ਅਮਰੀਕੀ ਮੁਸਲਮਾਨਾਂ ਨੂੰ ਟਰੰਪ ਦੀ ਬੇਰੁਖੀ ਦੇ ਬਾਵਜੂਦ ਸਮਾਜ ਵਿਚ ਸਵੀਕਾਰੇ ਜਾਣ ਦਾ ਪੂਰਾ ਭਰੋਸਾ

ਅਮਰੀਕੀ ਮੁਸਲਮਾਨਾਂ ਨੂੰ ਟਰੰਪ ਦੀ ਬੇਰੁਖੀ ਦੇ ਬਾਵਜੂਦ ਸਮਾਜ ਵਿਚ ਸਵੀਕਾਰੇ ਜਾਣ ਦਾ ਪੂਰਾ ਭਰੋਸਾ

ਨਿਊ ਯਾਰਕ/ਬਿਊਰੋ ਨਿਊਜ਼ :
ਅਮਰੀਕੀ ਮੁਸਲਮਾਨਾਂ ਦਾ ਕਹਿਣਾ ਹੈ ਕਿ ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਉਨ੍ਹਾਂ ਨੂੰ ਆਪਣੇ ਅਕੀਦੇ ਬਾਰੇ ਵੱਡੇ ਪੱਧਰ ‘ਤੇ ਸ਼ੱਕ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੂੰ ਅਮਰੀਕੀਆਂ ਤੋਂ ਵਿਅਕਤੀਗਤ ਤੌਰ ‘ਤੇ ਹੋਰ ਸਮਰਥਨ ਮਿਲਿਆ ਅਤੇ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਨੂੰ ਹੌਲੀ ਹੌਲੀ ਅਮਰੀਕੀ ਸਮਾਜ ਵਿੱਚ ਸਵੀਕਾਰ ਕਰ ਲਿਆ ਜਾਵੇਗਾ। ਇਹ ਖ਼ੁਲਾਸਾ ਇਕ ਨਵੇਂ ਸਰਵੇਖਣ ਵਿੱਚ ਹੋਇਆ ਹੈ।
ਪੀਉ ਰੀਸਰਚ ਸੈਂਟਰ ਦੀ ਜਾਰੀ ਹੋਈ ਰਿਪੋਰਟ ਮੁਤਾਬਕ ਤਕਰੀਬਨ 75 ਫ਼ੀਸਦ ਅਮਰੀਕੀ ਮੁਸਲਮਾਨਾਂ ਦਾ ਮੰਨਣਾ ਹੈ ਕਿ ਟਰੰਪ ਦਾ ਉਨ੍ਹਾਂ ਪ੍ਰਤੀ ਵਿਹਾਰ ਗ਼ੈਰਦੋਸਤਾਨਾ ਹੈ। 62 ਫ਼ੀਸਦ ਨੇ ਕਿਹਾ ਕਿ ਰਾਸ਼ਟਰਪਤੀ ਦੀ ਚੋਣ ਬਾਅਦ ਅਮੈਰਿਕਨਾਂ ਵੱਲੋਂ ਇਸਲਾਮ ਨੂੰ ਮੁੱਖ ਧਾਰਾ ਦਾ ਹਿੱਸਾ ਨਹੀਂ ਮੰਨਿਆ ਜਾਂਦਾ। ਤਕਰੀਬਨ ਅੱਧੇ ਮੁਸਲਮਾਨਾਂ ਨੇ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਨੂੰ ਗ਼ੈਰ-ਮੁਸਲਿਮ ਤੋਂ ਉਤਸ਼ਾਹੀ ਵਾਲਾ ਹੁੰਗਾਰਾ ਮਿਲਿਆ ਅਤੇ ਪਿਛਲੀਆਂ ਚੋਣਾਂ ਬਾਅਦ ਇਸ ਵਿੱਚ ਵਾਧਾ ਹੋਇਆ ਹੈ। ਇਸ ਕਾਰਨ ਮੁਸਲਿਮ ਆਪਣੇ ਭਵਿੱਖ ਬਾਰੇ ਆਸਵੰਦ ਹਨ। 