‘ਪ੍ਰੋਪਬਲਿਕਾ’ ਦਾ ਦਾਅਵਾ : ਭਰਾੜਾ ਕਰ ਰਹੇ ਸਨ ਟਰੰਪ ਦੇ ਮੰਤਰੀ ਖ਼ਿਲਾਫ਼ ਜਾਂਚ

‘ਪ੍ਰੋਪਬਲਿਕਾ’ ਦਾ ਦਾਅਵਾ : ਭਰਾੜਾ ਕਰ ਰਹੇ ਸਨ ਟਰੰਪ ਦੇ ਮੰਤਰੀ ਖ਼ਿਲਾਫ਼ ਜਾਂਚ

ਵਾਸ਼ਿੰਗਟਨ/ਬਿਊਰੋ ਨਿਊਜ਼ :
ਭਾਰਤੀ-ਅਮਰੈਕਿਨ ਅਟਾਰਨੀ ਪ੍ਰੀਤ ਭਰਾੜਾ, ਜਿਨ੍ਹਾਂ ਨੂੰ ਹਾਲ ਹੀ ਵਿੱਚ ਟਰੰਪ ਪ੍ਰਸ਼ਾਸਨ ਵੱਲੋਂ ਬਰਤਰਫ਼ ਕੀਤਾ ਗਿਆ ਹੈ, ਸਿਹਤ ਤੇ ਮਨੁੱਖੀ ਸੇਵਾਵਾਂ ਮੰਤਰੀ ਟੌਮ ਪ੍ਰਾਈਸ ਵੱਲੋਂ ਸਿਹਤ ਸਬੰਧੀ ਸਟਾਕ ਦੀ ਕੀਤੀ ਖਰੀਦੋ-ਫਰੋਖਤ ਵਿਚ ਲੱਗੇ ਦੋਸ਼ਾਂ ਦੀ ਪੜਤਾਲ ਕਰ ਰਿਹਾ ਸੀ। ਇਹ ਖੁਲਾਸਾ ਨਿਊਯਾਰਕ ਆਧਾਰਤ ਖੋਜੀ ਮੀਡੀਆ ‘ਪ੍ਰੋਪਬਲਿਕਾ’ ਨੇ ਕੀਤਾ ਹੈ, ਜਿਸ ਨੂੰ ਜ਼ਿਆਦਾਤਰ ਸਿਹਤ ਸਬੰਧੀ ਮੁੱਦਿਆਂ ਬਾਰੇ ਖੋਜੀ ਰਿਪੋਰਟਿੰਗ ਲਈ ਜਾਣਿਆ ਜਾਂਦਾ ਹੈ।
‘ਪ੍ਰੋਪਬਲਿਕਾ’ ਦੀ ਹਾਲੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਸ੍ਰੀ ਭਰਾੜਾ ਨੂੰ ਬਰਖ਼ਾਸਤ ਕੀਤਾ ਗਿਆ ਉਦੋਂ ਉਹ ਟੌਮ ਪ੍ਰਾਈਸ ਵੱਲੋਂ ਸਿਹਤ ਸਬੰਧੀ ਖਰੀਦੇ ਸਾਜੋ ਸਾਮਾਨ ਦੇ ਮਾਮਲੇ ਵਿੱਚ ਪੜਤਾਲ ਦੀ ਨਿਗਰਾਨੀ ਕਰ ਰਹੇ ਸਨ। ਇਹ ਰਿਪੋਰਟ ਸੂਤਰਾਂ ਉਤੇ ਆਧਾਰਤ ਹੈ ਅਤੇ ਵ੍ਹਾਈਟ ਹਾਊਸ ਨੇ ਇਨ੍ਹਾਂ ਦੋਸ਼ਾਂ ਉਤੇ ਟਿੱਪਣੀ ਨਹੀਂ ਕੀਤੀ ਹੈ। ਨਿਆਂ ਵਿਭਾਗ ਵੱਲੋਂ ਕਹੇ ਜਾਣ ਦੇ ਬਾਅਦ ਵੀ ਅਸਤੀਫ਼ਾ ਨਾ ਦੇਣ ਕਾਰਨ ਸ੍ਰੀ ਭਰਾੜਾ ਤੇ 45 ਹੋਰ ਯੂਐਸ ਅਟਾਰਨੀਜ਼ ਨੂੰ ਇਸ ਮਹੀਨੇ ਬਰਖ਼ਾਸਤ ਕੀਤਾ ਗਿਆ ਸੀ। ਇਹ ਸਾਰੇ ਅਟਾਰਨੀ ਓਬਾਮਾ ਪ੍ਰਸ਼ਾਸਨ ਵੱਲੋਂ ਨਿਯੁਕਤ ਕੀਤੇ ਗਏ ਸਨ।
ਹਾਲਾਂਕਿ ‘ਪ੍ਰੋਪਬਲਿਕਾ’ ਨੇ ਆਪਣੀ ਖੋਜੀ ਰਿਪੋਰਟ ਵਿੱਚ ਇਹ ਸਿੱਟਾ ਨਹੀਂ ਕੱਢਿਆ ਕਿ ਭਰਾੜਾ ਨੂੰ ਇਸ ਜਾਂਚ ਕਾਰਨ ਬਰਖ਼ਾਸਤ ਕੀਤਾ ਗਿਆ ਹੈ। ‘ਪ੍ਰੋਪਬਲਿਕਾ’ ਨੇ ਸੂਤਰ ਦਾ ਨਾਂ ਦੱਸੇ ਬਿਨਾਂ ਉਸ ਦੇ ਹਵਾਲੇ ਨਾਲ ਦੱਸਿਆ, ‘ਭਰਾੜਾ ਨੂੰ ਬਰਖ਼ਾਸਤ ਕੀਤੇ ਜਾਣ ਸਮੇਂ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਯੂਐਸ ਅਟਾਰਨੀ ਦਫ਼ਤਰ ਵੱਲੋਂ ਪ੍ਰਾਈਸ ਵੱਲੋਂ ਸਿਹਤ ਸਬੰਧੀ ਸਟਾਕ ਦੀ ਕੀਤੀ ਖਰੀਦੋ ਫਰੋਖਤ ਦੀ ਜਾਂਚ, ਜਿਸ ਬਾਰੇ ਪਹਿਲਾਂ ਖ਼ੁਲਾਸਾ ਨਹੀਂ ਕੀਤਾ ਗਿਆ, ਕੀਤੀ ਜਾ ਰਹੀ ਸੀ।’