ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ਵਿਚ ਸੱਤ ਪੰਜਾਬੀ ਜੇਤੂ

ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ਵਿਚ ਸੱਤ ਪੰਜਾਬੀ ਜੇਤੂ

87 ਮੈਂਬਰੀ ਤਿੰਨ ਧਿਰੀ ਮੁਕਾਬਲੇ ‘ਚ ਕਿਸੇ ਨੂੰ ਬਹੁਮਤ ਨਹੀਂ ਮਿਲਿਆ
ਗਰੀਨ ਪਾਰਟੀ ਕਰੇਗੀ ਕਿੰਗਮੇਕਰ ਦਾ ਕੰਮ
ਵੈਨਕੂਵਰ/ਬਿਊਰੋ ਨਿਊਜ਼ :
ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਲਈ ਬੀਤੇ ਦਿਨ ਹੋਈਆਂ ਚੋਣਾਂ ਵਿੱਚ ਪੰਜਾਬੀਆਂ ਨੇ ਮੁੜ ਝੰਡੇ ਗੱਡੇ ਹਨ। ਇਨ੍ਹਾਂ ਚੋਣਾਂ ਵਿੱਚ ਕੁੱਲ 18 ਪੰਜਾਬੀ ਉਮੀਦਵਾਰ ਖੜ੍ਹੇ ਸਨ, ਜਿਨ੍ਹਾਂ ਵਿਚੋਂ ਸੱਤ ਨੂੰ ਫ਼ਤਹਿ ਨਸੀਬ ਹੋਈ। 87 ਮੈਂਬਰੀ ਵਿਧਾਨ ਸਭਾ ਵਿੱਚ ਤਿੰਨ ਧਿਰੀ ਮੁਕਾਬਲੇ ਵਿੱਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ, ਪਰ ਸੱਤਾ ਦਾ ਤਵਾਜ਼ਨ ਤਿੰਨ ਸੀਟਾਂ ਜਿੱਤਣ ਵਾਲੀ ਗਰੀਨ ਪਾਰਟੀ ਦੇ ਹੱਥ ਆ ਗਿਆ ਹੈ ਤੇ ਉਹ ਕਿੰਗਮੇਕਰ ਦੀ ਭੂਮਿਕਾ ਨਿਭਾਏਗੀ। ਉਂਜ ਤਿੰਨਾਂ ਪਾਰਟੀਆਂ ਦੇ ਪ੍ਰਧਾਨਾਂ ਲਈ ਮੁੜ ਤੋਂ  ਵਿਧਾਨ ਸਭਾ ਦੇ ਦਰਵਾਜ਼ੇ ਖੁੱਲ੍ਹ ਗਏ ਹਨ। ਦੋਵਾਂ ਮੁੱਖ ਪਾਰਟੀਆਂ ਵੱਲੋ ਪੰਜਾਬੀ ਨੂੰ  ਪੰਜਾਬੀ ਨਾਲ ਭਿੜਾਉੁਣ ਦਾ ਫਾਰਮੂਲਾ ਰਾਸ ਆਇਆ ਹੈ। ਵੱਡੀ ਗਿਣਤੀ ਪੰਜਾਬੀਆਂ ਨੇ ਸਰੀ ਤੋਂ ਨਿਊ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰਾਂ ਵਜੋਂ ਜਿੱਤ ਦਰਜ ਕੀਤੀ ਹੈ। ਬਹੁਮਤ ਤੋਂ ਇਕ ਕਦਮ ਦੂਰ ਰਹੀ ਲਿਬਰਲ ਪਾਰਟੀ ਦੇ ਉਮੀਦਵਾਰ ਕ੍ਰਿਸਟੀ ਕਲਾਰਕ ਦੇ ਮੁੜ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਬਣਨ ਦੇ ਆਸਾਰ ਹਨ। 