ਜੈਕਾਰਾ ਵੱਲੋਂ ਸ਼ਾਨਦਾਰ ਉਪਰਾਲਾ

ਜੈਕਾਰਾ ਵੱਲੋਂ ਸ਼ਾਨਦਾਰ ਉਪਰਾਲਾ

ਫਰਿਜਨੋ ਤੋਂ ਸਊਥ-ਈਸਟ ਟੈਕਸਾਸ ਲਈ ਹੜ ਪੀੜਤ ਲੋਕਾਂ ਦੀ
ਮੱਦਦ ਲਈ ਰਸਦ ਅਤੇ ਹੋਰ ਸਮਾਨ ਦੇ ਦੋ ਟਰੱਕ ਰਵਾਨਾ
ਫਰਿਜ਼ਨੋ/(ਨੀਟਾ ਮਾਛੀਕੇ/ਕੁਲਵੰਤ ਧਾਲੀਆਂ):
ਉੱਦਮੀ ਨੌਜਵਾਨਾਂ ਦੀ ਸੰਸਥਾ ਜੈਕਾਰਾ ਵੱਲੋਂ ਸ਼ਾਨਦਾਰ ਉਪਰਾਲਾ ਕਰਦਿਆਂ ਫਰਿਜਨੋ ਤੋਂ ਸਊਥ-ਈਸਟ ਟੈਕਸਾਸ ਲਈ ਹੜ ਪੀੜਤ ਲੋਕਾਂ ਦੀ  ਮੱਦਦ ਲਈ ਰਸਦ ਅਤੇ ਹੋਰ ਸਮਾਨ ਦੇ ਦੋ ਟਰੱਕ ਰਵਾਨਾ ਕੀਤੇ ਗਏ ਹਨ । ਵਰਨਣਯੋਗ ਹੈ ਕਿ ਅਮਰੀਕਾ ਦੇ ਤੱਟੀ ਸੂਬੇ ਟੈਕਸਾਸ ਵਿੱਚ ਪਿਛਲੇ ਦਿਨੀਂ ਆਏ ਹਰੀਕੇਨ ਹਾਰਵੇ ਕਾਰਨ ਭਾਰੀ ਹੜ੍ਹਾਂ ਕਾਰਨ ਸਾਊਥ ਈਸਟ ਟੈਕਸਾਸ ਬੁਰੀ ਤਰਾਂ ਨਾਲ ਤਬਾਹ ਹੋ ਗਿਆ ਸੀ। ਇਸ ਤੁਫ਼ਾਨ ਨਾਲ ਤਕਰੀਬਨ ਪੰਜਾਹ ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ। ਦਰਜਨਾਂ ਲੋਕੀਂ ਹਾਲੇ ਵੀ ਗੁੰਮ ਹਨ। ਤੀਹ ਹਜ਼ਾਰ ਘਰਾਂ ਵਿੱਚ ਬਿਜਲੀ ਗੁੱਲ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋਏ ਡਾਹਢੀਆਂ ਦੁਸ਼ਵਾਰੀਆਂ ਝੱਲ ਰਹੇ ਹਨ। ਇਸ ਮੌਕੇ ਹਾਲਤਾਂ ਨਾਲ ਨਜਿੱਠਣ ਲਈ ਫੌਜ ਬੁਲਾਈ ਗਈ ਹੈ।
”ਮਾਨਸ ਕੀ ਜਾਤ ਸਬਹਿ ਇਕੇ ਪਹਚਾਨ ਬੋਹ” ਦੇ ਉਪਦੇਸ਼ ਤੇ ਪਹਿਰਾ ਦਿੰਦਿਆਂ ਫਰਿਜ਼ਨੋ ਦੀ ਜੈਕਾਰਾ ਸੰਸਥਾਂ ਨੇ ਪਹਿਲ ਕਰਦਿਆਂ ਗੁਰਦੁਆਰਾ ਸਿੰਘ ਸਭਾ ਫਰਿਜਨੋ ਅਤੇ ਗੁਰਦੁਆਰਾ ਨਾਨਕ ਪ੍ਰਕਾਸ਼ ਫਾਊਲਰ ਵਿਖੇ ਸਾਊਥ ਟੈਕਸਾਸ ਹੜ ਪੀੜਤਾਂ ਦੀ ਮੱਦਦ ਲਈ ਕੁਲੈਸ਼ਨ ਸੈਂਟਰ ਖੋਲੇ ਹਨ ਜਿਥੇ ਵੱਡੀ ਗਿਣਤੀ ਵਿੱਚ ਪੰਜਾਬੀ ਅਤੇ ਹੋਰ ਭਾਈਚਾਰਿਆ ਨਾਲ ਸਬੰਧਤ ਲੋਕ ਰੋਜ਼ਮਰਾ ਦੀ ਜਿੰਦਗੀ ਵਿੱਚ ਕੰਮ ਆਉਣ ਵਾਲਾ ਸਮਾਨ ਜਮਾਂ ਕਰਵਾ ਰਹੇ ਹਨ।
