ਬਰਤਾਨਵੀ ਚੋਣਾਂ : ਥੇਰੇਸਾ ਮੇਅ ਦਾ ਦਾਅ ਪਿਆ ਪੁੱਠਾ, ਕਿਸੇ ਨੂੰ ਨਾ ਮਿਲਿਆ ਬਹੁਮਤ

ਬਰਤਾਨਵੀ ਚੋਣਾਂ : ਥੇਰੇਸਾ ਮੇਅ ਦਾ ਦਾਅ ਪਿਆ ਪੁੱਠਾ, ਕਿਸੇ ਨੂੰ ਨਾ ਮਿਲਿਆ ਬਹੁਮਤ

ਸਭ ਤੋਂ ਵੱਡੀ ਕੰਜਰਵੇਟਿਵ ਪਾਰਟੀ ਬਣਾ ਸਕਦੀ ਹੈ ਸਰਕਾਰ 
ਪਹਿਲੀ ਵਾਰ ਸਿੱਖ ਮਹਿਲਾ ਬਣੀ ਸੰਸਦ ਮੈਂਬਰ, ਪੱਗੜੀਧਾਰੀ ਤਨਮਨਜੀਤ ਸਿੰਘ ਨੇ ਵੀ ਜਿੱਤੀ ਚੋਣ
ਪੰਜਾਬੀ ਮੂਲ ਦੇ ਵਰਿੰਦਰ ਸ਼ਰਮਾ ਅਤੇ ਸੀਮਾ ਮਲਹੋਤਰਾ ਵਲੋਂ ਮੁੜ ਜਿੱਤਾਂ ਦਰਜ
ਲੰਡਨ/ਬਿਊਰੋ ਨਿਊਜ਼ :
ਬਰਤਾਨੀਆ ਦੀਆਂ ਸੰਸਦੀ ਚੋਣਾਂ ਦੇ ਨਤੀਜਿਆਂ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। 650 ਸੰਸਦੀ ਸੀਟਾਂ ਵਿਚੋਂ ਹੁਣ ਤੱਕ 649 ਦੇ ਨਤੀਜੇ ਆ ਚੁੱਕੇ ਹਨ, ਜਿਨ੍ਹਾਂ ‘ਚੋਂ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ 318, ਲੇਬਰ ਪਾਰਟੀ ਨੂੰ 261, ਸਕਾਟਲੈਂਡ ਨੈਸ਼ਨਲ ਪਾਰਟੀ ਨੂੰ 35, ਡੀ ਯੂ ਪੀ ਕੋਲ 10 ਸੀਟਾਂ ਹਨ, ਡੀ.ਯੂ.ਪੀ. ਨੂੰ 10 ਅਤੇ ਹੋਰਾਂ ਨੂੰ 13 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਹੈ।
ਕਿਸੇ ਨੂੰ ਬਹੁਮਤ ਨਹੀਂ
ਇਨ੍ਹਾਂ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਬਹੁਮਤ ਸਾਬਤ ਕਰਨ ਲਈ ਘੱਟੋ-ਘੱਟ 326 ਸੀਟਾਂ ਦੀ ਲੋੜ ਹੈ, ਜੋ ਕਿਸੇ ਵੀ ਪਾਰਟੀ ਨੂੰ ਨਹੀਂ ਮਿਲੀਆਂ। ਕੰਜ਼ਰਵੇਟਿਵ ਪਾਰਟੀ ਵਲੋਂ ਮੁੜ ਸਰਕਾਰ ਬਣਾਏ ਜਾਣ ਦੀਆਂ ਕਿਆਸ ਅਰਾਈਆਂ
ਲਾਈਆਂ ਜਾ ਰਹੀਆਂ ਹਨ। ਮੁੱਢਲੀਆਂ ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ ਥਰੀਸਾ ਮੇਅ ਨੇ ਅਸਿੱਧੇ ਤੌਰ ‘ਤੇ ਸੰਕੇਤ ਦਿੱਤਾ ਹੈ ਕਿ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਵੇਗੀ। ਅਜਿਹੇ ਵਿਚ ਇਕ ਵਾਰ ਫਿਰ ਸਾਲ 2010 ਵਾਲਾ ਇਤਿਹਾਸ ਦੁਹਰਾਇਆ ਜਾ ਰਿਹਾ ਹੈ ਅਤੇ ਡੀ ਯੂ ਪੀ ਨਾਲ ਮਿਲ ਕੇ ਸਰਕਾਰ ਬਣਾਉਣ ਲਈ ਥੇਰੇਸਾ ਮੇਅ ਵਲੋਂ ਦਾਅਵਾ ਪੇਸ਼ ਕੀਤਾ ਜਾ ਰਿਹਾ ਹੈ। ਸੱਤਾਧਾਰੀ ਪਾਰਟੀ ਨੂੰ 8 ਸੀਟਾਂ ਦੀ ਲੋੜ ਹੈ ਅਤੇ ਲਿਬਰਲ ਪਾਰਟੀ ਕੋਲ 12 ਸੀਟਾਂ ਹਨ। ਯੂਰਪੀਅਨ ਯੂਨੀਅਨ ਦੀ ਰਾਏਸ਼ੁਮਾਰੀ ਤੋਂ ਬਾਅਦ ਕਈ ਚੁਣੌਤੀਆਂ ਦਾ ਸਾਹਮਣਾ ਕਰਦੇ ਆ ਰਹੇ ਲੇਬਰ ਪਾਰਟੀ ਦੇ ਨੇਤਾ ਜੈਰਮੀ ਕੌਰਬਿਨ ਦੀ ਇਨ੍ਹਾਂ ਚੋਣਾਂ ‘ਚ ਖੂਬ ਬੱਲੇ-ਬੱਲੇ ਹੋ ਰਹੀ, ਕਿਉਂਕਿ ਲੇਬਰ ਪਾਰਟੀ ਨੂੰ ਇਨ੍ਹਾਂ ਚੋਣਾਂ ਵਿਚ 29 ਸੀਟਾਂ ਦੀ ਬੜ੍ਹਤ ਮਿਲੀ ਹੈ ਤੇ ਪਾਰਟੀ ਨੇ ਕੁੱਲ 261 ਸੀਟਾਂ ਹਾਸਲ ਕੀਤੀਆਂ ਹਨ। ਇਨ੍ਹਾਂ ਚੋਣਾਂ ਵਿਚ 46843896 ਵੋਟਰ ਸਨ, ਜਿਨ੍ਹਾਂ ਵਿਚੋਂ 68.7 ਫ਼ੀਸਦੀ ਨੇ ਵੋਟਾਂ ‘ਚ ਹਿੱਸਾ ਲਿਆ। ਕੰਜ਼ਰਵੇਟਿਵ ਪਾਰਟੀ ਨੂੰ 42.4 ਫ਼ੀਸਦੀ ਦੇ ਹਿਸਾਬ ਨਾਲ 13650900, ਲੇਬਰ ਪਾਰਟੀ ਨੂੰ 40.1 ਫ਼ੀਸਦੀ ਦੇ ਹਿਸਾਬ ਨਾਲ 12858652, ਸਕਾਟਿਸ਼ ਨੈਸ਼ਨਲ ਪਾਰਟੀ ਨੂੰ 3.1 ਫ਼ੀਸਦੀ ਦੇ ਹਿਸਾਬ ਨਾਲ 977569, ਲਿਬਰਲ ਡੈਮੋਕ੍ਰੇਟਿਕ ਪਾਰਟੀ ਨੂੰ 7.3 ਫ਼ੀਸਦੀ ਦੇ ਹਿਸਾਬ ਨਾਲ 2368048 ਅਤੇ ਡੈਮੋਕ੍ਰੇਟਿਕ ਯੂਨੀਅਨਿਸਟ ਪਾਰਟੀ ਨੂੰ 0.9 ਫ਼ੀਸਦੀ ਦੇ ਹਿਸਾਬ ਨਾਲ 292316 ਵੋਟਾਂ ਪ੍ਰਾਪਤ ਹੋਈਆਂ ਹਨ। ਇਸ ਤੋਂ ਇਲਾਵਾ ਸਿਨ ਫਿਨ ਪਾਰਟੀ ਨੂੰ 7, ਪਲੇਡ ਕੇਮਰੂ ਨੂੰ 4, ਗਰੀਨ ਪਾਰਟੀ ਨੂੰ 1 ਸੀਟ ‘ਤੇ ਜਿੱਤ ਪ੍ਰਾਪਤ ਹੋਈ ਹੈ। ਯੂਰਪੀਅਨ ਯੂਨੀਅਨ ‘ਚੋਂ ਬਾਹਰ ਹੋਣ ਲਈ ਸਭ ਤੋਂ ਵੱਧ ਰੌਲਾ ਪਾਉਣ ਵਾਲੀ ਯੂ.ਕੇ.ਆਈ.ਪੀ. ਪਾਰਟੀ ਨੂੰ ਇਕ ਵੀ ਸੀਟ ਨਹੀਂ ਮਿਲੀ।
ਸਿੱਖ ਅਤੇ ਪੰਜਾਬੀ ਭਾਈਚਾਰੇ ਲਈ ਸ਼ਾਨਦਾਰ ਰਹੀਆਂ ਚੋਣਾਂ :
