ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੇ ਦੋ ਰੋਜ਼ਾ ਪੁਸਤਕ ਮੇਲੇ ਨੂੰ ਭਰਵਾਂ ਹੁੰਗਾਰਾ

ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੇ ਦੋ ਰੋਜ਼ਾ ਪੁਸਤਕ ਮੇਲੇ ਨੂੰ ਭਰਵਾਂ ਹੁੰਗਾਰਾ

ਕੈਲਗਰੀ/ਹਰਬੰਸ ਬੁੱਟਰ:
ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ,ਕੈਲਗਰੀ ਦੀ ਕਮਾਨ ਹੇਠ ਦੋ ਰੋਜ਼ਾ ਪੰਜਾਬੀ ਪੁਸਤਕ ਮੇਲਾ ਕੈਲਗਰੀ ਦੇ ਗਰੀਨ ਪਲਾਜ਼ਾ ਵਿੱਚ ਲਗਾਇਆ ਗਿਆ। 24 ਅਤੇ 25 ਸਤੰਬਰ ਨੂੰ ਲਗਾਏ ਇਸ ਮੇਲੇ ਦੇ ਦੋਵੇਂ ਦਿਨ ਸਾਹਿੱਤ ਦਾ ਲੰਗਰ ਖੁੱਲ੍ਹ ਕੇ ਵਰਤਿਆ। ਕਾਮਗਾਟਾਮਾਰੂ ਜਹਾਜ਼ ਦੀ ਘਟਨਾ ਬਾਰੇ ਅੰਗਰੇਜ਼ੀ ਵਿੱਚ ਨਾਟਕ ਲਿਖਣ ਵਾਲ਼ੀ ਸ਼ੌਰਨ ਪਲਕ ਨੇ ਇਸ ਮੇਲੇ ਦਾ ਉਦਘਾਟਨ ਕਰਦਿਆਂ ਕਿਹਾ ਕਿ ਕਿਤਾਬਾਂ ਦੇ ਜ਼ਰੀਏ ਚੰਗੀ ਸੋਚ ਪੈਦਾ ਕਰਨਾ ਬਹੁਤ ਵੱਡਾ ਉਦਮ ਹੈ। ਆਪਣੇ ਨਾਟਕ ਬਾਰੇ ਉਹਨਾਂ ਕਿਹਾ ਕਿ ਕੈਨੇਡੀਅਨ ਸਾਹਿੱਤ ਵਿੱਚ ਇਸ ਘਟਨਾ ਨੂੰ ਬਹੁਤਾ ਵੱਡਾ ਕਰਕੇ ਨਹੀਂ ਦੇਖਿਆ ਜਾਂਦਾ ਸਗੋਂ ਇਸ ਘਟਨਾ ਨੂੰ ਇੱਕ ਹਾਸੋਹੀਣੀ ਜਿਹੀ ਕਿਹਾ ਗਿਆ ਹੈ। ਇਸ ਘਟਨਾ ਬਾਰੇ ਕੈਨੇਡਾ ਦੀ ਸਰਕਾਰ ਵਲੋਂ ਮੰਗੀ ਮਾਫੀ ਨੂੰ ਨਾਕਾਫੀ ਦੱਸਦਿਆਂ ਉਹਨਾਂ ਕਾਮਗਾਟਾਮਾਰੂ ਦੀ ਘਟਨਾ ਨੂੰ ਆਉਣ ਵਾਲ਼ੀਆਂ ਪੀੜ੍ਹੀਆਂ ਲਈ ਯਾਦ ਰੱਖਣ ਲਈ ਵਿਦਿਆਰਥੀਆਂ ਲਈ ਵਜ਼ੀਫਾ ਸ਼ੁਰੂ ਕਰਨ ਦੀ ਮੰਗ ਕੀਤੀ। ਉਹਨਾਂ ਦੇ ਭਾਸ਼ਣ ਨੂੰ ਕਮਲਪ੍ਰੀਤ ਪੰਧੇਰ ਨੇ ਪੰਜਾਬੀ ਵਿੱਚ ਅਨੁਵਾਦ ਕੀਤਾ।
ਇਸ ਮੇਲੇ ਦੇ ਸੰਚਾਲਕ ਮਾਸਟਰ ਭਜਨ ਨੇ ਕਿਹਾ ਕਿ ਕੈਨੇਡਾ ਵਰਗੇ ਅਗਾਂਹਵਧੂ ਮੁਲਕ ਵਿੱਚ ਵੀ ਲੋਕਾਂ ਨੂੰ ਚੇਤਨਤਾ ਦੀ ਲੋੜ ਹੈ ਤੇ ਕਿਤਾਬਾਂ ਤੋਂ ਵਧੀਆ ਇਹ ਕੋਈ ਹੋਰ ਨਹੀਂ ਕਰ ਸਕਦਾ। ਉਹਨਾਂ ਕੈਲਗਰੀ ਵਾਸੀਆਂ ਦਾ ਵੱਡੇ ਹੁੰਗਾਰੇ ਲਈ ਧੰਨਵਾਦ ਕੀਤਾ।
ਪੁਸਤਕ ਮੇਲੇ ਵਿੱਚ ਜ਼ਿਆਦਾਤਰ ਕਿਤਾਬਾਂ ਤਰਕਸ਼ੀਲ ਸਨ ਪਰ ਹਰ ਵਰਗ ਦੀਆਂ ਕਿਤਾਬਾਂ ਨੂੰ ਜਗ੍ਹਾ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਮਾਸਟਰ ਭਜਨ ਪਿਛਲੇ ਕਈ ਸਾਲਾਂ ਤੋਂ ਅਜਿਹੇ ਪੁਸਤਕ ਮੇਲੇ ਕੈਲਗਰੀ ਵਿੱਚ ਲਗਾ ਰਹੇ ਹਨ। ਉਹ ਪੱਲਿਓਂ ਖਰਚਾ ਕਰਕੇ ਪੰਜਾਬ ਤੋਂ ਕਿਤਾਬਾਂ ਮੰਗਾਉਂਦੇ ਹਨ ਤੇ ਫਿਰ ਬਿਨਾਂ ਕਿਸੇ ਮੁਨਾਫੇ ਦੇ ਕਿਤਾਬਾਂ ਪਾਠਕਾਂ ਪੁੱਜਦੀਆਂ ਕਰਦੇ ਹਨ।