ਜੈਕਾਰਾ ਸੰਸਥਾ ਦੇ ਬੁਲਾਰੇ ਇਕਬਾਲ ਬੈਂਸ ਨੇ ਕਿਹਾ ਕਿ ਅਸੀਂ ਇੱਕ ਯੂ ਹਾਲ ਟਰੇਲਰ ਤੇ ਪਿੱਕਅਪ ਟਰੱਕ ਲਿਜਾਣ ਬਾਰੇ ਸੋਚਿਆ ਸੀ ਲੇਕਿਨ ਜਦੋਂ ਸ਼ੋਸ਼ਲ ਮੀਡੀਏ ਜ਼ਰੀਏ ਜਾਣਕਾਰੀ ਲੋਕਾਂ ਤੱਕ ਪਹੁੰਚੀ ਤਾਂ  ਸਮਾਨ ਦੇ ਦੋ 53  ਫੁੱਟੇ ਟਰੇਲਰ ਭਰ ਗਏ। ਉਹਨਾਂ ਇਸ ਮੌਕੇ ਪੰਜਾਬੀ ਕਲਚਰਲ ਐਸੋਸੀਏਸ਼ਨ (ਪੀ ਸੀ ਏ) ਅਤੇ ਆਪਕਾ ਸੰਸਥਾਂ ਦਾ ਸਹਿਯੋਗ ਲਈ ਸ਼ੁਕਰੀਆ ਅਦਾ ਕੀਤਾ ਤੇ ਕਿਹਾ ਕਿ ਦੋਵਾਂ ਸੰਸਥਾਵਾਂ ਨੇ 10 ਹਜਾਰ ਡਾਲਰ ਦਾ ਵੱਡਾ ਯੋਗਦਾਨ ਪਾਕੇ ਇਸ ਕਾਰਜ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਵਿੱਚ ਸਾਡਾ ਸਾਥ ਦਿੱਤਾ ਹੈ।
Âਸ ਮੌਕੇ ਪੀ ਸੀ ਏ ਮੈਂਬਰ ਗੁਰਦੁਆਰਾ ਸਿੰਘ ਸਭਾ ਫਰਿਜਨੋ ਵਿਖੇ ਆਪਣੀਆਂ ਡਿਉਟੀਆਂ ਨਿਭਾ ਰਹੇ ਹਨ ਅਤੇ ਦੂਸਰਾ ਟਰੇਲਰ ਭਰਨ ਲਈ ਪੂਰੇ ਉਤਸ਼ਾਹਿਤ ਹਨ। ਉਹਨਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਪੁਰਾਣਾ ਸਮਾਨ ਨਾ ਲਿਆਦਾ ਜਾਵੇ ਖਾਸ ਕਰ ਕੱਪੜੇ। ਉਨ੍ਹਾਂ ਨੇ ਮੁੱਖ ਤੌਰ ਉੱਤੇ ਪਾਣੀ, ਸੋਡੇ, ਗੇਟਰੇਡ, ਡਾਇਪਰ, ਸੈਨੇਟਾਇਜ਼ਰ ਅਤੇ ਕੈਂਨ ਫੂਡ ਆਦਿ ਡੋਨੇਟ ਕਰਨ ਦੀ ਅਪੀਲ ਕੀਤੀ।
ਸਮੂਹ ਪੰਜਾਬੀ ਸੰਸਥਾਵਾਂ ਨੂੰ ਵੀ ਇਸ ਕਾਰਜ ਲਈ ਅੱਗੇ ਆਉਣ ਕਰਦਿਆਂ ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਟਰੱਕਰ ਸੁਰਜੀਤ ਘੋਲੀਆ ਤੇ ਦਲਜੀਤ ਸਿੰਘ ਸਿੱਧੂ ਦਾ ਟਰਾਂਸਪੋਰਟ ਸਾਧਨਾ ਲਈ ਧੰਨਵਾਦ ਕੀਤਾ। ਪੀਸੀਏ ਮੈਂਬਰ ਗੁਰਨੇਕ ਸਿੰਘ ਬਾਗੜੀ ਨੇ ਦੱਸਿਆ ਕਿ ਪੀਸੀਏ ਅਤੇ ਆਪਕਾ ਗਰੁਪ ਤਕਰੀਬਨ 16000 ਹਜ਼ਾਰ ਡਾਲਰ ਇਹਨਾਂ ਰਾਹਤ ਕਾਰਜਾ ਲਈ ਖਰਚ ਚੁਕਿਆ ਹੈ ਅਤੇ ਆਸ ਹੈ ਤਕਰੀਬਨ ਵੀਹ ਹਜਾਰ ਡਾਲਰ ਦੀ ਰਾਹਤ ਸਮੱਗਰੀ ਇਸ ਦੂਸਰੇ ਟਰੇਲਰ ਜਰੀਏ ਫਰਿਜ਼ਨੋ ਦੀ ਸੰਗਤ ਵੱਲੋਂ ਸਾਊਥ ਈਸਟ ਟੈਕਸਾਸ ਲਈ ਰਵਾਨਾ ਹੋਵੇਗੀ। ਉਹਨਾਂ ਕਿਹਾ ਕਿ ਇਹ ਮੌਕਾ ਸਿੱਖ ਪਹਿਚਾਣ ਲਈ ਵੀ ਮੀਲ ਪੱਥਰ ਸਾਬਤ ਹੋਵੇਗਾ।

 