1953 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਵਿੱਚ ਕਿਸੇ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ। ਸੱਤਾਧਾਰੀ ਲਿਬਰਲ ਪਾਰਟੀ 43 ਸੀਟਾਂ ਜਿੱਤ ਕੇ ਬਹੁਮੱਤ ਤੋਂ ਹੇਠਾਂ ਰਹਿ ਗਈ। ਮੁੱਖ ਵਿਰੋਧੀ ਐਨਡੀਪੀ ਨੂੰ 41 ਜਦਕਿ ਗਰੀਨ ਪਾਰਟੀ ਨੂੰ 3 ਸੀਟਾਂ ‘ਤੇ ਜਿੱਤ ਹਾਸਲ ਹੋਈ। ਲਿਬਰਲ ਪਾਰਟੀ ਨੂੰ 41 ਫ਼ੀਸਦ, ਐਨਡੀਪੀ ਨੂੰ 40 ਫ਼ੀਸਦ, ਗਰੀਨ ਪਾਰਟੀ ਨੂੰ 15 ਫੀਸਦ ਜਦਕਿ ਚਾਰ ਫੀਸਦ ਵੋਟਾਂ ਆਜ਼ਾਦ ਉਮੀਦਵਾਰਾਂ ਨੂੰ ਪਈਆਂ।
ਪੰਜਾਬੀਆਂ ਦੇ ਹਲਕਾਵਾਰ ਨਤੀਜਿਆਂ ਵਿੱਚ ਸਰੀ ਪੈਨੋਰਮਾ ਵਿਚੋਂ ਜਿੰਨੀ ਸਿਮਜ਼ (ਜੁਗਿੰਦਰ ਕੌਰ ਹੋਠੀ) ਨੇ ਵਕੀਲ ਪੁਨੀਤ ਨੂੰ ਹਰਾਇਆ। ਨਿਊਟਨ ਤੋਂ ਹੈਰੀ ਬੈਂਸ, ਲਿਬਰਲ ਦੇ ਗੁਰਵਿੰਦਰ ਸਿੰਘ ਪਰਹਾਰ ਨੂੰ ਹਰਾ ਕੇ ਚੌਥੀ ਵਾਰ ਜਿੱਤ ਦਰਜ ਕੀਤੀ। ਗਰੀਨ ਟਿੰਬਰ ਸਰੀ ਤੋਂ ਰਚਨਾ ਸਿੰਘ ਨੇ ਗੋਰੀ ਬਰੈਡਾ ਲੌਕ ਨੂੰ ਹਰਾਇਆ। ਜਗਰੂਪ ਬਰਾੜ ਨੇ ਸਰੀ ਤੋਂ ਸੱਤਾਧਾਰੀ ਪਾਰਟੀ ਦੇ ਵੱਡੇ ਆਗੂ ਪੀਟਰ ਫਾਸਬੈਂਡਰ ਨੂੰ ਵੱਡੇ ਫਰਕ ਨਾਲ ਮਾਤ ਦਿੱਤੀ। ਗੋਰੇ ਗੈਰੀ ਬੈਗ ਨੇ ਮੰਤਰੀ ਅਮਰੀਕ ਵਿਰਕ ਨੂੰ ਹਰਾਇਆ। ਫੀਲਡ ਹਾਕੀ ਓਲੰਪੀਅਨ ਰਵੀ ਕਾਹਲੋਂ ਨੇ ਨਾਰਥ ਡੈਲਟਾ ਤੋ ਜਿੱਤ ਕੇ ਇਹ ਸੀਟ ਲੰਮੇ ਸਮੇਂ ਬਾਅਦ ਐਨਡੀਪੀ ਦੀ ਝੋਲੀ ਪਾਈ। ਰਾਜ ਚੌਹਾਨ ਨੇ ਬਰਨਬੀ ਹਲਕੇ ਵਿਚੋਂ ਆਪਣੀ ਹਰਮਨ ਪਿਆਰਤਾ ਬਰਕਰਾਰ ਰੱਖੀ। ਰਿਚਮੰਡ ਕੁਈਨਜ਼ਬਰੋ ਤੋਂ ਜੈਸ ਜੌਹਲ ਨੇ ਅਮਨ ਸਿੰਘ ਨੂੰ ਹਰਾਇਆ। ਗਰੀਨ ਪਾਰਟੀ ਨੇ ਐਤਕੀਂ ਵੋਟ ਪ੍ਰਤੀਸ਼ਤ ਤੇ ਸੀਟਾਂ ਦੀ ਗਿਣਤੀ ਵਿੱਚ ਪਿਛਲੀ ਵਾਰ ਤੋਂ ਤਿੰਨ ਗੁਣਾ ਵਾਧਾ ਕੀਤਾ। ਮੌਜੂਦਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਕਲੋਨਾ ਤੋਂ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਗਰੀਨ ਪਾਰਟੀ ਪ੍ਰਧਾਨ ਐਂਡਰਿਊ ਵੀਵਰ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ।
ਪੰਜਾਬੀ ਵਸੋਂ ਵਾਲੇ ਸ਼ਹਿਰ ਸਰੀ ਦੀਆਂ ਨੌਂ ਸੀਟਾਂ ਵਿਚੋਂ ਸੱਤਾਧਾਰੀ ਸਿਰਫ ਤਿੰਨ ਸੀਟਾਂ ਹੀ ਜਿੱਤ ਸਕੀ। ਛੇ ਸੀਟਾਂ ਐਨਡੀਪੀ ਜਿੱਤੀ। ਇਥੋਂ ਦੇ ਕਾਨੂੰਨ ਅਨੁਸਾਰ ਹਲਕੇ ਤੋਂ ਗ਼ੈਰਹਾਜ਼ਰ ਵੋਟਰਾਂ ਦੀਆਂ ਡਾਕ ਰਾਹੀਂ ਆਉਣ ਵਾਲੀਆਂ ਵੋਟਾਂ ਦੀ ਗਿਣਤੀ 24 ਮਈ ਨੂੰ ਹੋਵੇਗੀ, ਜੋ 9 ਵੋਟਾਂ ਨਾਲ ਐਨਡੀਪੀ ਦੇ ਖਾਤੇ ਪੈਣ ਵਾਲੀ ਸੀਟ ਦਾ ਦ੍ਰਿਸ਼ ਬਦਲ ਕੇ ਸੱਤਾਧਾਰੀ ਪਾਰਟੀ ਨੂੰ ਬਹੁਮਤ ਵਿੱਚ ਲਿਆ ਸਕਦਾ ਹੈ।
ਸਰੀ ਗਰੀਨ ਟਿੰਬਰ ਤੋਂ ਜੇਤੂ ਰਹੀ ਐਨਡੀਪੀ ਦੀ ਉਮੀਦਵਾਰ ਰਚਨਾ ਸਿੰਘ ਯੋਜਨਾਬੰਦ ਢੰਗ ਨਾਲ ਚਲਾਈ ਚੋਣ ਮੁਹਿੰਮ ਕਾਰਨ ਸਫ਼ਲ ਰਹੀ। ਪੰਜਾਬ ਵਿੱਚ ਛਪਦੇ ਮੈਗਜ਼ੀਨ ‘ਸਿਰਜਣਾ’ ਦੇ ਬਾਨੀ ਰਘਬੀਰ ਸਿੰਘ ਦੀ ਧੀ ਤੇ ਪੱਤਰਕਾਰ ਗੁਰਪਰੀਤ ਸਿੰਘ ਦੀ ਪਤਨੀ, ਰਚਨਾ ਸੋਲਾਂ ਕੁ ਸਾਲ ਪਹਿਲਾਂ ਕੈਨੇਡਾ ਆਈ ਤੇ ਹੁਣ ਉਸ ਨੇ ਵਿਧਾਨ ਸਭਾ ਵੱਲ ਵਹੀਰਾਂ ਘੱਤ ਲਈਆਂ ਹਨ। ਸਰੀ ਪੈਨੋਰਮਾ ਤੋਂ ਐਨਡੀਪੀ ਵਜੋ ਆਪਣੇ ਵਿਰੋਧੀ ਤੇ ਵਕੀਲ ਪੁਨੀਤ ਸੰਧਰ ਨੂੰ ਹਰਾਉਣ ਵਾਲੀ ਜੁਗਿੰਦਰ ਕੌਰ ਹੋਠੀ, ਇਕ ਗੋਰੇ ਨੂੰ ਜੀਵਨ ਸਾਥੀ ਬਣਾ ਕੇ ਜਿੰਨੀ ਸਿਮਜ਼ ਬਣ ਗਈ। ਉਹ 2011 ਤੋਂ 2015 ਤਕ ਪਾਰਲੀਮੈਂਟ ਮੈਂਬਰ ਵੀ ਰਹੀ, ਪਰ ਅਕਤੂਬਰ 2015 