ਬਰਤਾਨੀਆ ਦੇ ਇਤਿਹਾਸ ਵਿਚ ਇਹ ਚੋਣਾਂ ਪੰਜਾਬੀਆਂ ਤੇ ਖਾਸ ਤੌਰ ‘ਤੇ ਸਿੱਖ ਭਾਈਚਾਰੇ ਲਈ ਸ਼ਾਨਦਾਰ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਪੰਜਾਬੀ ਮੂਲ ਦੇ ਈਲਿੰਗ ਸਾਊਥਾਲ ਤੋਂ ਲੇਬਰ ਉਮੀਦਵਾਰ ਵਰਿੰਦਰ ਸ਼ਰਮਾ ਚੌਥੀ ਵਾਰ ਚੋਣ ਜਿੱਤੇ ਹਨ। ਉਨ੍ਹਾਂ ਨੇ ਇਸ ਵਾਰ ਪਹਿਲਾਂ ਨਾਲੋਂ ਵੀ ਜ਼ਿਆਦਾ ਵੋਟਾਂ ਹਾਸਲ ਕੀਤੀਆਂ। ਉਨ੍ਹਾਂ 31720 ਵੋਟਾਂ ਹਾਸਲ ਕੀਤੀਆਂ ਅਤੇ ਆਪਣੇ ਨਿਕਟ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਫੈਬੀਓ ਕਾਟੀ ਨੂੰ 22090 ਵੋਟਾਂ ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਫੈਲਥਮ ਹੈਸਟਨ ਤੋਂ ਲੇਬਰ ਉਮੀਦਵਾਰ ਸੀਮਾ ਮਲਹੋਤਰਾ 15603 ਵੋਟਾਂ ਦੇ ਫਰਕ ਨਾਲ ਜਿੱਤ ਕੇ ਤੀਜੀ ਵਾਰ ਸੰਸਦ ਮੈਂਬਰ ਬਣੀ ਹੈ। ਉਸ ਨੂੰ 32462 ਵੋਟਾਂ ਪ੍ਰਾਪਤ ਹੋਈਆਂ ਜਦ ਕਿ ਉਸ ਦੇ ਨਿਕਟ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਸਮੀਰ ਜੱਸਲ ਨੂੰ 16859 ਵੋਟਾਂ ਮਿਲੀਆਂ।
ਪੋਲ ਉਪਲ ਦੇ ਹੱਥ ਨਿਰਾਸ਼ਾ ਪੱਲੇ ਪਈ :
ਕੰਜ਼ਰਵੇਟਿਵ ਪਾਰਟੀ ਦੇ ਸਿੱਖ ਪਿਛੋਕੜ ਵਾਲੇ ਉਮੀਦਵਾਰ ਪੋਲ ਉਪਲ ਇਕ ਵਾਰ ਫਿਰ 2185 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ ਹਨ। ਇਥੋਂ ਲੇਬਰ ਉਮੀਦਵਾਰ ਇਲੀਅਨਰ ਸਮਿੱਥ 20899 ਵੋਟਾਂ ਪ੍ਰਾਪਤ ਕਰਕੇ ਜਿੱਤੀ ਹੈ।
ਕੁਲਦੀਪ ਸਿੰਘ ਸਹੋਤਾ 720 ਵੋਟਾਂ ਨਾਲ ਹਾਰੇ
ਟੈਲਫੋਰਡ ਪਾਰਲੀਮੈਂਟਰੀ ਹਲਕੇ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਸਹੋਤਾ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਲੂਸੀ ਐਲਨ ਤੋਂ 720 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ ਹਨ। ਉਨ੍ਹਾਂ ਨੂੰ 21057 ਵੋਟਾਂ ਮਿਲੀਆਂ ਜਦ ਕਿ ਜੇਤੂ ਉਮੀਦਵਾਰ ਨੂੰ 21777 ਵੋਟਾਂ ਪ੍ਰਾਪਤ ਹੋਈਆਂ।
