ਆਪਣੇ ਫ਼ੌਜੀ ਕਾਰਨਾਮਿਆਂ ਬਾਰੇ ਵਧਾ-ਚੜ੍ਹਾ ਕੇ ਦੱਸਣ ਕਾਰਨ ਕਸੂਤੇ ਫਸੇ ਸੱਜਣ

ਆਪਣੇ ਫ਼ੌਜੀ ਕਾਰਨਾਮਿਆਂ ਬਾਰੇ ਵਧਾ-ਚੜ੍ਹਾ ਕੇ ਦੱਸਣ ਕਾਰਨ ਕਸੂਤੇ ਫਸੇ ਸੱਜਣ

ਸੱਜਣ ਨੇ ਸੰਸਦ ਦੇ ਅੰਦਰ-ਬਾਹਰ ਮੰਗੀ ਮੁਆਫ਼ੀ
ਜਸਟਿਨ ਟਰੂਡੋ ਸੱਜਣ ਦੇ ਬਚਾਅ ‘ਤੇ ਆਏ
ਓਟਵਾ/ਬਿਊਰੋ ਨਿਊਜ਼ :
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਪਿਛਲੇ ਮਹੀਨੇ ਆਪਣੀ ਭਾਰਤ ਫੇਰੀ ਦੌਰਾਨ ਆਪਣੇ ਫ਼ੌਜੀ ਕਾਰਨਾਮਿਆਂ ਬਾਰੇ ਵਧਾ-ਚੜ੍ਹਾ ਕੇ ਦੱਸਣ ਕਾਰਨ ਕਸੂਤੇ ਫਸ ਗਏ ਹਨ। ਇਸ ਕਾਰਨ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੀ ਆਗੂ ਰੌਨਾ ਐਂਬਰੌਸ ਨੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ, ਜਦੋਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਨ੍ਹਾਂ ਦਾ ਬਚਾਅ ਕੀਤਾ ਹੈ।
ਸ੍ਰੀ ਸੱਜਣ ਨੇ ਭਾਰਤ ਫੇਰੀ ਦੌਰਾਨ ਦਾਅਵਾ ਕੀਤਾ ਸੀ ਕਿ ਉਹ 2006 ਵਿੱਚ ਕੈਨੇਡੀਅਨ ਫ਼ੌਜ ਵੱਲੋਂ ਅਫ਼ਗਾਨਿਸਤਾਨ ਵਿੱਚ ਕੀਤੇ ‘ਅਪਰੇਸ਼ਨ ਮਡੂਸਾ’ ਦੇ ‘ਕਰਤਾ-ਧਰਤਾ’ ਸਨ। ਇਸ ਅਪਰੇਸ਼ਨ ਰਾਹੀਂ ਤਾਲਿਬਾਨ ਨੂੰ ਬੁਰੀ ਤਰ੍ਹਾਂ ਹਰਾ ਕੇ ਕੰਧਾਰ ਤੋਂ ਭਜਾ ਦਿੱਤਾ ਗਿਆ ਸੀ।
ਬੀਬੀ ਐਂਬਰੌਸ ਨੇ ਸ੍ਰੀ ਸੱਜਣ ਉਤੇ ਕੈਨੇਡੀਅਨ ਫ਼ੌਜੀਆਂ ਦੀ ‘ਬਹਾਦਰੀ ਚੁਰਾਉਣ’ ਦੇ ਦੋਸ਼ ਲਾਉਂਦਿਆਂ ਆਖਿਆ, ”ਪਤਾ ਲੱਗਾ ਹੈ ਕਿ ਰੱਖਿਆ ਮੰਤਰੀ ਨੇ ਇਕ ਵਾਰੀ ਫੇਰ ਕੈਨੇਡੀਅਨਾਂ ਨੂੰ ਗੁੰਮਰਾਹ ਕੀਤਾ ਹੈ। ਜਦੋਂ ਉਹ ਲਗਾਤਾਰ ਤੱਥਾਂ ਨੂੰ ਵਿਗਾੜ ਕੇ ਪੇਸ਼ ਕਰ ਰਹੇ ਹਨ, ਤਾਂ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਕਿਵੇਂ ਰੱਖਿਆ ਮੰਤਰੀ ਰੱਖ ਸਕਦੇ ਹਨ।” ਤੀਜੇ ਨੰਬਰ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਆਗੂ ਟੌਮ ਮਲਕੇਅਰ ਨੇ ਵੀ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।
ਸ੍ਰੀ ਸੱਜਣ ਨੇ ਇਸ ਲਈ ਸੰਸਦ ਦੇ ਅੰਦਰ ਤੇ ਬਾਹਰ ਵਾਰ-ਵਾਰ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੇਸ਼ ਦੇ ਫ਼ੌਜੀਆਂ ਦੇ ਕਾਰਨਾਮਿਆਂ ਨੂੰ ‘ਘਟਾ ਕੇ ਪੇਸ਼’ ਕਰਨ ਦਾ ਕੋਈ ਇਰਾਦਾ ਨਹੀਂ ਸੀ। ਇਸ ਉਤੇ ਉਨ੍ਹਾਂ ਦਾ ਬਚਾਅ ਕਰਦਿਆਂ ਸ੍ਰੀ ਟਰੂਡੋ ਨੇ ਕਿਹਾ, ”ਮੰਤਰੀ ਨੇ ਗ਼ਲਤੀ ਕੀਤੀ ਹੈ ਪਰ ਇਸ ਨੂੰ ਕਬੂਲਦਿਆਂ ਮੁਆਫ਼ੀ ਮੰਗ ਲਈ ਹੈ। ਇਹੋ ਕੈਨੇਡੀਅਨ ਉਮੀਦ ਕਰਦੇ ਹਨ। ਮੈਨੂੰ ਉਨ੍ਹਾਂ ‘ਤੇ ਪੂਰਾ ਭਰੋਸਾ ਹੈ।”