ਵਿੱਚ ਸੁਖ ਧਾਲੀਵਾਲ ਤੋਂ ਹਾਰ ਗਈ ਸੀ। ਰਵੀ ਕਾਹਲੋਂ ਫੀਲਡ ਹਾਕੀ ਵਿੱਚ ਓਲੰਪੀਅਨ ਹੈ ਤੇ ਡੈਲਟਾ ਖੇਤਰ ਵਿੱਚ ਉਸ ਦੇ ਚੰਗੇ ਰਸੂਖ ਕਾਰਨ ਹੀ ਪਾਰਟੀ ਨੇ ਉਸ ਨੂੰ ਲਿਬਰਲ ਦੇ ਸਕਾਟ ਹਮਿਲਟਨ ਮੁਕਾਬਲੇ ਖੜ੍ਹਾਇਆ ਸੀ। ਚੌਥੀ ਵਾਰ ਜਿੱਤੇ ਹੈਰੀ ਬੈਂਸ ਦਾ ਮੁਕਾਬਲਾ ਚਾਰਟਰਡ ਅਕਾਊਂਟੈਂਟ ਗੁਰਵਿੰਦਰ ਸਿੰਘ ਪਰਹਾਰ ਨਾਲ ਸੀ। ਮੁਕਾਬਲਾ ਸਖ਼ਤ ਸਮਝਿਆ ਜਾਂਦਾ ਸੀ, ਪਰ ਉਹ ਵੱਡੇ ਫਰਕ ਨਾਲ ਜੇਤੂ ਰਿਹਾ। ਆਜ਼ਾਦ ਉਮੀਦਵਾਰ ਬਲਪਰੀਤ ਤਿੰਨ ਕੁ ਸੌ ਵੋਟਾਂ ‘ਤੇ ਹੀ ਸਿਮਟ ਕੇ ਰਹਿ ਗਿਆ। ਜਗਰੂਪ ਬਰਾੜ, ਜੋ ਪਿਛਲੀ ਵਾਰ ਕ੍ਰਿਸਟੀ ਕਲਾਰਕ ਦੇ ਭਰੋਸੇਯੋਗ ਤੇ ਕਦਾਵਰ ਸਿਆਸੀ ਆਗੂ ਪੀਟਰ ਫਾਸਬੈਂਡਰ ਤੋਂ ਕੁਝ ਸੌ ਵੋਟਾਂ ਦੇ ਫ਼ਰਕ ਨਾਲ ਹਾਰ ਗਿਆ ਸੀ, ਨੇ ਐਤਕੀਂ ਗੋਰੇ ਨਾਲ ਸਿੰਗ ਫਸਾ ਕੇ ਉਸ ਨੂੰ ਵੱਡੇ ਫਰਕ ਨਾਲ ਚਿੱਤ ਕੀਤਾ। ਰਿਚਮੰਡ ਦੀਆਂ ਚਾਰੇ ਸੀਟਾਂ ਹਾਲਾਂਕਿ ਲਿਬਰਲਾਂ ਦੀ ਝੋਲੀ ਪਈਆਂ ਹਨ, ਪਰ ਕੁਈਨਜ਼ਬਰੋ ਹਲਕੇ ਵਿੱਚ ਰੇਡੀਓ ਬਰੌਡਕਾਸਟਰ ਤੇ ਟੀਵੀ ਹੋਸਟ ਜੈਸ ਜੌਹਲ ਨੇ ਹਾਂਗਕਾਂਗ ਦੇ ਜੰਮਪਲ ਨੌਜਵਾਨ ਅਮਨ ਸਿੰਘ ਨਾਲ ਫਸਵੇਂ ਮੁਕਾਬਲੇ ਵਿੱਚ ਤਿੰਨ ਕੁ ਸੌ ਵੋਟਾਂ ਦੇ ਫਰਕ ਨਾਲ ਸੀਟ ਕੱਢੀ। ਮੌਜੂਦਾ ਸਰਕਾਰ ਵਿੱਚ ਮੰਤਰੀ ਅਮਰੀਕ ਵਿਰਕ ਦਾ ਵਿਵਾਦਾਂ ਵਿੱਚ ਘਿਰੇ ਰਹਿਣਾ ਉਸ ਦੀ ਹਾਰ ਦਾ ਕਾਰਨ ਬਣਿਆ। ਉਸ ਨੂੰ ਸਾਬਕਾ ਪੁਲੀਸ ਅਧਿਕਾਰੀ ਗੈਰੀ ਬੈਗ ਤੋਂ ਹਾਰ ਮਿਲੀ। ਕੁਝ ਹੋਰਨਾਂ ਹਲਕਿਆਂ ਵਿੱਚ ਵੀ ਪੰਜਾਬੀ ਉਮੀਦਵਾਰ ਸਨ, ਜੋ ਟੱਕਰ ਦੇਣ ਵਿੱਚ ਨਾਕਾਮ ਰਹੇ। ਇਨ੍ਹਾਂ ਵਿੱਚ ਵਿੱਤ ਮੰਤਰੀ ਮਾਈਕ ਡੀ ਜੌਗ ਤੋਂ ਹਾਰਨ ਵਾਲੇ ਪਰੀਤ ਰਾਏ ਵੀ ਹਨ।