72 ਫ਼ੀਸਦ ਦਾ ਮੰਨਣਾ ਹੈ ਕਿ ਅਮਰੀਕਾ ਵਿੱਚ ਸਖ਼ਤ ਮਿਹਨਤ ਨਾਲ ਸਫ਼ਲਤਾ ਮਿਲ ਸਕਦੀ ਹੈ।
ਪ੍ਰਿੰਸਟਨ ਯੂਨੀਵਰਸਿਟੀ ਵਿੱਚ ਪੋਲਿਟੀਕਲ ਵਿਸ਼ੇ ਦੇ ਮਾਹਿਰ ਤੇ ਪੀਉ ਰੀਸਰਚਰਜ਼ ਦੇ ਸਲਾਹਕਾਰ ਅਮਾਨੇ ਜਮਾਲ ਨੇ ਕਿਹਾ, ‘ਅਮਰੀਕਾ ਦੀ ਮੁਸਲਿਮ ਵਸੋਂ ਵਿਚ ਇਹ ਅਹਿਸਾਸ ਆਇਆ ਹੈ ਕਿ ਹੋਰ ਲੋਕ ਉਨ੍ਹਾਂ ਨੂੰ ਸਮਝਣ ਲੱਗੇ ਹਨ ਅਤੇ ਉਨ੍ਹਾਂ ਨਾਲ ਹਮਦਰਦੀ ਕਰਨ ਲੱਗੇ ਹਨ।’ ਪੀਉ ਸੈਂਟਰ ਵੱਲੋਂ ਇਸ ਸਰਵੇਖਣ ਤਹਿਤ 23 ਜਨਵਰੀ ਤੋਂ 2 ਮਈ ਦਰਮਿਆਨ 1001 ਬਾਲਗਾਂ ਤੋਂ ਫੋਨ (ਲੈਂਡਲਾਈਨ ਤੇ ਮੋਬਾਈਲ) ਰਾਹੀਂ ਅੰਗਰੇਜ਼ੀ, ਅਰਬੀ, ਫਾਰਸੀ ਤੇ ਉਰਦੂ ਵਿੱਚ ਵਿਚਾਰ ਲਏ ਹਨ। ਇਸ ਸਰਵੇਖਣ ਮੁਤਾਬਕ ਤਕਰੀਬਨ ਅੱਧੇ ਅਮਰੀਕੀ ਮੁਸਲਮਾਨਾਂ ਨੇ ਕਿਹਾ ਕਿ ਪਿਛਲੇ ਸਾਲ ਵਿੱਚ ਉਨ੍ਹਾਂ ਨੂੰ ਪੱਖਪਾਤ ਦਾ ਸਾਹਮਣਾ ਕਰਨਾ ਪਿਆ, ਜਿਵੇਂ ਉਨ੍ਹਾਂ ਨੂੰ ਬੇਵਿਸਾਹੀ ਤੇ ਡਰ ਵਾਲਾ ਵਿਹਾਰ ਦੇ ਸਾਹਮਣੇ ਤੋਂ ਇਲਾਵਾ ਭੱਦੇ ਨਾਵਾਂ ਨਾਲ ਬੁਲਾਇਆ ਗਿਆ। ਇਸ ਸਰਵੇਖਣ ਵਿੱਚ ਕੁਝ ਸਬੂਤ ਮਿਲੇ ਹਨ ਕਿ ਮੁਸਲਿਮ ਵਿੱਚ ਅਮਰੀਕਾ ਨਾਲ ਸਬੰਧਤ ਹੋਣ ਦਾ ਅਹਿਸਾਸ ਵਧ ਰਹਿ ਹੈ। 89 ਫ਼ੀਸਦ ਨੇ ਕਿਹਾ ਕਿ ਉਨ੍ਹਾਂ ਨੂੰ ਮੁਸਲਿਮ ਤੇ ਅਮੈਰਿਕਨ ਹੋਣ ‘ਤੇ ਮਾਣ ਹੈ। ਤਕਰੀਬਨ ਦੋ ਤਿਹਾਈ ਨੇ ਕਿਹਾ ਕਿ ਇਸਲਾਮ ਤੇ ਜਮਹੂਰੀਅਤ ਵਿਚਕਾਰ ਕੋਈ ਟਕਰਾਅ ਨਹੀਂ ਹੈ।