ਾ ਹੈ ਜਾਂ ਫਿਰ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇਸ ਵਕਤ ਭਾਰਤ ਵਿਚ 40 ਹਜ਼ਾਰ ਰੋਹਿੰਗਯਾ ਮੁਸਲਮਾਨ ਰਹਿੰਦੇ ਹਨ, ਇਨ੍ਹਾਂ ਵਿਚੋਂ 16 ਹਜ਼ਾਰ ਲੋਕਾਂ ਨੇ ਸ਼ਰਨਾਰਥੀ ਦਸਤਾਵੇਜ਼ ਵੀ ਹਾਸਲ ਕਰ ਲਏ ਹਨ।
ਉਧਰ ਮਿਆਂਮਾਰ ਦੇ ਰਖਾਈਨ ਵਿਚ ਜਾਰੀ ਹਿੰਸਾ ਮਗਰੋਂ ਉਥੋਂ ਭੱਜੇ ਹਜ਼ਾਰਾਂ ਰੋਹਿੰਗਯਾ ਮੁਸਲਮਾਨ ਸ਼ਰਨਾਰਥੀਆਂ ਨੂੰ ਬੰਗਲਾਦੇਸ਼ ਦੇ ਇਕ ਬੰਜਰ ਦੀਪ ‘ਤੇ ਆਪਣਾ ਨਵਾਂ ਆਸ਼ਿਆਨਾ ਵਸਾਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਇਕ ਅਜਿਹਾ ਦੀਪ ਜਿੱਥੇ ਹਰ ਸਾਲ ਹੜ੍ਹ ਆਉਂਦੇ ਹਨ। ਰੋਹਿੰਗਯਾ ਨੇਤਾਵਾਂ ਅਤੇ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਦੇ ਇੱਛਾ ਨਾ ਹੋਣ ਦੇ ਬਾਵਜੂਦ ਬੰਗਲਾਦੇਸ਼ ਦੇ ਅਧਿਕਾਰੀ ਗੈਰ ਆਬਾਦੀ ਵਾਲੇ ਥੇਨਗਾਰ ਛਾਪ ਦੀਪ ‘ਤੇ ਕੈਂਪ ਬਣਾਉਣ ‘ਤੇ ਵਿਚਾਰ ਕਰ ਰਹੇ ਹਨ। ਇਸ ਦੀਪ ਦਾ ਹਾਲ ਵਿਚ ਨਾਮ ਬਦਲ ਕੇ ਭਾਸਾਨ ਛਾਰ ਕੀਤਾ ਗਿਆ ਸੀ। ਰਖਾਈਨ ਸੂਬੇ ਵਿਚ ਇਸੇ ਸਾਲ 25 ਅਗਸਤ ਤੋਂ ਸ਼ੁਰੂ ਹੋਈ ਹਿੰਸਾ ਦੇ ਨਵੇਂ ਦੌਰ ਮਗਰੋਂ ਬੰਗਲਾਦੇਸ਼ ਵਿਚ 3 ਲੱਖ ਤੋਂ ਜ਼ਿਆਦਾ ਰੋਹਿੰਗਯਾ ਮੁਸਲਮਾਨ ਆ ਗਏ ਹਨ। ਲਗਭਗ 3 ਲੱਖ ਸ਼ਰਨਾਰਥੀ ਪਹਿਲਾਂ ਤੋਂ ਹੀ ਮਿਆਂਮਾਰ ਸੀਮਾ ਨੇੜੇ ਕਾਕਸ ਬਾਜ਼ਾਰ ਜ਼ਿਲ੍ਹੇ ਵਿਚ ਸੰਯੁਕਤ ਰਾਸ਼ਟਰ ਦੇ ਕੈਂਪਾਂ ਵਿਚ ਰਹਿ ਰਹੇ ਹਨ।