ਤੂਫ਼ਾਨ ਦੌਰਾਨ ਬੇਘਰ ਹੋਏ ਲੋਕਾਂ ਲਈ ਰਾਹਤ ਦਾ ਕਾਰਜ ਕਰਨ 
ਵਾਲੀਆਂ ਸਿੱਖ ਸੰਸਥਾਵਾਂ ਧੰਨਵਾਦ ਦੀਆਂ ਪਾਤਰ-ਏਜੀਪੀਸੀ 
ਸਿੱਖਾਂ ਦੀ ਗਿਣਤੀ ਘੱਟ ਪਰ ਸੇਵਾਵਾਂ ਅਣਗਿਣਤ
ਫ਼ਰੀਮੌਂਟ/ਬਿਊਰੋ ਨਿਊਜ਼:
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਨੇ  ਟੈਕਸਸ ਸੂਬੇ ਦੇ ਸ਼ਹਿਰ ਹਿਊਸਟਨ ‘ਚ ਆਏ ਹੜ੍ਹਾਂ ਦੌਰਾਨ ਬੇਘਰ ਹੋਏ ਲੋਕਾਂ ਦੇ ਲਈ ਰਾਹਤ ਦਾ ਕਾਰਜ ਕਰਨ ਵਾਲੀਆਂ ਸਿੱਖ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਲੋੜਵੰਦ ਸਮੱਗਰੀ ਪ੍ਰਦਾਨ ਕਰਨ ਦੇ ਕੀਤੇ ਗਏ ਕੰਮ ਨੂੰ ਸਲਾਹਉਂਂਦਿਆਂ ਕਿਹਾ ਕਿ ਸਿੱਖ ਕੌਮ ਹਮੇਸ਼ਾਂ ਹੀ ਲੋੜਵੰਦਾਂ ਦੀ ਮਦਦ ਲਈ ਤੱਤਪਰ ਹੈ।
ਏਜੀਪੀਸੀ ਦੇ ਪ੍ਰਧਾਨ ਸ: ਜਸਵੰਤ ਸਿੰਘ ਹੋਠੀ ਅਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਇੱਥੇ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ‘ਚ ਕਿਹਾ ਕਿ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਸਿੱਖ ਕੌਮ ਦਾ ਇਤਿਹਾਸ ਦੂਸਰਿਆਂ ਦੀ ਸਹਾਇਤਾ, ਸ਼ਹਾਦਤਾਂ ਤੇ ਰੱਖਿਆ ਲਈ ਸੁਨਹਿਰੀ ਪੰਨ੍ਹੇ ‘ਤੇ ਦਰਜ ਹੈ ਅਤੇ ਦੁਨੀਆਂ ‘ਚ ਭਾਵੇਂ ਗਿਣਤੀ ਘੱਟ ਹੈ ਪਰ ਇਨ੍ਹਾਂ ਵੱਲੋਂ ਕੀਤੇ ਜਾਂਦੇ ਲੋਕ ਭਲਾਈ ਤੇ ਹੋਰਨਾਂ ਕਾਰਜਾਂ ਦਾ ਲੇਖਾ ਅਣਗਿਣਤ ਹੈ। ਉਨ੍ਹਾਂ ਨੇ ਸੰਸਥਾਵਾਂ ਖ਼ਾਸ ਕਰਕੇ ਖ਼ਾਲਸਾ ਏਡ, ਯੂਨਾਈਟਿਡ ਸਿੱਖਸ ਅਤੇ ਵੱਖ-ਵੱਖ ਗੁਰਦੁਆਰਾ ਕਮੇਟੀਆਂ ਵੱਲੋਂ ਇਸ ਦੁੱਖ ਦੀ ਘੜੀ ‘ਚ ਲੋਕਾਂ ਨਾਲ ਬਿਨ੍ਹਾਂ ਕਿਸੇ ਭੇਦਭਾਵ ਤੋਂ ਸਹਾਇਤਾ ਕੀਤੀ, ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ।
