ਕ੍ਰਿਸਟੋਫਰ ਰੇਅ ਹੋਣਗੇ ਐਫ਼ਬੀਆਈ ਦੇ ਨਵੇਂ ਮੁਖੀ

ਕ੍ਰਿਸਟੋਫਰ ਰੇਅ ਹੋਣਗੇ ਐਫ਼ਬੀਆਈ ਦੇ ਨਵੇਂ ਮੁਖੀ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕੀ ਕਾਂਗਰਸ ਦੇ ਉਪਰਲੇ ਸਦਨ ਸੈਨੇਟ ਨੇ ਸਦਰ ਡੋਨਲਡ ਟਰੰਪ ਵੱਲੋਂ ਨਿਯੁਕਤ ਐਫਬੀਆਈ ਦੇ ਨਵੇਂ ਡਾਇਰੈਕਟਰ ਕ੍ਰਿਸਟੋਫਰ ਰੇਅ ਦੀ ਨਿਯੁਕਤੀ ਨੂੰ ਭਾਰੀ ਬਹੁਮਤ ਨਾਲ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੂੰ ਜੇਮਜ਼ ਕੌਮੇ ਦੀ ਥਾਂ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਬੀਤੇ ਸਾਲ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਰੂਸੀ ਦਖ਼ਲ ਸਬੰਧੀ ਜਾਂਚ ਦੇ ਮੱਦੇਨਜ਼ਰ  ਸ੍ਰੀ ਟਰੰਪ ਨੇ ਅਚਾਨਕ ਬਰਤਰਫ਼ ਕਰ ਦਿੱਤਾ ਸੀ।
ਸ੍ਰੀ ਰੇ ਨੂੰ ਸਦਨ ਦੀਆਂ ਦੋਵਾਂ ਹਾਕਮ ਰਿਪਬਲਿਕਨ ਤੇ ਵਿਰੋਧੀ ਡੈਮੋਕਰੈਟਿਕ ਪਾਰਟੀਆਂ ਦੀ ਭਰਵੀਂ ਹਮਾਇਤ ਹਾਸਲ ਹੋਈ ਤੇ 100 ਮੈਂਬਰੀ ਸਦਨ ਵਿੱਚ ਇਸ ਸਬੰਧੀ ਮਤਾ 92-5 ਵੋਟਾਂ ਦੇ ਫ਼ਰਕ ਨਾਲ ਪਾਸ ਹੋ ਗਿਆ। ਸੈਨੇਟ ਦੀ ਜੁਡੀਸ਼ਿਅਰੀ ਸਬੰਧੀ ਕਮੇਟੀ ਦੀ ਮੈਂਬਰ ਡੈਨੀ ਫੀਨਸਟਾਈਨ ਨੇ ਕਿਹਾ, ”ਐਫ਼ਬੀਆਈ ਸਾਡੇ ਮੁਲਕ ਦੀ ਸਿਖਰਲੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਹੈ ਤੇ ਇਸ ਨੂੰ ਇਕ ਯੋਗ ਆਗੂ ਦੀ ਲੋੜ ਹੈ ਜੋ ਕਾਨੂੰਨ ਦੀ ਹਕੂਮਤ ਕਾਇਮ ਰੱਖ ਸਕੇ ਅਤੇ ਇਸ ਦੀ ਆਜ਼ਾਦੀ ਵੀ ਬਣਾਈ ਰੱਖੇ। ਮੈਨੂੰ ਭਰੋਸਾ ਹੈ ਕਿ ਕ੍ਰਿਸਟੋਫਰ ਰੇ ਇਹ ਕੰਮ ਵਧੀਆ ਢੰਗ ਨਾਲ ਪੂਰਾ ਕਰ ਸਕਣਗੇ।”
ਬੀਬੀ ਡੈਨੀ ਨੇ ਕਿਹਾ, ”ਉਨ੍ਹਾਂ (ਸ੍ਰੀ ਰੇਅ) ਨੇ ਕਿਹਾ ਹੈ ਕਿ ਜੇ ਰਾਸ਼ਟਰਪਤੀ ਟਰੰਪ ਉਨ੍ਹਾਂ ਨੂੰ ਕੁਝ ਗ਼ਲਤ ਕਰਨ ਲਈ ਕਹਿਣਗੇ ਜਾਂ ਜੇ ਵਿਸ਼ੇਸ਼ ਵਕੀਲ ਰੌਬਰਟ ਮੂਲਰ ਦੀ (ਰੂਸੀ ਦਖ਼ਲ ਸਬੰਧੀ) ਜਾਂਚ ਵਿੱਚ ਕੋਈ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਉਹ ਅਸਤੀਫ਼ਾ ਦੇ ਦੇਣਗੇ।”