ਇਸੇ ਦੌਰਾਨ ਰੋਹਿੰਗਿਆ ਮੁਸਲਮਾਨਾਂ ਦੀ ਮਦਦ ਲਈ ਸਿੱਖ ਭਾਈਚਾਰੇ ਦੇ ਲੋਕ ਅੱਗੇ ਆਏ ਹਨ। ਸਿੱਖ ਸੰਗਠਨ ‘ਖਾਲਸਾ ਏਡ’ ਦੇ ਵਲੰਟੀਅਰਜ਼ ਐਤਵਾਰ ਦੀ ਰਾਤ ਨੂੰ ਬੰਗਲਾਦੇਸ਼-ਮਿਆਂਮਾਰ ਦੀ ਸਰਹੱਦ ‘ਤੇ ਪਹੁੰਚੇ ਅਤੇ ਮਿਆਂਮਾਰ ਤੋਂ ਆਏ ਲੱਖਾਂ ਪਰਿਵਾਰਾਂ ਦੀ ਮਦਦ ਕਰ ਰਹੇ ਹਨ ਅਤੇ ਉਨ੍ਹਾਂ ਲਈ ਲੰਗਰ ਲਾਏ ਗਏ ਹਨ।
ਸਿੱਖ ਵਲੰਟੀਅਰਜ਼ ਇਨ੍ਹਾਂ ਸ਼ਰਣਾਰਥੀਆਂ ਲਈ ਖਾਣ-ਪੀਣ ਅਤੇ ਰਹਿਣ ਦੀ ਵਿਵਸਥਾ ਕਰਨ ਵਿਚ ਮਦਦ ਕਰ ਰਹੇ ਹਨ। ਖਾਲਸਾ ਏਡ ਦੇ ਮੈਨੇਜਿੰਗ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਮਦਦ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਥੋਂ ਦੇ ਹਲਾਤਾਂ ਦਾ ਮੁਆਇਨਾ ਕੀਤਾ, ਇੱਥੇ ਹਾਲਾਤ ਬਹੁਤ ਖਰਾਬ ਹਨ ਅਤੇ ਇਹ ਲੋਕ ਬਹੁਤ ਹੀ ਮਾੜੇ ਹਲਾਤਾਂ ਵਿਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਤਕਰੀਬਨ 50,000 ਲੋਕਾਂ ਦੀ ਮਦਦ ਲਈ ਮਦਦ ਸਮੱਗਰੀ ਲਿਆਏ ਸੀ ਪਰ ਇੱਥੇ 2 ਲੱਖ ਤੋਂ ਵਧ ਲੋਕ ਹਨ, ਜੋ ਬਿਨਾਂ ਰੋਟੀ-ਪਾਣੀ ਅਤੇ ਬਿਨਾਂ ਘਰਾਂ ਦੇ ਰਹਿ ਰਹੇ ਹਨ। ਜਿਸ ਨੂੰ ਜਿੱਥੇ ਵੀ ਥਾਂ ਮਿਲ ਰਹੀ ਹੈ, ਉਹ ਉੱਥੇ ਹੀ ਬੈਠਾ ਹੈ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਇਨ੍ਹਾਂ ਲੋਕਾਂ ਦੀ ਕੁਝ ਮਦਦ ਕੀਤੀ ਜਾ ਸਕੇ, ਅਸੀਂ ਆਪਣੇ ਵਲੋਂ ਲੋਕਾਂ ਦੀ ਮਦਦ ਦੀ ਕੋਸ਼ਿਸ਼ ਕਰਾਂਗੇ। ਅਮਰਪ੍ਰੀਤ ਨੇ ਦੱਸਿਆ ਕਿ ਬੰਗਲਾਦੇਸ਼ ਸਰਹੱਦ ਕੋਲ ਪਿੰਡ ਟੇਕਨਫ ‘ਚ ਰੋਹਿੰਗਿਆ ਸ਼ਰਣਾਰਥੀ ਕੈਂਪ ‘ਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਡੀ ਟੀਮ ਨੇ ਸ਼ਰਣਾਰਥੀਆਂ ਨੂੰ ਲੰਗਰ ਅਤੇ ਪਾਣੀ ਮੁਹੱਈਆ ਕਰਵਾ ਰਹੀ ਹੈ।