ਉਨ੍ਹਾਂ ਕਿਹਾ ਕਿ ‘ਹਾਰਵੀ’ ਨਾਮ ਦਾ ਤੂਫ਼ਾਨ ਤਾਂ ਭਾਵੇਂ ਥੰਮ ਗਿਆ ਹੈ ਪਰ ਸ਼ਹਿਰ ‘ਚ ਅਜੇ ਵੀ ਸਥਿਤੀ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ ਅਤੇ ਇਸ ਨਾਲ ਹੋਏ ਜਾਨੀ ਤੇ ਮਾਲੀ ਨੁਕਸਾਨ ਦੀ ਭਰਪਾਈ ਕਰ ਪਾਉਣੀਂ ਤਾਂ ਮੁਸ਼ਕਿਲ ਹੈ ਪਰ ਅਮਰੀਕੀ ਪ੍ਰਸ਼ਾਸ਼ਨ ਅਤੇ ਖ਼ਾਸ ਤੌਰ ‘ਤੇ ਸਮੂਹ ਸਿੱਖ ਜਥੇਬੰਦੀਆਂ ਵਲੋਂ ਰਾਹਤ ਸਮੱਗਰੀ ਪਹੁੰਚਾਉਣ ਲਈ ਕੀਤੀ ਜਾ ਰਹੀ ਕਾਰਵਾਈ ਸਲਾਹੁਣਯੋਗ ਹੈ।

ਏਜੀਪੀਸੀ ਦੇ ਆਗੂਆਂ ਨੇ ਕਿਹਾ ਕਿ ਅਮਰੀਕਾ ‘ਚ ਹੋਰਨਾਂ ਰਾਜਾਂ ਜਿਸ ‘ਚ ਖ਼ਾਸ ਕਰਕੇ ਕੈਲਫ਼ੋਰਨੀਆ ਦੇ ਵੱਡੇ ਗੁਰਦੁਆਰਿਆਂ ਤੋਂ ਸੇਵਾਦਾਰ ਖ਼ੁਦ ਟਰੱਕਾਂ ‘ਚ ਰਾਹਤ ਸਮੱਗਰੀ ਅਤੇ ਖਾਣ-ਪੀਣ ਦੀਆਂ ਵਸਤੂਆਂ ਆਦਿ ਲੈ ਕੇ ਤੂਫ਼ਾਨ ਕਾਰਨ ਬੇਬੱਸ ਇਨਸਾਨਾਂ ਨੂੰ ਬਚਾਉਣ ਲਈ ਪੂਰ੍ਹਾਂ ਉਤਸ਼ਾਹ ਵਿਖਾ ਰਹੇ ਹਨ। ਉਨ੍ਹਾਂ ਇਸ ਦੁੱਖ ਦੀ ਘੜੀ ‘ਚ ਸਮੂਹ ਸਿੱਖ ਸੰਗਤਾਂ ਤੇ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖ ਕੌਮ ਗੁਰੂ ਸਾਹਿਬ ਦੁਆਰਾ ਵਿਖਾਏ ਗਏ ‘ਸਰਬੱਤ ਦਾ ਭਲਾ’ ਮਾਰਗ ‘ਤੇ ਚਲਦਿਆਂ ਹਮੇਸ਼ਾਂ ਹੀ ਦੂਸਰਿਆਂ ਦੇ ਭਲੇ ਦਾ ਕਾਰਜ ਕਰਦੀ ਆ ਰਹੀ ਹੈ ਅਤੇ ਆਪਣੇ ਇਸੇ ਉਤਸ਼ਾਹ ਨੂੰ ਜਿਉਂਦੇ ਰੱਖਦੇ ਹੋਏੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ।

ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਤੂਫ਼ਾਨ ਨਾਲ ਹੋਏ ਨੁਕਸਾਨ ਦਾ ਅਜੇ ਅਨੁਮਾਨ ਤਾਂ ਨਹੀਂਂ ਲਗਾਇਆ ਜਾ ਸਕਦਾ ਹੈ ਪਰ ਰਾਹਤ ਕਾਰਜ ‘ਚ ਅਮਰੀਕਾ ਪ੍ਰਸ਼ਾਸ਼ਨ ਅਤੇ ਯੋਗਦਾਨ ਪਾਉਣ ਵਾਲੀਆਂ ਸਮਾਜ ਸੇਵੀ ਜਥੇਬੰਦੀਆਂ ਦੇ ਨਾਲ ਅਮਰੀਕਨ ਗੁਰਦਆਰਾ ਪ੍ਰਬੰਧਕ ਕਮੇਟੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।