ਭਾਰਤੀ ਮੂਲ ਦੇ ਹੋਰ ਜੇਤੂ ਉਮੀਦਵਾਰ:
ਬਰਤਨਾਵੀ ਸੰਸਦ ਦੇ ਸਭ ਤੋਂ ਪੁਰਾਣੇ ਸੰਸਦ ਮੈਂਬਰ ਲੇਬਰ ਉਮੀਦਵਾਰ ਕੀਥ ਵਾਜ਼ ਇਕ ਵਾਰ ਫਿਰ ਲੈਸਟਰ ਈਸਟ ਤੋਂ ਚੋਣ ਜਿੱਤ ਗਏ ਹਨ। ਉਨ੍ਹਾਂ ਨੂੰ 35116 ਵੋਟਾਂ ਮਿਲੀਆਂ ਅਤੇ ਉਨ੍ਹਾਂ 22428 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਵਾਲਸਾਲ ਦੱਖਣੀ ਤੋਂ ਲੇਬਰ ਉਮੀਦਵਾਰ ਵਲੇਰੀ ਵਾਜ਼ ਨੂੰ 25286 ਪ੍ਰਾਪਤ ਹੋਈਆਂ ਤੇ ਉਨ੍ਹਾਂ ਆਪਣੇ ਨਿਕਟ ਵਿਰੋਧੀ ਨੂੰ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਜੇਮਜ਼ ਬ੍ਰਿਡ ਨੂੰ 8892 ਵੋਟਾਂ ਦੇ ਫਰਕ ਨਾਲ ਹਰਾਇਆ। ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਤੇ ਸਾਬਕਾ ਰੁਜ਼ਗਾਰ ਮੰਤਰੀ ਪ੍ਰੀਤੀ ਪਟੇਲ ਨੇ ਵੈਟਹੇਮ ਹਲਕੇ ਤੋਂ 31670 ਵੋਟਾਂ ਪ੍ਰਾਪਤ ਕਰਕੇ 18646 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ। ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਅਲੋਕ ਸ਼ਰਮਾ ਨੂੰ 2876 ਵੋਟਾਂ ਨਾਲ ਜਿੱਤ ਪ੍ਰਾਪਤ ਹੋਈ ਹੈ। ਉਨ੍ਹਾਂ ਨੂੰ ਕੁੱਲ 25311 ਵੋਟਾਂ ਮਿਲੀਆਂ। ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਰਿਸ਼ੀ ਸੁਨਕ ਨੂੰ ਰਿਚਮੰਡ (ਯੌਰਕਸ) ਹਲਕੇ ਤੋਂ ਮੁੜ ਜਿੱਤ ਪ੍ਰਾਪਤ ਹੋਈ ਹੈ। ਉਨ੍ਹਾਂ ਨੂੰ 36458 ਵੋਟਾਂ ਪ੍ਰਾਪਤ ਹੋਈਆਂ। ਉਨ੍ਹਾਂ ਆਪਣੇ ਨਿਕਟ ਵਿਰੋਧੀ ਲੇਬਰ ਉਮੀਦਵਾਰ ਡੇਨ ਪੈਰੀ ਨੂੰ 23108 ਵੋਟਾਂ ਦੇ ਫਰਕ ਨਾਲ ਹਰਾਇਆ। ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਸੁਈਲਾ ਫਰਨਾਡਿਸ ਨੂੰ ਫਰਹੈਮ ਹਲਕੇ ਤੋਂ 21555 ਵੋਟਾਂ ਦੇ ਫਰਕ ਨਾਲ ਜਿੱਤ ਮਿਲੀ ਹੈ। ਉਸ ਨੂੰ ਕੁੱਲ 35915 ਵੋਟਾਂ ਪ੍ਰਾਪਤ ਹੋਈਆਂ। ਭਾਰਤੀ ਮੂਲ ਦੇ ਸੁਲੇਸ਼ ਵਾਹਰਾ ਤੇ ਲੀਸਾ ਨੰਦੇ ਨੇ ਵੀ ਜਿੱਤ ਪ੍ਰਾਪਤ ਕੀਤੀ। ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਭਾਰਤੀ ਮੂਲ ਦੇ ਅਮਿਤ ਜੋਗੀਆ ਬ੍ਰਿੰਟ ਨੌਰਥ ਤੋਂ ਹਾਰ ਗਏ ਹਨ। ਲੇਬਰ ਉਮੀਦਵਾਰ ਰੋਹਿਤ ਦੇਸਗੁਪਤਾ ਹੈਂਮਪਸ਼ਾਇਰ ਤੋਂ ਹਾਰ ਗਏ ਹਨ ਜਦੋਂ ਕਿ ਲੇਬਰ ਉਮੀਦਵਾਰ ਨਵੀਨ ਸ਼ਾਹ ਹੈਰੋ ਈਸਟ ਤੋਂ ਹਾਰ ਗਏ ਹਨ।
ਫੈੱਡਰੇਸ਼ਨ ਯੂ.ਕੇ. ਵਲੋਂ ਖੁਸ਼ੀ ਦਾ ਪ੍ਰਗਟਾਵਾ :
ਤਨਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੌਰ ਗਿੱਲ ਦੀ ਸ਼ਾਨਦਾਰ ਜਿੱਤ ‘ਤੇ ਸਿੱਖ ਫੈੱਡਰੇਸ਼ਨ ਯੂ.ਕੇ. ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਇਹ ਦਿਨ ਵੇਖਣ ਲਈ ਸਿੱਖ ਭਾਈਚਾਰਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਇਹ ਦੋਵੇਂ ਬੱਚੇ ਅਤੇ ਇਨ੍ਹਾਂ ਦੇ ਪਰਿਵਾਰ ਸਿੱਖੀ ਨਾਲ ਜੁੜੇ ਹੋਏ ਹਨ ਅਤੇ ਸਿੱਖਾਂ ਦੀਆਂ ਮੁਸ਼ਕਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਕਿਹਾ ਕਿ ਹੁਣ ਸਿੱਖਾਂ ਦੀ ਆਵਾਜ਼ ਹੋਰ ਵੀ ਚੰਗੇ ਤਰੀਕੇ ਨਾਲ ਸੰਸਦ ਵਿਚ ਪਹੁੰਚੇਗੀ। ਸਿੱਖ ਕਾਸਲ ਯੂ.ਕੇ. ਵਲੋਂ ਭਾਈ ਜਗਤਾਰ ਸਿੰਘ ਨੇ ਕਿਹਾ ਕਿ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਸਿੱਖ ਭਾਈਚਾਰੇ ਦੀ ਸਿਆਸਤ ਵਿਚ ਵੱਖਰੀ ਸ਼ੁਰੂਆਤ ਹੋ ਰਹੀ ਹੈ। ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ ਨੇ ਵੀ ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ ਦੀ ਜਿੱਤ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਤਨਮਨਜੀਤ ਸਿੰਘ ਢੇਸੀ ਪਹਿਲੇ ਦਸਤਾਰਧਾਰੀ ਤੇ ਪ੍ਰੀਤ ਕੌਰ ਗਿੱਲ ਪਹਿਲੀ ਪੰਜਾਬੀ ਔਰਤ ਐਮ.ਪੀ. ਬਣੀ :
ਬਰਤਾਨੀਆ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕੋਈ ਦਸਤਾਰਧਾਰੀ ਗੁਰਸਿੱਖ ਸੰਸਦ ਦਾ ਚੁਣਿਆ ਹੋਇਆ ਮੈਂਬਰ ਬਣਿਆ ਹੋਇਆ ਹੋਵੇ। ਸਿੱਖਾਂ ਦੀ ਇਸ ਖਾਹਸ਼ ਨੂੰ ਲੇਬਰ ਪਾਰਟੀ ਨੇ ਪੂਰਾ ਕੀਤਾ ਹੈ। ਤਨਮਨਜੀਤ ਸਿੰਘ ਢੇਸੀ ਨੇ ਸਲੋਹ ਹਲਕੇ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਬਰਤਾਨੀਆ ਦਾ ਪਹਿਲਾ ਦਸਤਾਰਧਾਰੀ ਸਿੱਖ ਹੋਣ ਦਾ ਮਾਣ ਹਾਸਲ ਕੀਤਾ ਹੈ। ਉਸ ਨੇ ਆਪਣੀ ਨਿਕਟ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਮਾਰਕ ਵਿਵਿਸ ਨੂੰ 16998 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਤਨਮਨਜੀਤ ਸਿੰਘ ਢੇਸੀ ਨੂੰ 34170 ਵੋਟਾਂ ਮਿਲੀਆਂ ਜਦ ਕਿ ਇਸ ਤੋਂ ਪਹਿਲਾਂ ਇਸ ਹਲਕੇ ਦੀ ਲੇਬਰ ਉਮੀਦਵਾਰ 7336 ਨਾਲ ਜਿੱਤੀ ਸੀ। ਬਰਮਿੰਘਮ ਦੇ ਹਲਕੇ ਐਜਬਾਸਟਨ ਤੋਂ ਲੇਬਰ ਉਮੀਦਵਾਰ ਸਿੱਖ ਨੈੱਟਵਰਕ ਤੇ ਸਿੱਖ ਫੈੱਡਰੇਸ਼ਨ ਯੂ.ਕੇ. ਸਮੇਤ ਵੱਖ-ਵੱਖ ਸਿੱਖ ਸੰਸਥਾਵਾਂ ਨਾਲ ਸਰਗਰਮੀ ਨਾਲ ਵਿਚਰਨ ਵਾਲੀ ਪ੍ਰੀਤ ਕੌਰ ਗਿੱਲ ਨੂੰ ਬਰਤਾਨੀਆ ਦੀ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਪ੍ਰੀਤ ਕੌਰ ਨੇ ਆਪਣੇ ਨਿਕਟ ਵਿਰੋਧੀ ਕੰਜ਼ਰਵੇਟਿਵ ਉਮੀਦਵਾਰ ਕੈਰੋਲੀਨ ਸੁਕੇਅਰ ਨੂੰ 6917 ਵੋਟਾਂ ਦੇ ਫਰਕ ਨਾਲ ਹਰਾਇਆ। ਪ੍ਰੀਤ ਕੌਰ ਨੂੰ 24124 ਵੋਟਾਂ ਪ੍ਰਾਪਤ ਹੋਈਆਂ।