ਸਿਆਟਲ ਮੇਲੇ ਦੀ ਟਾਰਚ ਲਾਈਟ ਪਰੇਡ ‘ਚ ਸਿੱਖਾਂ ਦੀ ਫਲੋਟ ਨੇ ਖਿੱਚਿਆ ਧਿਆਨ

ਸਿਆਟਲ ਮੇਲੇ ਦੀ ਟਾਰਚ ਲਾਈਟ ਪਰੇਡ ‘ਚ ਸਿੱਖਾਂ ਦੀ ਫਲੋਟ ਨੇ ਖਿੱਚਿਆ ਧਿਆਨ

ਸਿਆਟਲ/ਬਿਊਰੋ ਨਿਊਜ਼ :
ਵਾਸ਼ਿੰਗਟਨ ਤੇ ਔਰਗਨ ਸਟੇਟ ਦੇ ਸਿੱਖਾਂ ਨੇ ਮਿਲ ਕੇ ਸਿਆਟਲ ਮੇਲੇ ਦੀ ਟਾਰਚ ਲਾਈਟ ਪਰੇਡ ਵਿਚ ਸਿੱਖਾਂ ਦੇ ਫਲੋਟ ਦੀ ਵਿਲੱਖਣ ਪੇਸ਼ਕਾਰੀ ਦਿੱਤੀ, ਜਿਥੇ ਵੱਖ-ਵੱਖ ਧਰਮਾਂ, ਜਾਤਾਂ ਤੇ ਨਸਲਾਂ ਵੱਲੋਂ ਵੱਖਰੇ-ਵੱਖਰੇ ਫਲੋਟ ਤਿਆਰ ਕਰਕੇ ਪਰੇਡ ਵਿਚ ਸ਼ਾਮਲ ਕੀਤੇ ਗਏ, ਜਿਸ ਦਾ ਲੱਖਾਂ ਲੋਕਾਂ ਨੇ ਅਨੰਦ ਮਾਣਿਆ। ਇਸ ਮੌਕੇ ਕਲਗੀਧਰ ਅਕੈਡਮੀ ਦੀ ਗਤਕਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਲਈ ਪਹਿਲੇ ਦਰਜੇ ਦਾ ਖਿਤਾਬ ਜਿੱਤਿਆ। ਮੇਲੇ ਵਿਚ ਟਾਰਚ ਲਾਈਟ ਪਰੇਡ ਦਾ ਪ੍ਰਦਰਸ਼ਨ ਲਗਾਤਾਰ ਤਿੰਨ ਘੰਟੇ ਚੱਲਿਆ, ਜਿਸ ਵਿਚ ਵੱਖ-ਵੱਖ ਰੰਗਾਂ, ਧਰਮਾਂ, ਜਾਤਾਂ ਤੇ ਨਸਲਾਂ ਦੇ ਲੋਕ ਬੜੇ ਜੋਸ਼ ਤੇ ਉਤਸ਼ਾਹ ਨਾਲ ਸ਼ਾਮਲ ਹੋਏ। ਟਾਰਚ ਲਾਈਟ ਪਰੇਡ ਵਿਚ ਸਿੱਖਾਂ ਦੇ ਫਲੋਟ ਨਾਲ ਸਿੱਖ ਪੈਕ ਦੇ ਚੇਅਰਮੈਨ ਗੁਰਿੰਦਰ ਸਿੰਘ ਖ਼ਾਲਸਾ (ਇੰਡਿਆਨਾ), ਵਾਸ਼ਿੰਗਟਨ ਡੀ.ਸੀ. ਤੋਂ ਸੁਖਪਾਲ ਸਿੰਘ ਧਨੋਆ, ਸਿੱਖ ਪੈਕ ਦੇ ਉਪ ਚੇਅਰਮੈਨ ਸੇਲਮ ਤੋਂ ਬਹਾਦਰ ਸਿੰਘ, ਜਗਮੋਹਣ ਸਿੰਘ, ਅੰਮ੍ਰਿਤ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਕਿੰਦੀ ਤੇ ਗੁਰਦੁਆਰਾ ਸਿੰਘ ਸਭਾ ਰੈਨਟਨ ਤੋਂ ਸ਼ਰਨਜੀਤ ਸਿੰਘ ਤੇ ਸਤਨਾਮ ਸਿੰਘ ਸਮੇਤ ਸੰਗਤ ਨੇ ਸਮਾਰੋਹ ਵਿਚ ਪਹੁੰਚ ਕੇ ਸਿੱਖਾਂ ਦੀ ਪਹਿਚਾਣ ਕਰਵਾਈ।